*ਅਕਾਲ ਤਖ਼ਤ ’ਤੇ ਮਨਾਈ  ਬਰਸੀ, ਦਿਲਾਵਰ ਸਿੰਘ ਦੇ ਭਰਾ ਤੇ ਭਰਜਾਈ ਦਾ ਸਨਮਾਨ ਹੋਇਆ

*ਅਕਾਲ ਤਖ਼ਤ ’ਤੇ ਮਨਾਈ  ਬਰਸੀ, ਦਿਲਾਵਰ ਸਿੰਘ ਦੇ ਭਰਾ ਤੇ ਭਰਜਾਈ ਦਾ ਸਨਮਾਨ ਹੋਇਆ

ਚਿਰਾਗ ਹਮ ਨੇ ਜਲਾਏ, ਹਵਾ ਕੇ ਹੋਤੇ ਹੂਏ

ਭਾਈ ਦਿਲਾਵਰ ਸਿੰਘ ਬਹੁਤ ਯਾਦ ਆਏ।

ਕਰਮਜੀਤ ਸਿੰਘ ਚੰਡੀਗੜ੍ਹ 

9915091063

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਨੁੱਖੀ ਬੰਬ ਬਣ ਕੇ ਮਾਰਨ ਵਾਲੇ ਬੱਬਰ ਖਾਲਸਾ ਜਥੇਬੰਦੀ ਦੇ ਦਿਲਾਵਰ ਸਿੰਘ ਬੱਬਰ ਦੀ 26ਵੀਂ ਬਰਸੀ ਅੱਜ ਇੱਥੇ ਹਰਿਮੰਦਰ ਸਾਹਿਬ ਸਮੂਹ ਵਿੱਚ ਮਨਾਈ ਗਈ। ਅਕਾਲ ਤਖ਼ਤ ਦੀ ਉੱਪਰਲੀ ਮੰਜ਼ਿਲ ’ਤੇ ਇਸ ਸਬੰਧੀ ਰੱਖੇ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਕੀਰਤਨ ਮਗਰੋਂ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਹਿੰਦਰ ਸਿੰਘ ਨੇ ਦਿਲਾਵਰ ਸਿੰਘ ਦੇ ਭਰਾ ਚਮਕੌਰ ਸਿੰਘ ਤੇ ਉਸ ਦੀ ਪਤਨੀ ਚਰਨਜੀਤ ਕੌਰ ਤੇ ਹੋਰਨਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਬੱਬਰ ਖਾਲਸਾ ਦੇ ਆਗੂ ਭਾਈ ਵਧਾਵਾ ਸਿੰਘ ਬੱਬਰ ਤੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਅਕਾਲ ਤਖ਼ਤ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ ਵੀ ਪੜ੍ਹਿਆ ਗਿਆ। ਹਵਾਰਾ ਕਮੇਟੀ ਦੇ ਮੈਂਬਰ ਬਾਪੂ ਗੁਰਚਰਨ ਸਿੰਘ ਨੇ ਦੋਵੇਂ ਸੰਦੇਸ਼ ਪੜ੍ਹੇ। ਸੰਦੇਸ਼ ਵਿੱਚ ਭਾਈ ਹਵਾਰਾ ਨੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਕੌਮੀ ਸ਼ਹੀਦ ਦੀ ਤਸਵੀਰ ਲਾਉਣ ਦੀ ਮੰਗ ਕਰਦਿਆਂ ਸਿੱਖ ਕੌਮ ਨੂੰ ਸਵੈ-ਮੰਥਨ ਕਰਨ ਲਈ ਆਖਿਆ। ਇਸ ਮੌਕੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਵੀ ਲੱਗੇ। ਗੁਰਦੁਆਰਾ ਸ਼ਹੀਦ ਗੰਜ ਬੀ-ਬਲਾਕ ਵਿੱਚ ਵੀ ਇਸ ਸਬੰਧੀ ਸਮਾਗਮ ਕੀਤਾ ਗਿਆ। ਇਸ ਮੌਕੇ ਪੰਥਕ ਜਥੇਬੰਦੀਆਂ ਅਖੰਡ ਕੀਰਤਨੀ ਜਥਾ, ਹਵਾਰਾ ਕਮੇਟੀ, ਅਕਾਲ ਫੈੱਡਰੇਸ਼ਨ, ਅਕਾਲ ਯੂਥ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਸੰਯੁਕਤ, ਤਰਨਾ ਦਲ ਬਾਬਾ ਬਕਾਲਾ, ਦਲ ਖਾਲਸਾ, ਸਿੱਖ ਯੂਥ ਫੈੱਡਰੇਸ਼ਨ ਭਿੰਡਰਾਂਵਾਲੇ, ਜਥਾ ਸਿਰਲੱਥ ਤੇ ਸਤਿਕਾਰ ਕਮੇਟੀ ਦੇ ਪ੍ਰਤੀਨਿਧ ਸ਼ਾਮਲ ਸਨ। 31ਅਗਸਤ ਵਾਲੇ ਦਿਨ ਭਾਈ ਦਿਲਾਵਰ ਸਿੰਘ ਬੱਬਰ ਬਹੁਤ ਯਾਦ ਆਏ।ਪਰ ਨਾਲ ਹੀ ਉਸ ਥਾਂ ਦੀ ਯਾਦ ਵੀ ਆਈ ਜਿੱਥੇ ਹਰ ਸਾਲ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ  ਬਰਸੀ ਮਨਾਈ ਜਾਂਦੀ ਹੈ। ਇਹ ਅਣਗਿਣਤ ਸਿੰਘਾਂ ਦਾ  ਕਾਤਲ ਉਹੋ ਬੇਅੰਤ ਸਿੰਘ ਹੈ ਜਿਸ ਨੂੰ  ਭਾਈ ਦਿਲਾਵਰ ਸਿੰਘ ਨੇ ਆਪਣੇ ਜਿਸਮ ਦਾ ਤੂੰਬਾ ਤੂੰਬਾ ਉਡਾ ਕੇ ਸੋਧਿਆ ਅਤੇ ਸਿੱਖ ਇਤਿਹਾਸ ਵਿਚ ਸ਼ਹਾਦਤ ਦਾ ਨਵਾਂ ਆਯਾਮ ਸਥਾਪਿਤ ਕੀਤਾ ਸੀ।

 ਜਿਸ ਥਾਂ ਉੱਤੇ ਬੇਅੰਤ ਸਿੰਘ ਦੀ ਬਰਸੀ ਮਨਾਈ ਜਾਂਦੀ ਹੈ,ਉਸ ਦੇ ਨਾਲ ਹੀ ਬਨਾਵਟੀ ਝੀਲ ਵੀ ਲੱਗਦੀ ਹੈ,ਜਿੱਥੇ ਮੈਂ ਅਕਸਰ ਹੀ ਸੈਰ ਕਰਦਾ ਸੀ; ਕਿਉਂਕਿ ਮੇਰਾ ਘਰ ਇਸ ਲੇਕ ਦੇ ਨੇੜੇ ਹੀ ਸੀ। ਮੇਰਾ ਇੱਕ ਦੋਸਤ ਬਰਸੀ ਵਾਲੀ ਥਾਂ ਨੂੰ ਮੜ੍ਹੀ ਆਖਦਾ ਹੁੰਦੈ।ਇਸ ਮੜ੍ਹੀ ਦੀ ਰਾਖੀ ਲਈ ਸਾਰਾ ਸਾਲ  ਪੁਲੀਸ ਦੇ ਪੱਕੇ ਟੈਂਟ ਲੱਗੇ ਰਹਿੰਦੇ ਹਨ ਅਤੇ "ਓਧਰ" ਵੱਲ ਨੂੰ ਜਾਂਦਿਆਂ ਤੁਸੀਂ ਬਕਾਇਦਾ ਉਨ੍ਹਾਂ ਦੀਆਂ ਨਜ਼ਰਾਂ ਵਿਚ ਹੁੰਦੇ ਹੋ। ਮੇਰਾ ਇਹ ਦੋਸਤ  ਜੋ ਇਤਿਹਾਸ ਦਾ ਚੇਤੰਨ ਵਿਦਿਆਰਥੀ ਹੈ,ਸੈਰ ਕਰਦਿਆਂ ਇਕ ਦਿਨ ਉਸ ਨੇ ਭਵਿੱਖਬਾਣੀ ਕੀਤੀ ਕਿ ਉਹ ਸਮਾਂ ਦੂਰ ਨਹੀਂ ਜਦੋਂ "ਢਾਹੁਣ ਵਾਲੇ ਆਉਣਗੇ" ਤੇ ਇਸ ਮੜ੍ਹੀ ਨੂੰ ਢਾਹ ਕੇ ਇਸ ਥਾਂ ਨੂੰ ਭਾਈ ਦਿਲਾਵਰ ਸਿੰਘ ਦੀ ਯਾਦ ਵਿੱਚ ਪਲਟ ਦੇਣਗੇ। ਉਸ ਦੀ ਭਵਿੱਖਬਾਣੀ ਨਾਲ ਸਿੱਖ ਇਤਿਹਾਸ ਸਮੇਤ ਸੰਸਾਰ ਭਰ ਦੇ ਸ਼ਹੀਦਾਂ ਦੀਆਂ ਲੰਮੀਆਂ ਕਤਾਰਾਂ ਮੇਰੇ ਜ਼ਿਹਨ ਵਿਚ ਉਤਰ ਆਈਆਂ- ਜਿਨ੍ਹਾਂ ਸ਼ਹੀਦਾਂ ਨੂੰ ਆਰੰਭ ਵਿੱਚ ਕਦੇ ਮਾਨਤਾ ਨਹੀਂ ਸੀ ਮਿਲੀ ਪਰ ਲੋਕਾਂ ਦੇ ਦਿਲਾਂ ਦੇ ਹਾਣੀ ਤਾਂ ਉਹੋ ਹੀ ਸਨ। ਭਲਾ ਡਾਇਰ ਨੂੰ ਕੌਣ ਯਾਦ ਕਰਦਾ ਹੈ। ਕੇਪੀਐਸ ਗਿੱਲ ਦੀ ਅੰਤਮ ਅਰਦਾਸ ਲਈ ਰਾਗੀ ਪਾਠੀ ਲੱਭਣੇ ਮੁਸ਼ਕਲ ਹੋ ਜਾਂਦੇ  ਹਨ। ਪਰ ਕੱਲ੍ਹ ਇਸ ਮੜ੍ਹੀ 'ਤੇ ਨਜ਼ਾਰੇ ਦੇਖਣ ਹੀ ਵਾਲੇ ਸਨ। ਮੜ੍ਹੀ ਨੂੰ ਪੂਰੀ ਤਰ੍ਹਾਂ ਸ਼ਿੰਗਾਰਿਆ ਹੋਇਆ ਸੀ। ਸਾਰੇ ਦ੍ਰਿਸ਼ ਲਾਈਵ ਹੋ ਰਹੇ ਸਨ ਤੇ ਮੈਂ ਸਿਰਫ਼ ਦੋ ਚੈਨਲਾਂ ਪ੍ਰੋ- ਪੰਜਾਬ ਟੀਵੀ  ਤੇ ਬਾਬੂਸ਼ਾਹੀ ਚੈਨਲ ਦੀ ਕਵਰੇਜ ਨੂੰ ਹੀ ਵੇਖਿਆ। ਹੋਰ ਚੈਨਲ ਵੀ ਕਵਰ ਕਰ ਰਹੇ ਹੋਣਗੇ ਜਿਸ ਨੂੰ "ਸ਼ਰਧਾਂਜਲੀ ਸਮਾਗਮ" ਕਿਹਾ ਜਾ ਰਿਹਾ ਸੀ।

 ਇਹ ਕਿਹੋ ਜਿਹਾ ਸ਼ਰਧਾਂਜਲੀ ਸਮਾਗਮ ਸੀ ਜਿਸ ਨੂੰ ਵੇਖ ਕੇ ਮੇਰਾ ਹਾਸਾ ਨਿਕਲ ਗਿਆ- ਦਰਦਨਾਕ ਹਾਸਾ ਜਿਸ ਨੂੰ ਸ਼ੈਕਸਪੀਅਰ ਦੇ ਕਈ ਨਾਟਕਾਂ ਦਾ "ਟਰੈਜਿਕ ਲਾਫ" ਕਹਿ ਕੇ ਵਿਸ਼ਲੇਸ਼ਣ ਕੀਤਾ ਜਾਂਦਾ ਹੈ।ਅਸਲ ਵਿੱਚ ਦਰਦਨਾਕ ਹਾਸਿਆਂ ਦੀ ਵਿਆਖਿਆ ਕਰਨੀ ਮੁਸ਼ਕਲ ਹੁੰਦੀ ਹੈ।ਤੁਸੀਂ ਹੱਸਦੇ ਹੋ, ਜਦੋਂ ਜ਼ੋਰ ਨਾਲ ਹੱਸਦੇ ਹੋ ਤਾਂ ਇਕ ਅਣਦਿਸਦੀ ਪੀੜ ਤੁਹਾਨੂੰ ਕੁਝ ਚਿਰ ਲਈ ਆਰਾਮ ਦਿੰਦੀ ਹੈ। ਦਰਦ ਦੇ ਇਹ ਅਜਬ ਕਿੱਸੇ ਹਰ ਕਿਸੇ ਦੀ ਸਮਝ ਵਿੱਚ ਨਹੀਂ ਆਉਂਦੇ। ਉੱਚੀ ਹਾਸੇ ਨਾਲ ਕੋਈ ਭੁੱਲਿਆ ਦਰਦ ਮੁੜ ਤਾਜ਼ਾ ਹੋ ਜਾਂਦਾ ਹੈ ਅਤੇ ਇਹੋ ਦਰਦ ਭਾਈ ਦਿਵਰ ਸਿੰਘ  ਅਤੇ ਸਾਥੀਆਂ ਦੀ ਯਾਦ ਨੂੰ ਸਾਕਾਰ ਕਰ ਦਿੰਦਾ ਹੈ।ਕਿਸੇ ਵੀਰ ਨੇ ਪੋਸਟ ਪਾ ਕੇ ਦੱਸਿਆ ਕਿ ਇਸ ਐਕਸ਼ਨ ਦੀ ਸਫ਼ਲਤਾ ਲਈ ਕਿਸ ਨੇ ਅਰਦਾਸ ਕੀਤੀ, ਕਿਸ ਨੇ ਪੈਦਲ ਹੀ ਲੰਮਾ ਸਫ਼ਰ ਕਰ ਕੇ ਸੁਨੇਹੇ ਪਹੁੰਚਾਏ ਅਤੇ ਕਿਵੇਂ ਬਣਨ ਵਾਲੇ ਇਸ ਸਾਰੇ ਇਤਿਹਾਸ ਨੂੰ ਗੁਪਤ ਰੱਖਿਆ ਗਿਆ।ਨਸਲਪਰਸਤੀ ਦੇ ਦਰਦ  ਨੈਲਸਨ ਮੰਡੇਲਾ ਤੋਂ ਵਧ ਕੌਣ ਜਾਣਦਾ ਹੈ।ਉਸ ਦੀ ਇਹ ਟਿੱਪਣੀ ਕਿ ਕੁਝ ਜ਼ਖ਼ਮ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਡਾਕਟਰ ਇਲਾਜ ਕਰਦੇ ਹਨ, ਪਰ ਕੁਝ ਜ਼ਖ਼ਮ ਦਿਸਦੇ ਹੀ ਨਹੀਂ ਅਤੇ ਜਿਨ੍ਹਾਂ ਦਾ ਕੋਈ ਇਲਾਜ ਨਹੀਂ ਹੁੰਦਾ,ਉਹ ਰਿਸਦੇ ਹੀ ਰਹਿੰਦੇ ਹਨ। ਅੱਜ ਕੱਲ੍ਹ ਸਿੱਖ ਪੰਥ ਦੀ ਹਾਲਤ ਵੀ ਕੁਝ ਇਸੇ ਤਰ੍ਹਾਂ ਦੀ ਹੀ ਹੈ।  ਖ਼ੈਰ ਮੜ੍ਹੀ ਵਾਲੇ ਸਮਾਗਮ ਦੀ ਵਿਆਖਿਆ ਕਰਦੇ ਹਾਂ। ਕੱਲ੍ਹ ਦੋ ਤਰ੍ਹਾਂ ਦੇ ਸਮਾਜ ਨਜ਼ਰ ਆਏ ਜਾਂ ਇਉਂ ਕਹਿ ਲਓ ਦੋ ਤਰ੍ਹਾਂ ਦੇ ਇਤਹਾਸ ਪ੍ਰਤੱਖ ਦੇਖਣ ਨੂੰ ਮਿਲੇ। ਇੱਕ ਇਤਿਹਾਸ ਪ੍ਰੋ ਪੰਜਾਬ ਟੀਵੀ ਅਤੇ ਬਾਬੂਸ਼ਾਹੀ ਟੀਵੀ ਦੀ ਕਵਰੇਜ ਵਿੱਚ ਦਿੱਤੀਆਂ ਟਿੱਪਣੀਆਂ ਦਾ ਇਤਿਹਾਸ ਹੈ, ਅਤੇ ਦੂਜਾ ਮੜ੍ਹੀ ਉੱਤੇ ਹਾਜ਼ਰੀ ਭਰਨ ਵਾਲੇ  ਮਸਖ਼ਰਿਆਂ ਦਾ ਇਤਿਹਾਸ ਹੈ। ਉਨ੍ਹਾਂ ਦੀ ਬਾਡੀ ਲੈਂਗੁਏਜ ਵਿਚ ਕਿਤੇ ਕਿਤੇ ਇਹ ਝਲਕ ਵੀ ਮਿਲਦੀ ਸੀ ਜਿਵੇਂ ਉਹ ਮਜਬੂਰੀ ਵੱਸ ਹੀ ਹਾਜ਼ਰੀ ਭਰ ਰਹੇ ਹੋਣ।  ਉਨ੍ਹਾਂ ਦੇ ਚਿਹਰਿਆਂ ਦੀ ਉਦਾਸੀ ਦਾ ਹੁੰਗਾਰਾ ਉਨ੍ਹਾਂ ਦੀ ਜ਼ਮੀਰ ਨਾਲ ਨਹੀਂ ਸੀ ਮਿਲ ਰਿਹਾ।ਜਿਵੇਂ ਜੇਲ੍ਹ ਵਿੱਚ ਕਈ ਵਾਰ  ਕੈਦੀਆਂ ਨੂੰ ਦਿੱਤੀ ਦਾਲ ਵਿੱਚੋਂ ਦਾਲ ਦੇ ਦਾਣੇ ਲੱਭਣੇ ਮੁਸ਼ਕਲ ਹੁੰਦੇ ਹਨ,ਉਵੇਂ ਇਨ੍ਹਾਂ ਟਿੱਪਣੀਆਂ ਵਿੱਚੋਂ ਬੇਅੰਤ ਸਿੰਘ ਦੇ ਹੱਕ ਵਿਚ ਟਿੱਪਣੀਆਂ ਲੱਭਣੀਆਂ ਮੁਸ਼ਕਲ ਹੋ ਰਹੀਆਂ ਸਨ। ਕਰੀਬ ਦੋਵਾਂ ਚੈਨਲਾਂ ਉੱਤੇ ਇੱਕ ਇੱਕ ਹਜ਼ਾਰ ਟਿੱਪਣੀਆਂ ਵਿੱਚੋਂ ਬੇਅੰਤ ਸਿੰਘ ਨੂੰ ਕੋਈ ਵੀ ਨਹੀਂ ਸੀ ਯਾਦ ਕਰ ਰਿਹਾ ਅਤੇ ਜੇ ਯਾਦ ਕਰ ਵੀ ਰਿਹਾ ਸੀ ਤਾਂ ਉਸ ਯਾਦ ਵਿਚ ਨਫਰਤ, ਗੁੱਸਾ, ਘਿਰਣਾ ਤੇ ਰੋਹ ਵਾਲੀਆਂ ਟਿੱਪਣੀਆਂ ਹੀ ਵੇਖਣ ਨੂੰ ਮਿਲੀਆਂ ,ਜਦਕਿ ਦੂਜੇ ਪਾਸੇ ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਵਾਲੀਆਂ ਟਿੱਪਣੀਆਂ ਦਾ ਤੂਫ਼ਾਨੀ ਹੜ੍ਹ ਆਇਆ ਹੋਇਆ ਸੀ।

 ਇਹ ਪਤਾ  ਲਾਉਣਾ ਮੁਸ਼ਕਲ ਨਹੀਂ ਸੀ ਕਿ ਇਤਿਹਾਸ ਕਿਸ ਦੇ ਹੱਕ ਵਿੱਚ ਭੁਗਤਦਾ ਹੈ। ਕਿਹੜਾ ਤੁਹਾਡੇ ਦਿਲਾਂ ਵਿੱਚ ਵਸਦਾ ਹੈ  ਅਤੇ ਕਿਹੜਾ ਨਫ਼ਰਤ ਦਾ ਪਾਤਰ ਹੈ। ਵੈਸੇ ਸ਼ਰਧਾਂਜਲੀ ਸਮਾਗਮ ਵਿਚ ਆਉਣ ਵਾਲੇ ਮਸਖ਼ਰਿਆਂ ਨੂੰ ਵੀ ਇਹ ਪਤਾ ਸੀ ਕਿ ਅਸੀਂ ਇਤਿਹਾਸ ਦੇ ਖਲਨਾਇਕ ਹਾਂ ਅਤੇ ਇਤਿਹਾਸ ਦੇ ਅਸਲ ਨਾਇਕ ਕੋਈ ਹੋਰ ਹਨ। ਗੁਰਬਾਣੀ ਦੇ ਪਵਿੱਤਰ ਐਲਾਨਨਾਮੇ ਮੁਤਾਬਿਕ  ਖੋਟੇ ਖਰਿਆਂ  ਦਾ ਦਰਗਾਹ ਤੇ ਫ਼ੈਸਲਾ ਹੋਵੇਗਾ।ਪਰ ਕਈ ਵਾਰ ਗੁਰਬਾਣੀ ਕੁਝ ਫ਼ੈਸਲੇ ਇਸੇ ਸਰ ਜ਼ਮੀਨ 'ਤੇ ਵੀ ਕਰ ਦਿੰਦੀ ਹੈ,ਜਿਵੇਂ 31 ਅਗਸਤ ਵਾਲੇ ਦਿਨ  ਚੰਡੀਗੜ੍ਹ ਦੀ ਧਰਤੀ ਤੇ ਵੇਖਣ ਵਿੱਚ ਆਇਆ, ਇਕ ਫ਼ੈਸਲਾ-ਸ਼ਰਧਾਂਜਲੀ ਸਮਾਗਮ ਵਿਚ ਮਸਖਰਿਆਂ ਦਾ ਇਕੱਠ ਅਤੇ ਦੂਜਾ ਫ਼ੈਸਲਾ- ਸ਼ਰਧਾਂਜਲੀ ਸਮਾਗਮ ਬਾਰੇ ਸੰਗਤਾਂ ਦੀਆਂ ਪੇਸ਼ ਹੋਈਆਂ  ਬੇਸ਼ੁਮਾਰ  ਟਿੱਪਣੀਆਂ।ਇਨ੍ਹਾਂ ਦੋਵਾਂ ਫੈਸਲਿਆਂ ਦੀ ਸੱਚੀ ਸੱਚੀ ਕਹਾਣੀ ਕਿਸੇ ਅਖਬਾਰ ਨੇ ਨਹੀਂ ਦਸਣੀ, ਕਿਸੇ ਆਗੂ ਦੀ ਹਿੰਮਤ ਨਹੀਂ ਹੋਣੀ,ਕਿਸੇ ਚੈਨਲ ਦੀ ਕਿਸਮਤ ਵਿੱਚ ਨਹੀਂ ਲਿਖੀ। ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ।