ਨਿਊਜ਼ੀਲੈਂਡ ਪਾਰਲੀਮੈਂਟ ਨੇ ਸਤਿੰਦਰ ਸਰਤਾਜ ਦਾ ਕੀਤਾ ਸਨਮਾਨ

ਨਿਊਜ਼ੀਲੈਂਡ ਪਾਰਲੀਮੈਂਟ ਨੇ ਸਤਿੰਦਰ ਸਰਤਾਜ ਦਾ ਕੀਤਾ ਸਨਮਾਨ

ਵਲਿੰਗਟਨ/ਏਟੀ ਨਿਊਜ਼ : 
ਸਤਿੰਦਰ ਸਰਤਾਜ ਉਹ ਪੰਜਾਬੀ ਗਾਇਕ ਹੈ ਜਿਸ ਨੇ ਸਿਰਫ ਪੰਜਾਬੀਆਂ ਵਿਚ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਸੰਸਥਾਵਾਂ ਅਤੇ ਕੌਮਾਂ ਵਿਚ ਆਪਣੀ ਪੈੜ ਜਮਾਈ ਹੈ ਤੇ ਨਾਮਣਾ ਖੱਟਿਆ ਹੈ। ਇਸ ਵਾਰ ਉਹਦੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਟੂਰ ਦੌਰਾਨ ਉਹਨੂੰ ਉਸ ਦੀ ਗਾਇਕੀ ਤੇ The Black Prince ਫ਼ਿਲਮ ਕਰਕੇ ਨਿਊਜ਼ੀਲੈਂਡ ਦੀ ਪਾਰਲੀਮੈਂਟ ਵੱਲੋਂ ਸਨਮਾਨਤ ਕੀਤਾ ਗਿਆ। ਨੈਸ਼ਨਲ ਪਾਰਟੀ ਲੀਡਰ ਸਾਈਮਨ ਬਰਿਜਸ ਵੱਲੋਂ ਰੱਖੇ ਸਨਮਾਨ ਸਮਾਰੋਹ ਵਿਚ ਵਲਿੰਗਟਨ ਦੀ ਐਮਪੀ. ਨਿਕੋਲਾ ਵਿਲਜ਼, ਸਿੱਖ ਐਮਪੀ. ਕੰਵਲਜੀਤ ਸਿੰਘ ਬਖ਼ਸ਼ੀ ਤੇ ਭਾਰਤੀ ਅੰਬੈਸਡਰ ਸੁਨੀਲ ਕੋਹਲੀ ਵੀ ਸ਼ਾਮਿਲ ਹੋਏ। ਸਤਿੰਦਰ ਸਰਤਾਜ ਪਹਿਲਾ ਪੰਜਾਬੀ ਗਾਇਕ ਹੈ ਜਿਸ ਦਾ ਨਿਊਜ਼ੀਲੈਂਡ ਪਾਰਲੀਮੈਂਟ ਵੱਲੋਂ ਸਨਮਾਨ ਕੀਤਾ ਗਿਆ ਹੈ। 
ਸਤਿੰਦਰ ਸਰਤਾਜ ਨੂੰ ਇਸ ਤੋਂ ਪਹਿਲਾਂ ਵੀ ਅੰਤਰਰਾਸ਼ਟਰੀ ਸੰਸਥਾਵਾਂ ਇਸ ਤਰ੍ਹਾਂ ਦੇ ਸਨਮਾਨ ਦੇ ਚੁੱਕੀਆਂ ਹਨ। ਇਸ ਕਲਾਕਾਰ ਨੇ ਸੰਯੁਕਤ ਰਾਸ਼ਟਰ ਦਾ Human Trafficking ਦੇ ਵੱਡੇ ਪ੍ਰਾਜੈਕਟ ਵਿਚ ਅੰਬੈਸਡਰ ਬਣ ਕੇ ਸਿੱਖਾਂ ਦਾ ਨਾਮ ਉੱਚਾ ਕੀਤਾ। ਉਸ ਨੂੰ ਸਨਮਾਨਤ ਕਰਨ ਵਾਲ਼ਿਆਂ ਵਿਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ, ਕਨੇਡਾ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਕੈਲੇਫੋਰਨੀਆ ਪਾਰਲੀਮੈਂਟ ਆਦਿ ਵੀ ਸ਼ਾਮਿਲ ਰਹੇ ਹਨ। 
ਨਿਊਜ਼ੀਲੈਂਡ ਵਿਚ ਹੋਏ ਸਨਮਾਨ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਗੁਰਤੇਜ ਸਿੰਘ ਨੇ ਸਤਿੰਦਰ ਸਰਤਾਜ ਨੂੰ ਜੀ ਆਇਆਂ ਕਹਿੰਦੇ ਹੋਏ ਉਸ ਵਲੋਂ ਮਾਰੀਆਂ ਮੱਲਾਂ ਦਾ ਵੇਰਵਾ ਦਿੱਤਾ। ਸਤਿੰਦਰ ਸਰਤਾਜ ਵੱਲੋਂ ਅੰਗਰੇਜ਼ੀ ਵਿਚ ਦਿੱਤੀ ਪ੍ਰਭਾਵਸ਼ਾਲੀ ਤਕਰੀਰ ਨੂੰ ਸੁਨਣ ਤੋਂ ਬਾਅਦ ਵਲਿੰਗਟਨ ਐਮਪੀ. ਨਿਕੋਲਾ ਨੇ ਹੱਸ ਕੇ ਕਿਹਾ ਕਿ ਇਹ ਜਦੋਂ ਅੰਗਰੇਜ਼ੀ ਬੋਲਦਾ ਹੈ, ਪੰਜਾਬੀ ਨਹੀਂ ਲੱਗਦਾ ਸਗੋਂ ਨਿਊਜ਼ੀਲੈਂਡ ਦਾ ਹੀ ਲਗਦਾ ਹੈ। ਸਰਤਾਜ ਨੇ ਆਪਣੀ ਤਕਰੀਰ ਵਿਚ ਨਿਊਜ਼ੀਲੈਂਡ ਨੂੰ ਸੁਹਣਾ ਹੋਣ ਦੇ ਨਾਲ-ਨਾਲ ਇੱਕ ਸ਼ਾਂਤੀ-ਪਸੰਦ ਮੁਲਕ ਦੱਸਿਆ। ਉਸ ਨੇ ਕਰਾਈਸਟ ਚਰਚ ਦੀ ਘਟਨਾ 'ਤੇ ਸ਼ੋਕ ਵੀ ਪ੍ਰਗਟ ਕੀਤਾ। ਸਰਤਾਜ ਨੇ ਸਾਈਮਨ ਬਰਿਜਸ ਨੂੰ ਮਖੌਲ ਕਰਦੇ ਹੋਏ, ਉਸ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਭਰਾ ਦੱਸਿਆ। ਸਾਈਮਨ ਬਰਿਜਸ ਨੇ ਸਤਿੰਦਰ ਸਰਤਾਜ ਵੱਲੋਂ ਮਨੁੱਖਤਾ ਲਈ ਕੀਤੇ ਜਾ ਰਹੇ ਉਪਰਾਲੇ ਤੇ ਆਪਣੀ ਗਾਇਕੀ ਦੁਆਰਾ ਦਿੱਤੇ ਜਾ ਰਹੇ ਸੁਨੇਹੇ ਨੂੰ ਸਿਰਫ ਸਲਾਹਿਆ ਹੀ ਨਹੀਂ, ਸਗੋਂ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਵਿਚ ਇਸ ਦੀ ਬਹੁਤ ਜ਼ਰੂਰਤ ਹੈ। ਕੰਵਲਜੀਤ ਸਿੰਘ ਬਖ਼ਸ਼ੀ ਨੇ ਸਾਰੇ ਆਇਆਂ ਦਾ ਧੰਨਵਾਦ ਕੀਤਾ।