ਪੰਜਾਬ ਯੂਨੀਵਰਸਿਟੀ ਵਿੱਚ ਨਹੀਂ ਲੱਗਣਗੇ ਹੁਣ ਲੱਚਰ ਤੇ ਭੜਕਾਊ ਗੀਤ ਗਾਉਣ ਵਾਲਿਆਂ ਦੇ ਅਖਾੜੇ

ਪੰਜਾਬ ਯੂਨੀਵਰਸਿਟੀ ਵਿੱਚ ਨਹੀਂ ਲੱਗਣਗੇ ਹੁਣ ਲੱਚਰ ਤੇ ਭੜਕਾਊ ਗੀਤ ਗਾਉਣ ਵਾਲਿਆਂ ਦੇ ਅਖਾੜੇ
ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਯੂਨੀਵਰਸਿਟੀ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹੋਏ

ਚੰਡੀਗੜ੍ਹ: ਸੰਗੀਤ ਦੇ ਨਾਂ 'ਤੇ ਫੈਲਾਏ ਜਾ ਰਹੇ ਗੰਦ ਨੂੰ ਰੋਕਣ ਲਈ ਪੰਜਾਬ ਯੂਨੀਵਰਸਿਟੀ ਨੇ ਇੱਕ ਅਹਿਮ ਕਦਮ ਚੁੱਕਿਆ ਹੈ। ਇਸ ਸਬੰਧੀ ਪੰਜਾਬ ਯੂਨੀਵਰਸਿਟੀ ਦੇ ਮੁਖੀ ਵਿਦਿਆਰਥੀ ਭਲਾਈ ਦਫਤਰ ਤੋਂ ਇੱਕ ਹੁਕਮ ਜਾਰੀ ਕੀਤਾ ਗਿਆ ਹੈ ਜਿਸ ਵਿਚ ਲੱਚਰ ਤੇ ਭੜਕਾਊ ਗੀਤ ਗਾਉਣ ਵਾਲੇ ਗਾਇਕਾਂ ਖਿਲਾਫ ਸਖਤ ਰਵੱਈਆ ਅਪਨਾਉਂਦਿਆਂ ਕਿਹਾ ਗਿਆ ਹੈ ਕਿ ਜੇ ਕੋਈ ਗਾਇਕ ਭੜਕਾਊ ਤੇ ਲੱਚਰ ਗੀਤ ਗਾਉਂਦਾ ਹੈ ਤਾਂ ਉਸ ਨੂੰ ਪੰਜਾਬ ਯੂਨੀਵਰਸਿਟੀ 'ਚ ਪੇਸ਼ਕਾਰੀ ਕਰਨ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ।

ਇਹ ਹੁਕਮ ਯੂਨੀਵਰਸਿਟੀ ਦੀ ਵਿਦਿਆਰਥੀ ਕੌਂਸਲ ਅਤੇ ਯੂਨੀਵਰਸਿਟੀ ਦੇ ਹੋਸਟਲਾਂ ਦੇ ਵਾਰਡਨਾਂ ਦੇ ਨਾਂ ਜਾਰੀ ਕੀਤਾ ਗਿਆ ਹੈ ਕਿਉਂਕਿ ਕੌਂਸਲ ਯੂਨੀਵਰਸਿਟੀ ਵਿੱਚ ਹੁੰਦੇ ਪ੍ਰੋਗਰਾਮਾਂ ਵਿੱਚ ਗਾਇਕਾਂ ਨੂੰ ਬੁਲਾਉਂਦੀ ਹੈ ਅਤੇ ਹੋਸਟਲਾਂ ਵਿੱਚ ਹੁੰਦੇ ਪ੍ਰੋਗਰਾਮ ਵਾਰਡਨਾਂ ਦੀ ਦੇਖ ਰੇਖ ਹੇਠ ਹੁੰਦੇ ਹਨ। ਹੁਕਮ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹਨਾਂ ਪ੍ਰੋਗਰਾਮਾਂ ਵਿੱਚ ਅਜਿਹੇ ਗੀਤ ਨਾ ਬਜਾਏ ਜਾਣ ਜੋ ਭੜਕਾਊ ਅਤੇ ਲੱਚਰ ਸ਼ਬਦਾਵਲੀ ਵਾਲੇ ਹੋਣ। 

ਇਹ ਹੁਕਮ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਦੀਆਂ ਕੋਸ਼ਿਸ਼ਾਂ ਸਦਕਾ ਜਾਰੀ ਹੋਏ ਹਨ ਜੋ ਬੀਤੇ ਸਮੇਂ ਤੋਂ ਯੂਨੀਵਰਸਿਟੀ ਵਿੱਚ ਹੁੰਦੇ ਇਹਨਾਂ ਗਾਇਕਾਂ ਦੇ ਪ੍ਰੋਗਰਾਮਾਂ ਵਿੱਚ ਆਪਣਾ ਵਿਰੋਧ ਲਗਾਤਾਰ ਦਰਜ ਕਰਵਾ ਰਹੇ ਸਨ ਤੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਇਹਨਾਂ ਗਾਇਕਾਂ 'ਤੇ ਰੋਕ ਲਾਉਣ ਦੀ ਮੰਗ ਕਰਦੇ ਸਨ। 

ਹਲਾਂਕਿ ਇਸ ਗੱਲ ਬਾਰੇ ਕੁੱਝ ਸਾਫ ਨਹੀਂ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਸ ਫੈਂਸਲੇ ਨੂੰ ਲਾਗੂ ਕਰਨ ਲਈ ਕੋਈ ਮਾਪਦੰਡ ਰੱਖਿਆ ਗਿਆ ਹੈ ਜਿਸ ਦੇ ਅਧਾਰ 'ਤੇ ਕਿਸੇ ਕਲਾਕਾਰ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ ਜਾ ਕਿਸੇ ਨੂੰ ਰੱਦ ਕੀਤਾ ਜਾਵੇਗਾ। 

ਮੁਖੀ ਵਿਦਿਆਰਥੀ ਭਲਾਈ ਦਫਤਰ ਵੱਲੋਂ ਜਾਰੀ ਕੀਤਾ ਗਿਆ ਹੁਕਮ:

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ