ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀ ਜਥੇਬੰਦੀਆਂ ਵਲੋਂ ਭਾਰਤ-ਪਾਕਿ ਜੰਗ ਖਿਲਾਫ ਪ੍ਰਦਰਸ਼ਨ

ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀ ਜਥੇਬੰਦੀਆਂ ਵਲੋਂ ਭਾਰਤ-ਪਾਕਿ ਜੰਗ ਖਿਲਾਫ ਪ੍ਰਦਰਸ਼ਨ

ਚੰਡੀਗੜ੍ਹ: ਭਾਰਤ ਅਤੇ ਪਾਕਿਸਤਾਨ ਦਰਮਿਆਨ ਪੁਲਵਾਮਾ ਹਮਲੇ ਤੋਂ ਬਾਅਦ ਬਣ ਰਹੇ ਜੰਗ ਵਾਲੇ ਹਾਲਾਤਾਂ ਦੇ ਵਿਰੋਧ ਵਿਚ ਜੰਗ ਦੀ ਬਜਾਏ ਸ਼ਾਂਤੀ ਨਾਲ ਮਸਲੇ ਹੱਲ ਕਰਨ ਦੀ ਵਕਾਲਤ ਕਰਦਿਆਂ ਵਿਦਿਆਰਥੀ ਜਥੇਬੰਦੀ ਸੱਥ ਵਲੋਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਕੇਂਦਰ 'ਤੇ ਪ੍ਰਦਰਸ਼ਨ ਕੀਤਾ ਗਿਆ। ਸੱਥ ਵਲੋਂ ਕਿਹਾ ਗਿਆ ਹੈ ਕਿ ਭਾਰਤ ਪਾਕਿਸਤਾਨ ਦੀ ਜੰਗ ਲੱਗਣ ਦੇ ਹਾਲਾਤਾਂ ਵਿਚ ਪੰਜਾਬ ਜੰਗ ਦਾ ਮੈਦਾਨ ਬਣੇਗਾ ਤੇ ਇਸ ਜੰਗ ਦਾ ਹਰ ਪੰਜਾਬੀ ਨੂੰ ਵਿਰੋਧ ਕਰਨਾ ਚਾਹੀਦਾ ਹੈ। ਜੰਗ ਦੇ ਖਿਲਾਫ ਹੋਏ ਇਸ ਵਿਰੋਧ ਪ੍ਰਦਰਸ਼ਨ ਵਿਚ ਵਿਦਿਆਰਥੀ ਜਥੇਬੰਦੀਆਂ ਐਸਐਫਐਸ, ਐਨਐਸਯੂਆਈ, ਪੀਐਸਯੂ ਲਲਕਾਰ ਅਤੇ ਅਕਾਦਮਿਕ ਫਰੰਟ ਆਫ ਸਿੱਖ ਸਟੂਡੈਂਟਸ ਵਲੋਂ ਵੀ ਸ਼ਮੂਲੀਅਤ ਕੀਤੀ ਗਈ।

ਗੌਰਤਲਬ ਹੈ ਕਿ ਭਾਰਤ-ਪਾਕਿਸਤਾਨ ਦਰਮਿਆਨ ਬਣ ਰਹੇ ਜੰਗੀ ਮਾਹੌਲ ਦਾ ਪਹਿਲਾਂ ਹੀ ਪੰਜਾਬ ਵਿਚੋਂ ਵਿਰੋਧ ਹੋ ਰਿਹਾ ਸੀ ਜੋ ਹੁਣ ਜ਼ਮੀਨੀ ਪੱਧਰ 'ਤੇ ਉਤਰਦਾ ਨਜ਼ਰ ਆ ਰਿਹਾ ਹੈ। ਸੱਥ ਦੇ ਨੁਮਾਂਇੰਦੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਜਿੱਥੇ ਇਕ ਪਾਸੇ ਭਾਰਤੀ ਮੀਡੀਆ ਦਾ ਇਕ ਵੱਡਾ ਹਿੱਸਾ ਅਤੇ ਭਾਜਪਾ, ਆਰਐਸਐਸ, ਏਬੀਵੀਪੀ ਵਰਗੀਆਂ ਫਾਸੀਵਾਦੀ ਤਾਕਤਾਂ ਪਾਕਿਸਤਾਨ ਖਿਲਾਫ ਨਫਰਤ ਅਤੇ ਜੰਗ ਦਾ ਮਾਹੌਲ ਸਿਰਜ ਕੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਜਿੱਤ ਹਾਸਿਲ ਕਰਨਾ ਚਾਹੁੰਦੀਆਂ ਹਨ ਉੱਥੇ ਅਸੀਂ ਵਿਦਿਆਰਥੀ ਇਸ ਜੰਗ ਨਾਲ ਹੋਣ ਵਾਲੇ ਵੱਡੇ ਜਾਨੀ, ਆਰਥਿਕ ਅਤੇ ਸੱਭਿਆਚਾਰਕ ਨੁਕਸਾਨ ਨੂੰ ਦੇਖਦਿਆਂ ਇਸ ਜੰਗ ਦਾ ਵਿਰੋਧ ਕਰਕੇ ਚਾਹੁੰਦੇ ਹਾਂ ਕਿ ਦੋਵੇਂ ਮੁਲਕ ਕਸ਼ਮੀਰ ਸਮੇਤ ਹਰ ਮਸਲੇ ਨੂੰ ਗੱਲਬਾਤ ਨਾਲ ਹੱਲ ਕਰਨ ਵੱਲ ਪੈਰ ਪੁੱਟਣ। 

ਉਨ੍ਹਾਂ ਕਿਹਾ ਕਿ ਜੇ ਭਾਰਤ-ਪਾਕਿਸਤਾਨ ਦਰਮਿਆਨ ਜੰਗ ਲਗਦੀ ਹੈ ਤਾਂ ਜੰਗ ਦਾ ਮੈਦਾਨ ਪੰਜਾਬ ਬਣੇਗਾ। ਇਸ ਨਾਲ ਪੰਜਾਬ ਦਾ ਸਿਰਫ ਜਾਨੀ ਨੁਕਸਾਨ ਹੀ ਨਹੀਂ ਬਲਕਿ ਵਪਾਰਕ ਨੁਕਸਾਨ ਵੀ ਹੋਵੇਗਾ ਅਤੇ ਸਭ ਤੋਂ ਵੱਡੀ ਗੱਲ ਸਿੱਖ ਗੁਰਦੁਆਰਾ ਸਾਹਿਬਾਨ ਦੇ ਖੁੱਲ੍ਹੇ ਦਰਸ਼ਨ ਦਿਦਾਰਿਆਂ ਦੀ ਬੱਝੀ ਆਸ ਫੇਰ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਦੱਖਣੀ ਏਸ਼ੀਆ ਦੇ ਇਸ ਖਿੱਤੇ ਨੂੰ ਸਰਹੱਦਾਂ ਖੋਲ੍ਹ ਕੇ ਇਕ ਵੱਡੀ ਮੰਡੀ ਵਜੋਂ ਵਿਕਸਤ ਕਰਨਾ ਚਾਹੀਦਾ ਹੈ ਤਾਂ ਕਿ ਸਰਹੱਦ ਦੇ ਦੋਵਾਂ ਪਾਸੇ ਫੈਲੀ ਗਰੀਬੀ ਨੂੰ ਦੂਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸੌੜੇ ਸਿਆਸੀ ਹਿੱਤਾਂ ਖਾਤਿਰ ਦਿੱਲੀ ਅਤੇ ਇਸਲਾਮਾਬਾਦ ਵਿਚ ਬੈਠੇ ਰਾਜਨੀਤਕ ਆਗੂਆਂ ਨੂੰ ਪੰਜਾਬ ਦੀ ਧਰਤੀ ਨੂੰ ਉਜਾੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਸੱਥ ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਨਸੀਹਤ ਦਿੱਤੀ ਗਈ ਕਿ ਉਹ ਮੋਜੂਦਾ ਸਮੇਂ ਵਿਚ ਆਪਣੇ ਰੋਲ ਨੂੰ ਸਮਝਣ ਅਤੇ ਸਿਆਣਪ ਤੋਂ ਕੰਮ ਲੈਂਦਿਆਂ ਪੰਜਾਬ ਦੇ ਵਡੇਰੇ ਹਿੱਤਾਂ ਲਈ ਇਸ ਜੰਗ ਦਾ ਵਿਰੋਧ ਕਰਨ। ਉਨ੍ਹਾਂ ਕਿਹਾ ਕਿ ਜੇ ਪੰਜਾਬ ਦੇ ਮੁੱਖ ਮੰਤਰੀ ਸਿਆਣੇ ਹੋਣ ਤਾਂ ਪਾਕਿਸਤਾਨ ਅਤੇ ਭਾਰਤ ਵਿਚ ਮਸਲਿਆਂ ਨੂੰ ਹੱਲ ਕਰਾਉਣ ਲਈ ਅਹਿਮ ਕੜੀ ਬਣ ਸਕਦੇ ਹਨ।

ਸੱਥ ਵਲੋਂ ਪੰਜਾਬ ਦੇ ਸਿੱਖਾਂ ਨੂੰ ਅਪੀਲ ਕੀਤੀ ਗਈ ਕਿ ਉਹ ਗੁਰੂ ਸਾਹਿਬਾਨ ਦੇ ਦਰਸਾਏ ਰਾਹ 'ਤੇ ਚਲਦਿਆਂ ਹੀ ਸੰਤ-ਸਿਪਾਹੀ ਦਾ ਰੋਲ ਨਿਭਾਉਣ ਤੇ ਕਿਸੇ ਵੀ ਦੇਸ਼-ਭਗਤੀ ਦੇ ਅਜੰਡੇ ਹੇਠ ਆ ਕੇ ਸਿੱਖੀ ਦੇ ਮੂਲ ਸਿਧਾਂਤਾਂ ਵੱਲ ਪਿੱਠ ਨਾ ਕਰਨ। ਉਨ੍ਹਾਂ ਕਿਹਾ ਕਿ ਸਿੱਖਾਂ ਲਈ ਜਿੰਨੀ ਭਾਰਤੀ ਪ੍ਰਬੰਧ ਹੇਠਲੇ ਪੰਜਾਬ ਦੀ ਧਰਤੀ ਪਵਿੱਤਰ ਹੈ ਉਨੀ ਹੈ ਪਵਿੱਤਰ ਸਿੱਖਾਂ ਲਈ ਪਾਕਿਸਤਾਨ ਦੇ ਪ੍ਰਬੰਧ ਹੇਠਲੇ ਪੰਜਾਬ ਦੀ ਧਰਤੀ ਹੈ ਜਿੱਥੇ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਪੰਜਾ ਸਾਹਿਬ ਸਮੇਤ ਸਿੱਖ ਇਤਿਹਾਸ ਦੇ ਅਹਿਮ ਸਥਾਨ ਸਥਿਤ ਹਨ। 

ਜੰਗ-ਵਿਰੋਧੀ ਪ੍ਰਦਰਸ਼ਨ ਵਿਚ ਸ਼ਾਮਿਲ ਹੋਈਆਂ ਬਾਕੀ ਵਿਦਿਆਰਥੀ ਜਥੇਬੰਦੀਆਂ ਦੇ ਨੁਮਾਂਇੰਦਿਆਂ ਨੇ ਵੀ ਸੱਥ ਦੇ ਇਸ ਜੰਗ ਵਿਰੋਧੀ ਸੁਨੇਹੇ ਦਾ ਸਮਰਥਨ ਕੀਤਾ ਅਤੇ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਵਕਾਲਤ ਕੀਤੀ। ਇਸ ਮੌਕੇ ਵਿਦਿਆਰਥੀਆਂ ਵਲੋਂ "ਸੇ ਨੋ ਟੂ ਵਾਰ" ਦੇ ਨਾਅਰੇ ਲਗਾਏ ਗਏ।