ਇਤਿਹਾਸਕ ਬੁੰਗਾ ਰਾਮਗੜ੍ਹੀਆ  ਦੀ ਸੇਵਾ ਆਰੰਭ

ਇਤਿਹਾਸਕ ਬੁੰਗਾ ਰਾਮਗੜ੍ਹੀਆ  ਦੀ ਸੇਵਾ ਆਰੰਭ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅੰਮਿ੍ਤਸਰ- ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਰਾਮਗੜ੍ਹੀਆ ਮਿਸਲ ਦੇ ਮੁਖੀ ਤੇ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਵਲੋਂ ਅਠਾਰ੍ਹਵੀਂ ਸਦੀ 'ਚ ਗੁਰੂ ਘਰ ਦੀ ਸੁਰੱਖਿਆ ਦੀ ਦਿ੍ਸ਼ਟੀ ਤੋਂ ਤਾਮੀਰ ਕਰਵਾਏ ਗਏ ਇਤਿਹਾਸਕ ਰਾਮਗੜ੍ਹੀਆ ਬੁੰਗੇ ਦੇ ਨਵੀਨੀਕਰਨ ਦੀ ਸੇਵਾ ਅਰੰਭ ਕਰਨ ਤੇ ਬੁੰਗੇ ਤੱਕ ਜਾਣ ਲਈ ਪਰਿਕਰਮਾ 'ਚੋਂ ਰਸਤਾ ਦਿੱਤੇ ਜਾਣ ਦੇ ਕਾਰਜ ਦਾ ਸਿੰਘ ਸਾਹਿਬ ਤੇ ਹੋਰ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਸਮੇਤ ਟੱਕ ਲਗਾ ਕੇ ਉਦਘਾਟਨ ਕੀਤਾ । ਇਸ ਮੌਕੇ  ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਜਗਤਾਰ ਸਿੰਘ, ਤਖ਼ਤ  ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਦਿੱਲੀ ਦੇ ਸਿੱਖ ਆਗੂ ਅਵਤਾਰ ਸਿੰਘ ਹਿੱਤ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ  ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਸੰਗਤਾਂ ਦੀ ਮੰਗ ਅਨੁਸਾਰ ਇਸ ਇਤਿਹਾਸਕ ਬੁੰਗੇ ਦਾ ਕਰੀਬ ਦਸ ਕਰੋੜ ਰੁਪਏ ਨਾਲ ਨਵੀਨੀਕਰਨ ਕਰਵਾਇਆ ਜਾ ਰਿਹਾ ਹੈ, ਜਿਸ ਦੀ ਨਿਗਰਾਨੀ ਲਈ ਮਾਹਿਰਾਂ ਦੀ ਪੰਜ ਮੈਂਬਰੀ ਕਮੇਟੀ ਬਣਾਈ ਜਾਵੇਗੀ । ਉਨ੍ਹਾਂ ਕਿਹਾ ਕਿ ਇਸ ਦੇ ਨਵੀਨੀਕਰਨ ਸਮੇਂ ਇਸ ਦੇ ਇਤਿਹਾਸ ਤੇ ਪੁਰਾਤਨਤਾ ਨੂੰ ਕਾਇਮ ਰੱਖਿਆ ਜਾਵੇਗਾ ਤੇ ਸਾਕਾ ਨੀਲਾ ਤਾਰਾ ਦੌਰਾਨ ਬੁੰਗੇ 'ਤੇ ਲੱਗੇ ਗੋਲੀਆਂ ਤੇ ਗੋਲਿਆਂ ਦੇ ਨਿਸ਼ਾਨ ਜਿਉਂ ਦੀ ਤਿਉਂ ਸੰਭਾਲੇ ਜਾਣਗੇ । ਉਨ੍ਹਾਂ ਕਿਹਾ ਕਿ ਇਸ ਬੁੰਗੇ 'ਚ ਬਾਰਾਂ ਸਿੱਖ ਮਿਸਲਾਂ ਤੇ ਸਿੱਖ ਜਰਨੈਲਾਂ ਦੇ ਇਤਿਹਾਸ ਨੂੰ ਮਲਟੀਮੀਡੀਆ ਰਾਹੀਂ ਦਰਸਾਇਆ ਜਾਵੇਗਾ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਆਪਣੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂੰ ਹੋ ਸਕਣ ।

ਇਸ ਮੌਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਰਾਮਗੜ੍ਹੀਆ ਬੁੰਗਾ ਕੌਮ ਦੀ ਅਮੁੱਲੀ ਵਿਰਾਸਤ ਹੈ ਤੇ ਇਸ ਦਾ ਵਿਲੱਖਣ ਇਤਿਹਾਸ ਹੈ । ਦੀਵਾਲੀ ਤੇ ਵਿਸਾਖੀ ਮੌਕੇ ਜਦੋਂ ਸਿੱਖ ਜਰਨੈਲ  ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਸਨ ਤਾਂ ਇਥੇ ਹੀ ਅਰਾਮ ਕਰਦੇ ਸਨ । ਉਨ੍ਹਾਂ ਕਿਹਾ ਕਿ ਸੰਨ੍ਹ 1984 'ਚ ਇਸ ਬੁੰਗੇ ਦੀ ਇਮਾਰਤ ਨੂੰ ਭਾਰੀ ਨੁਕਸਾਨ ਪੁੱਜਾ ਤੇ ਇਥੇ ਕਈ ਸਿੰਘ ਸ਼ਹੀਦ ਵੀ ਹੋਏ।