ਸਰਕਾਰੀ ਗੁੰਡਾਗਰਦੀ ਖਿਲਾਫ ਪੰਜਾਬ ਯੂਨੀਵਰਸਿਟੀ ਵਿੱਚ ਹਰਿਆਣਾ ਦੇ ਸਪੀਕਰ ਦਾ ਵਿਦਿਆਰਥੀਆਂ ਵੱਲੋਂ ਵਿਰੋਧ

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ "ਔਰਤਾਂ ਦੇ ਹੱਕਾਂ" ਸਬੰਧੀ ਭਾਰਤ ਦੇ ਔਰਤਾਂ ਬਾਰੇ ਕੌਮੀ ਕਮਿਸ਼ਨ ਵੱਲੋਂ ਕਰਵਾਏ ਜਾ ਰਹੇ ਇੱਕ ਸਮਾਗਮ 'ਚ ਜਦੋਂ ਹਰਿਆਣਾ ਦੇ ਵਿਧਾਨ ਸਭਾ ਸਪੀਕਰ ਗਿਆਨ ਚੰਦ ਆਪਣਾ ਭਾਸ਼ਣ ਦਿੰਦਿਆਂ ਮੋਦੀ ਸਰਕਾਰ ਦੇ ਸੋਹਲੇ ਗਾ ਰਹੇ ਸਨ ਤਾਂ ਹਾਲ ਵਿੱਚ ਮੋਜੂਦ ਕੁੱਝ ਵਿਦਿਆਰਥੀਆਂ ਵੱਲੋਂ ਬੀਤੀ ਸ਼ਾਮ ਜੇਐਨਯੂ ਦਿੱਲੀ 'ਚ ਗੁੰਡਿਆਂ ਵੱਲੋਂ ਕੀਤੀ ਗਈ ਬਦਮਾਸ਼ੀ ਅਤੇ ਯੂਨੀਵਰਸਿਟੀ ਦੀ ਵਿਦਿਆਰਥਣ ਪ੍ਰਧਾਨ ਅਤੇ ਅਧਿਆਪਕਾਂ 'ਤੇ ਕੀਤੇ ਹਮਲੇ ਦੇ ਰੋਸ ਵਜੋਂ ਨਾਅਰੇਬਾਜ਼ੀ ਕੀਤੀ ਗਈ। ਇਹ ਵਿਦਿਆਰਥੀ ਖੱਬੇਪੱਖੀ ਵਿਦਿਆਰਥੀ ਜਥੇਬੰਦੀਆਂ ਪੀਐਸਯੂ ਲਲਕਾਰ, ਆਈਸਾ ਅਤੇ ਐਸਐਫਐਸ ਨਾਲ ਸਬੰਧਿਤ ਸਨ। ਸੁਰੱਖਿਆ ਅਮਲੇ ਵੱਲੋਂ ਨਾਅਰੇਬਾਜ਼ੀ ਕਰਦੇ ਇਹਨਾਂ ਵਿਦਿਆਰਥੀਆਂ ਨੂੰ ਧੂਹ ਕੇ ਸੈਮੀਨਾਰ ਹਾਲ ਵਿੱਚੋਂ ਬਾਹਰ ਕੱਢ ਦਿੱਤਾ ਗਿਆ। 

ਇਹਨਾਂ ਵਿਦਿਆਰਥੀਆਂ ਨੂੰ ਬਾਹਰ ਕੱਢਣ ਉਪਰੰਤ ਆਪਣਾ ਭਾਸ਼ਣ ਜਾਰੀ ਰੱਖਦਿਆਂ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਕਿਹਾ ਕਿ ਯੂਨੀਵਰਸਿਟੀਆਂ ਅੰਦਰ ਵੱਖਵਾਦੀ ਅਤੇ ਦੇਸ਼ ਵਿਰੋਧੀ ਲੋਕ ਅਜਿਹੇ ਪ੍ਰਦਰਸ਼ਨ ਕਰ ਰਹੇ ਹਨ। ਉੇਹਨਾਂ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੀ ਗੱਲ ਸੁਣਨ ਦੀ ਵਾਏ ਉਹਨਾਂ 'ਤੇ ਗਲਤ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਮੌਕੇ ਸੈਮੀਨਾਰ ਹਾਲ 'ਚ ਮੋਜੂਦ ਸਿੱਖ ਵਿਦਿਆਰਥੀ ਜਥੇਬੰਦੀ 'ਸੱਥ' ਦੇ ਨੁਮਾਂਇੰਦਿਆਂ ਵੱਲੋਂ ਸਪੀਕਰ ਦੀ ਇਹਨਾਂ ਟਿੱਪਣੀਆਂ ਦਾ ਵਿਰੋਧ ਕਰਦਿਆਂ ਮੋਦੀ ਸਰਕਾਰ ਮੁਰਦਾਬਾਦ, ਗੁੰਡਾ ਰਾਜ ਮੁਰਦਾਬਾਦ ਦੇ ਨਾਅਰੇ ਲਾਏ ਗਏ। ਨਾਅਰੇਬਾਜ਼ੀ ਕਰਦੇ ਇਹਨਾਂ ਸਿੱਖ ਵਿਦਿਆਰਥੀਆਂ ਨੂੰ ਵੀ ਧੂਹ ਕੇ ਸੈਮੀਨਾਰ ਹਾਲ ਤੋਂ ਬਾਹਰ ਕੱਢ ਦਿੱਤਾ ਗਿਆ। 

ਇਸ ਮੌਕੇ ਪੰਜਾਬ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. ਰਾਜ ਕੁਮਾਰ ਵੀ ਸਟੇਜ 'ਤੇ ਮੋਜੂਦ ਸਨ। 

ਦੱਸ ਦਈਏ ਕਿ ਬੀਤੀ ਸ਼ਾਮ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਨਕਾਬ ਪੋਸ਼ ਗੁੰਡਿਆਂ ਦੀ ਭੀੜ ਵੱਲੋਂ ਫਸਾਦ ਕਰਦਿਆਂ ਵਿਦਿਆਰਥੀਆਂ ਹੋਸਟਲਾਂ 'ਚ ਦਾਖਲ ਹੋ ਕੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨਾਲ ਕੁੱਟਮਾਰ ਕੀਤੀ ਗਈ। ਇਸ ਮੌਕੇ ਕਈ ਅਧਿਆਪਕਾਂ ਨੂੰ ਵੀ ਕੁੱਟਿਆ ਗਿਆ। ਇਸ ਕੁੱਟਮਾਰ ਵਿੱਚ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੀ ਪ੍ਰਧਾਨ ਵਿਦਿਆਰਥਜ਼ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਉਸ ਸਮੇਤ ਕਈ ਜ਼ਖਮੀਆਂ ਨੂੰ ਏਮਜ਼ ਹਸਪਤਾਲ ਦਾਖਲ ਕਰਵਾਇਆ ਗਿਆ। ਮੌਕੇ ਦੇ ਗਵਾਹ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਕਹਿਣਾ ਹੈ ਕਿ ਹਮਲਾ ਕਰਨ ਵਾਲੀ ਭੀੜ ਆਰ.ਐਸ.ਐਸ ਦੇ ਵਿਦਿਆਥੀ ਵਿੰਗ ਏਬੀਵੀਪੀ ਨਾਲ ਸਬੰਧਿਤ ਸੀ ਅਤੇ ਪੁਲਿਸ ਵੱਲੋਂ ਇਸ ਭੀੜ ਨੂੰ ਕੁੱਟਮਾਰ ਕਰਨ ਦੀ ਖੁੱਲ੍ਹੀ ਛੁੱਟੀ ਦਿੱਤੀ ਗਈ ਸੀ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।