ਕਿਸਾਨਾਂ ਵਲੋਂ ਸੁਖਬੀਰ ਬਾਦਲ ਦਾ ਭਾਰੀ ਵਿਰੋਧ

ਕਿਸਾਨਾਂ ਵਲੋਂ ਸੁਖਬੀਰ ਬਾਦਲ ਦਾ ਭਾਰੀ ਵਿਰੋਧ

 *ਵਰਕਰਾਂ ਦੀਆਂ ਝੰਡੀਆਂ ਤਕ ਉਤਾਰ ਦਿੱਤੀਆਂ ਗਈਆਂ, ਮਾਹੌਲ ਤਣਾਅਪੂਰਨ

* ਕਿਸਾਨਾਂ ਅਤੇ ਅਕਾਲੀ ਦਲ ਦੇ ਵਰਕਰਾਂ ਵਿਚਾਲੇ ਝੜਪ

*ਚਾਰ ਗੱਡੀਆਂ ਨੁਕਸਾਨੀਆਂ   , ਉਸੁਖਬੀਰ ਕਿਸਾਨਾਂ ਤੋਂ ਔਖੇ

ਅੰਮ੍ਰਿਤਸਰ ਟਾਈਮਜ਼ ਬਿਉਰੋ

ਮਾਛੀਵਾੜਾ ਸਾਹਿਬ : ਸ਼੍ਰੋਮਣੀ ਅਕਾਲੀ ਦਲ ਸੁਪਰੀਮੋ ਸੁਖਬੀਰ ਬਾਦਲ ਨੂੰ ਮਾਛੀਵਾੜਾ ਦੌਰੇ ਦੀ ਸ਼ੁਰੂਆਤ 'ਚ ਹੀ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਨਹਿਰ ਸਰਹਿੰਦ ਦੇ ਗੜ੍ਹੀ ਦੇ ਪੁਲ਼ ਉੱਪਰ ਜਿਵੇਂ ਹੀ ਬਾਦਲ ਦਾ ਕਾਫ਼ਲਾ ਪਹੁੰਚਿਆ ਕਿਸਾਨ ਯੂਨੀਅਨ ਕਾਦੀਆਂ , ਕਿਸਾਨ ਯੁੂਨੀਅਨ ਉਗਰਾਹਾਂ , ਜਲ ਸਪਲਾਈ ਕੱਚੇ ਵਰਕਰਾਂ ਦਾ ਸਾਂਝੀ ਯੂੁਨੀਅਨ ਦੇ ਮੈਂਬਰਾਂ ਵੱਲੋਂ ਭਾਰੀ ਵਿਰੋਧ ਕਰਦੇ ਹੋਏ ਨਾਅਰੇਬਾਜ਼ੀ ਤੇ ਕਾਲੀਆਂ ਝੰਡੀਆਂ ਦਿਖਾਉਣ ਦਾ ਕੰਮ ਸ਼ੁਰੂ ਹੋ ਗਿਆ। ਪੁਲਿਸ ਪ੍ਰਸ਼ਾਸਨ ਨੇ ਭਾਰੀ ਪੁਲਿਸ ਫੋਰਸ ਦੇ ਨਾਲ ਛੋਟੇ ਬੱਦਲ ਦਾ ਰੂਟ ਡਾਇਵਰਟ ਕਰਦੇ ਹੋਏ ਉਨ੍ਹਾਂ ਪਹਿਲਾਂ ਗੁਰਦਆਰਾ ਸ੍ਰੀ ਚਰਨ ਕੰਵਲ ਸਾਹਿਬ ਤੇ ਫਿਰ ਦੂਜੀ ਮੀਟਿੰਗ ਵਾਲੀ ਜਗ੍ਹਾ ਪਿੰਡ ਲੱਖੋਵਾਲ ਪਹੁੰਚਾਇਆ। ਖ਼ਬਰ ਲਿਖੇ ਜਾਣ ਤਕ ਮਾਛੀਵਾੜਾ ਸ਼ਹਿਰ ਦੇ ਮੁੱਖ ਸਮਾਗਮ ਸਥਾਨ ਨਾਗਰਾ ਪੈਲੇਸ ਦੇ ਬਾਹਰ ਭਾਰੀ ਤਦਾਦ 'ਚ ਕਿਸਾਨ ਯੂੁਨੀਅਨ ਉਗਰਾਹਾਂ ਤੇ ਕਾਦੀਆਂ ਦੇ ਵਰਕਰ ਕਾਲੇ ਝੰਡੇ ਲੈ ਕੇ ਜੰਮੇ ਹੋਏ ਸਨ। ਜਿੱਥੇ ਵਿਰੋਧ ਜਤਾਉਣ ਵਾਲਿਆਂ 'ਚ ਜ਼ਿਆਦਾਤਰ ਨੌਜਵਾਨ ਵਰਗ ਸੀ ਉੱਥੇ ਹੀ ਯੋਜਨਾਬੱਧ ਢੰਗ ਨਾਲ ਮਾਛੀਵਾੜਾ ਦੇ ਗੜ੍ਹੀ ਦੇ ਪੁਲ਼, ਗਨੀ ਖਾਂ ਨਵੀ ਖਾਂ ਚੌਕ, ਮੁੱਖ ਚੌਕ ਤੇ ਚਰਨ ਕੰਵਲ ਚੌਕ ਅਤੇ ਨਾਗਰਾ ਪੈਲੇਸ ਦੇ ਬਾਹਰ ਇਕੱਠੇ ਹੋ ਗਏ ਤੇ ਵੱਡੇ-ਵੱਡੇ ਵਾਹਨਾਂ ਤੇ ਟਰਾਲੀਆਂ ਦੀ ਥਾਂ ਛੋਟੇ-ਛੋਟੇ ਸਮੂੁਹਾਂ 'ਚ ਇਕ-ਇਕ ਦੋ-ਦੋ ਕਰ ਕੇ ਵਿਰੋਧ ਜਤਾਉਣ ਵਾਲਿਆਂ ਦਾ ਵੱਡਾ ਸਮੂਹ ਬਣ ਕੇ ਤਿਆਰ ਹੋ ਗਿਆ ਜੋ ਕਿ ਪੁਲਿਸ ਪ੍ਰਸ਼ਾਸਨ ਲਈ ਸਿਰਦਰਦ ਬਣ ਗਿਆ।ਮੁੱਖ ਚੌਕ 'ਚ ਪ੍ਰਦਰਸ਼ਨਕਾਰੀਆਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀਆਂ ਮੋਟਰਸਾਈਕਲ 'ਤੇ ਲੱਗੀਆਂ ਪਾਰਟੀ ਵਾਲੀਆਂ ਝੰਡੀਆਂ ਉਤਾਰ ਦਿੱਤੀਆਂ ਗਈਆਂ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਵਾਲੀਆਂ ਝੰਡੀਆਂ ਲੱਗੀਆਂ ਗੱਡੀਆਂ ਨੂੰ ਰੋਕ ਕੇ ਉਨ੍ਹਾਂ 'ਤੇ ਲੱਗੇ ਅਕਾਲੀ ਦਲ ਦੇ ਚੋਣ ਨਿਸ਼ਾਨ ਵਾਲੇ ਝੰਡੇ ਉਤਾਰ ਕੇ ਸੁੱਟ ਦਿੱਤੇ ਗਏ। ਕਈ ਥਾਵਾਂ 'ਤੇ ਤਕਰਾਰ ਹੁੰਦੇ-ਹੁੰਦੇ ਬਚੀ। ਪੁਲਿਸ ਨੇ ਰੂਟ ਬਦਲ ਕੇ ਬਾਦਲ ਦੇ ਕਾਫ਼ਲੇ ਤੇ ਵਿਰੋਧ ਜਤਾਉਣ ਵਾਲਿਆਂ ਦਾ ਆਹਮੋ-ਸਾਹਮਣੇ ਨਹੀਂ ਹੋਣ ਦਿੱਤਾ। ਖ਼ਬਰ ਲਿਖੇ ਜਾਣ ਤਕ ਗਨੀ ਖਾਂ ਨਵੀਂ ਖਾਂ ਗੇਟ ਤੋਂ ਪੈਲੇਸ ਤਕ ਸੜਕ ਦੇ ਦੋਵੇਂ ਪਾਸੇ ਖੜ੍ਹੇ ਕਿਸਾਨ ਸੁਖਬੀਰ ਬਾਦਲ ਨੂੰ ਕਾਲੀਆਂ ਝੰਡੀਆਂ ਦਿਖਾਉਣ ਦੇ ਇੰਤਜ਼ਾਰ 'ਚ ਸਨ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਸਮਾਗਮ ਵਾਲੀ ਥਾਂ 'ਤੇ ਅਕਾਲੀ ਦਲ ਦੀਆਂ ਲੱਗੀਆਂ ਝੰਡੀਆਂ ਉਤਾਰ ਕੇ ਹੀ ਜਾਣਾ ਪਿਆ। ਸ਼ਹਿਰ 'ਚ ਕਈ ਥਾਵਾਂ 'ਤੇ ਲੱਗੇ ਅਤੇ ਬਾਦਲ ਦੇ ਆਉਣ ਵਾਲੇ ਰਸਤੇ 'ਚ ਲੱਗੇ ਅਕਾਲੀ ਦਲ ਦੇ ਸਾਇਨ ਬੋਰਡ ਵੀ ਪਾੜ ਦਿੱਤੇ ਗਏ।

ਕਿਸਾਨਾਂ ਅਤੇ ਅਕਾਲੀ ਦਲ ਦੇ ਵਰਕਰਾਂ ਵਿਚਾਲੇ ਝੜਪ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਿਸਾਨਾਂ ਦੇ ਵਿਰੋਧ ਕਾਰਨ  ਮਾਛੀਵਾੜਾ ਦੇ ਪੈਲੇਸ ਵਿੱਚ ਰੱਖੀ ਰੈਲੀ ਨੂੰ ਰੱਦ ਕਰਨਾ ਪੈ ਗਿਆ। ਉਧਰ ਸਮਰਾਲਾ ਚੌਕ ਅਤੇ ਪਿੰਡ ਮਾਣਕੀ ’ਚ ਵੀ ਕਿਸਾਨਾਂ ਨੇ ਸੁਖਬੀਰ ਬਾਦਲ ਦਾ ਡਟਵਾਂ ਵਿਰੋਧ ਕਰਦਿਆਂ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਵਿਖਾਈਆਂ। ਕਿਸਾਨਾਂ ਨੇ ਮਾਛੀਵਾੜਾ ’ਚ ਪੈਲੇਸ ਨੂੰ ਘੇਰ ਕੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ। ਪੈਲੇਸ ਨੇੜੇ ਹੀ ਅਕਾਲੀ ਵਰਕਰਾਂ ਅਤੇ ਕਿਸਾਨਾਂ ਵਿਚਾਲੇ ਹਲਕੀ ਝੜਪ ਵੀ ਹੋਈ, ਜਿਸ ਵਿੱਚ ਚਾਰ ਗੱਡੀਆਂ ਨੁਕਸਾਨੀਆਂ ਗਈਆਂ। ਸੁਖਬੀਰ ਬਾਦਲ ਨੂੰ ਕਿਸਾਨਾਂ ਦੇ ਵੱਡੀ ਗਿਣਤੀ ’ਚ ਇਕੱਤਰ ਹੋਣ ਦੀ ਖ਼ਬਰ ਮਿਲਣ ’ਤੇ ਉਹ ਸ਼ਹਿਰ ਦੇ ਬਾਹਰੋਂ ਹੀ ਵਾਪਸ ਚਲੇ ਗਏ। ਇਸ ਮਗਰੋਂ ਰੈਲੀ ਰੱਦ ਕਰ ਦਿੱਤੀ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਇਹ ਰੈਲੀ ਰੱਦ ਕਰਵਾਉਣ ਨਾਲ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਹੋਰ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਰਾਜਸੀ ਪਾਰਟੀਆਂ ਦੇ ਆਗੂਆਂ ਨੂੰ ਪਿੰਡਾਂ ’ਚ ਦਾਖ਼ਲ ਹੋਣ ਦਾ ਵਿਰੋਧ ਜਾਰੀ ਰਖਣਗੇ। ਸਮਰਾਲਾ ’ਚ ਬੀਕੇਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਉਹ ਸਿਰਫ ਸੁਖਬੀਰ ਬਾਦਲ ਨੂੰ ਕੁਝ ਸਵਾਲ ਪੁੱਛਣਾ ਚਾਹੁੰਦੇ ਸਨ, ਪਰ ਬਾਦਲ ਨੇ ਉਨ੍ਹਾਂ ਨੂੰ ਮਿਲਣ ਦੀ ਕੋਈ ਪਹਿਲ ਨਹੀਂ ਕੀਤੀ। ਪੁਲੀਸ ਪ੍ਰਸਾਸ਼ਨ ਨੇ ਕਿਸਾਨਾਂ ਨੂੰ ਡੱਕ ਕੇ ਸੁਖਬੀਰ ਬਾਦਲ ਦੇ ਸਾਰੇ ਰੂਟ ਸਮੇਂ-ਸਮੇਂ ’ਤੇ ਤਬਦੀਲ ਕਰ ਦਿੱਤੇ ਪ੍ਰੰਤੂ ਫਿਰ ਵੀ ਕਿਸਾਨ ਵਿਰੋਧ ਪ੍ਰਗਟਾਉਣ ਵਿੱਚ ਸਫ਼ਲ ਰਹੇ।   

 ਕਿਸਾਨੀ ਭੇਸ ਵਿੱਚ ਸਮਾਜ ਵਿਰੋਧੀ ਅਨਸਰ ਸਰਗਰਮ: ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ ਲਾਇਆ ਹੈ ਕਿ ਕਿਸਾਨੀ ਦੇ ਭੇਸ ’ਚ ਕੇਂਦਰ ਤੇ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ ਨਾਲ ਸੂਬੇ ਵਿੱਚ ਸਮਾਜ ਵਿਰੋਧੀ ਤੱਤ ਸ਼ਾਂਤੀ ਭੰਗ ਕਰਨ ਲਈ ਸਰਗਰਮ ਹਨ ਤੇ ਪੰਜਾਬ ਪੁਲੀਸ ਸਿਰਫ਼ ਇਨ੍ਹਾਂ ਸ਼ਰਾਰਤੀ ਅਨਸਰਾਂ ਦੀ ਮਦਦ ਕਰ ਰਹੀ ਹੈ। ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਕਿਹਾ ਗਿਆ ਕਿ ਇਹ ਸ਼ਰਾਰਤੀ ਅਨਸਰ ਪੰਜਾਬ ਵਿੱਚ ਮੁੜ ਰਾਸ਼ਟਰਪਤੀ ਰਾਜ ਲਾਗੂ ਕਰਵਾਉਣਾ ਚਾਹੁੰਦੇ ਹਨ ਤੇ ਕਿਸਾਨਾਂ ਨੂੰ ਬਦਨਾਮ ਕਰਨਾ ਚਾਹੁੰਦੇ ਹਨ।ਕੋਰ ਕਮੇਟੀ ਨੇ ਕਿਹਾ ਕਿ ਇਹ ਸ਼ਰਾਰਤੀ ਅਨਸਰ, ਜੋ ਕਿਸਾਨ ਬਣ ਕੇ ਸਾਹਮਣੇ ਆਏ ਹਨ, ਅਸਲ ਵਿੱਚ ਕੁਝ ਏਜੰਸੀਆਂ ਅਤੇ ਪੰਜਾਬ ਵਿਰੋਧੀ ਤਾਕਤਾਂ ਦੇ ਹੱਥਾਂ ਵਿੱਚ ਖੇਡ ਰਹੇ ਹਨ ਤੇ ਇਨ੍ਹਾਂ ਦਾ ਮਕਸਦ ਸਾਡੀ ਸ਼ਾਂਤੀਪੂਰਨ, ਪੰਜਾਬ ਪੱਖੀ ਤੇ ਕਿਸਾਨ ਪੱਖੀ ਸਿਆਸੀ ਗਤੀਵਿਧੀ ਵਿੱਚ ਵਿਘਨ ਪਾਉਣਾ ਹੈ।  ਕੋਰ ਕਮੇਟੀ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਿਰਫ਼ ਭਾਜਪਾ ਦਾ ਵਿਰੋਧ ਕਰਨ ਦੇ ਦਿੱਤੇ ਬਿਆਨਾਂ ਦੀ ਸ਼ਲਾਘਾ ਕੀਤੀ। ਪਾਰਟੀ ਨੇ ਕਿਹਾ ਕਿ ਅਕਾਲੀ ਦਲ ਨੇ ਨਾ ਸਿਰਫ਼ ਸੰਸਦ ਵਿੱਚ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਵੋਟਾਂ ਪਾਈਆਂ, ਸਗੋਂ ਕੇਂਦਰੀ ਮੰਤਰੀ ਮੰਡਲ ਵੀ ਛੱਡ ਦਿੱਤਾ ਤੇ ਭਾਜਪਾ ਨਾਲ ਭਾਈਵਾਲੀ ਵੀ ਖਤਮ ਕਰ ਦਿੱਤੀ ਤੇ ਤਿੰਨ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਗਟਾਇਆ।