ਗੁਰਦਾਸ ਮਾਨ ਵੱਲੋਂ ਮਾਂ-ਬੋਲੀ ਪੰਜਾਬੀ ਨਾਲ ਕੀਤੀ ਗੱਦਾਰੀ ਕਾਰਨ ਪੰਜਾਬ ਤੋਂ ਕੈਨੇਡਾ ਤੱਕ ਪੈ ਰਹੀਆਂ ਲਾਹਨਤਾਂ

ਗੁਰਦਾਸ ਮਾਨ ਵੱਲੋਂ ਮਾਂ-ਬੋਲੀ ਪੰਜਾਬੀ ਨਾਲ ਕੀਤੀ ਗੱਦਾਰੀ ਕਾਰਨ ਪੰਜਾਬ ਤੋਂ ਕੈਨੇਡਾ ਤੱਕ ਪੈ ਰਹੀਆਂ ਲਾਹਨਤਾਂ
ਐਬਟਸਫੋਰਡ ਸ਼ੋਅ ਬਾਹਰ ਵਿਰੋਧ

ਚੰਡੀਗੜ੍ਹ: ਅੱਜ ਜਿੱਥੇ ਸਾਰੇ ਭਾਰਤ ਵਿੱਚ ਲੋਕਾਂ ਦੀਆਂ ਬੋਲੀਆਂ ਨੂੰ ਖਤਮ ਕਰਕੇ ਹਿੰਦੂ ਰਾਸ਼ਟਰ ਦੇ ਮਨਸੂਬੇ ਨੂੰ ਪੂਰਾ ਕਰਨ ਲਈ ਹਿੰਦੀ ਥੋਪਣ ਦੀਆਂ ਕਾਰਵਾਈਆਂ ਤੇਜ ਕਰ ਦਿੱਤੀਆਂ ਗਈਆਂ ਹਨ ਤਾਂ ਪੰਜਾਬ ਵਿੱਚੋਂ ਇਹਨਾਂ ਕਾਰਵਾਈਆਂ ਦਾ ਤਿੱਖਾ ਜਵਾਬ ਦਿੱਤਾ ਜਾ ਰਿਹਾ ਹੈ। ਜਿੱਥੇ ਪਹਿਲਾਂ ਪੰਜਾਬੀਆਂ ਦੇ ਵਿਰੋਧ ਕਾਰਨ ਹਿੰਦੀ ਦਿਵਸ ਮੌਕੇ ਪੰਜਾਬੀ ਨੂੰ ਮਾੜਾ ਬੋਲਣ ਵਾਲੇ ਹਿੰਦੀ ਦੇ ਲੇਖਕਾਂ ਨੇ ਪੰਜਾਬੀਆਂ ਤੋਂ ਮੁਆਫੀ ਮੰਗੀ ਸੀ ਹੁਣ ਪੰਜਾਬੀ ਨਾਲ ਗੱਦਾਰੀ ਕਰਨ ਵਾਲੇ ਗੁਰਦਾਸ ਮਾਨ ਖਿਲਾਫ ਪੰਜਾਬੀਆਂ ਦਾ ਗੁੱਸਾ ਸੱਤ ਅਸਮਾਨੀਂ ਜਾ ਚੜ੍ਹਿਆ ਹੈ। ਜਦੋਂ ਪੰਜਾਬੀ ਦੀ ਕੀਤੀ ਗਈ ਤੌਹੀਨ ਖਿਲਾਫ ਪੰਜਾਬ ਦੇ ਲੋਕ ਮੈਦਾਨ ਵਿੱਚ ਨਿੱਤਰ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ ਤਾਂ ਸਾਰੀ ਉਮਰ ਪੰਜਾਬੀ ਬੋਲੀ ਦੇ ਨਾਂ 'ਤੇ ਖਾਣ ਵਾਲੇ ਗੁਰਦਾਸ ਮਾਨ ਨੇ ਇਹਨਾਂ ਵਿਰੋਧ ਕਰ ਰਹੇ ਲੋਕਾਂ ਨੂੰ ਵਿਹਲੜ ਦਸਦਿਆਂ "ਇੱਕ ਦੇਸ਼ ਇੱਕ ਭਾਸ਼ਾ" ਦਾ ਸਮਰਥਨ ਕਰਦਿਆਂ ਹਿੰਦੀਕਰਨ ਕਰਨ ਦੀ ਵਕਾਲਤ ਕੀਤੀ ਸੀ।

ਪੰਜਾਬ ਤੋਂ ਕੈਨੇਡਾ ਤੱਕ ਵਿਰੋਧ
ਗੁਰਦਾਸ ਮਾਨ ਵੱਲੋਂ ਪੰਜਾਬੀ ਨਾਲ ਕੀਤੀ ਗੱਦਾਰੀ ਤੋਂ ਬਾਅਦ ਪੰਜਾਬੀਆਂ ਨੇ ਗੁਰਦਾਸ ਮਾਨ ਦੇ ਵਿਰੋਧ ਦਾ ਝੰਡਾ ਚੁੱਕ ਲਿਆ ਹੈ। ਪਹਿਲਾਂ ਸੋਸ਼ਲ ਮੀਡੀਆ 'ਤੇ ਪੰਜਾਬੀ ਪ੍ਰੇਮੀਆਂ ਨੇ ਗੁਰਦਾਸ ਮਾਨ ਦੀ ਸੋਹਣੀ ਲਾਹ-ਪਾਹ ਕੀਤੀ ਤੇ ਅਣਗਿਣਤ ਲਾਹਨਤਾਂ ਪਾਈਆਂ। ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਡਾ. ਤੇਜਵੰਤ ਸਿੰਘ ਮਾਨ ਨੇ ਗੁਰਦਾਸ ਮਾਨ ਦਾ ਮੁਕੰਮਲ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ। 

ਐਬਟਸਫੋਰਡ ਸ਼ੋਅ ਬਾਹਰ ਵਿਰੋਧ ਕਰਨ ਲਈ ਇਕੱਠੇ ਹੋਏ ਪੰਜਾਬੀ ਪ੍ਰੇਮੀ
ਅੱਜ ਕੈਨੇਡਾ ਦੇ ਸ਼ਹਿਰ ਐਬਟਸਫੋਰਡ ਵਿੱਚ ਗੁਰਦਾਸ ਮਾਨ ਦਾ ਪ੍ਰੋਗਰਾਮ ਹੈ ਜਿਸ ਦੇ ਵਿਰੋਧ ਵਿੱਚ ਪੰਜਾਬੀ ਪ੍ਰੇਮੀਆਂ ਨੇ ਇਸ ਸ਼ੋਅ ਵਾਲੇ ਹਾਲ ਬਾਹਰ ਇਕੱਤਰ ਹੋ ਕੇ ਗੁਰਦਾਸ ਮਾਨ ਨੂੰ ਲਾਹਨਤਾਂ ਪਾਈਆਂ। ਵੱਡੀ ਗਿਣਤੀ ਵਿੱਚ ਪੰਜਾਬੀ ਪ੍ਰੇਮੀ ਸ਼ੋਅ ਦੇ ਸਮੇਂ ਤੋਂ 2 ਘੰਟੇ ਪਹਿਲਾਂ ਹੀ ਸ਼ੋਅ ਵਾਲੀ ਜਗ੍ਹਾ ਬਾਹਰ ਇਕੱਤਰ ਹੋ ਗਏ ਤੇ ਉਹਨਾਂ ਹੱਥਾਂ ਵਿੱਚ ਗੁਰਦਾਸ ਮਾਨ ਨੂੰ ਲਾਹਨਤਾਂ ਪਾੳੇੁਂਦੇ ਪੋਸਟਰ ਫੜ੍ਹੇ ਹੋਏ ਸਨ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਵੱਲੋਂ ਬੋਲਦਿਆਂ ਪੰਜਾਬੀ ਮਾਂ ਬੋਲੀ ਨਾਲ ਗੱਦਾਰੀ ਕਰਨ ਵਾਲੇ ਗੁਰਦਾਸ ਮਾਨ ਨੂੰ ਲਾਹਨਤਾਂ ਪਾਈਆਂ ਗਈਆਂ।

ਅਗਲੇ ਪ੍ਰੋਗਰਾਮਾਂ ਦੌਰਾਨ ਵੀ ਜਾਰੀ ਰਹੇਗਾ ਵਿਰੋਧ
ਆਉਣ ਵਾਲੇ ਕੱਲ੍ਹ ਗੁਰਦਾਸ ਮਾਨ ਦਾ ਸ਼ੋਅ ਕੈਨੇਡਾ ਦੇ ਸ਼ੀਹਰ ਏਡਮੋਨਟੋਨ ਵਿਖੇ ਹੋਣਾ ਹੈ ਜਿਸ ਖਿਲਾਫ ਵੀ ਪੰਜਾਬੀ ਪ੍ਰੇਮੀਆਂ ਵੱਲੋਂ ਵਿਰੋਧ ਦਾ ਐਲਾਨ ਕੀਤਾ ਗਿਆ ਹੈ। ਪੰਜਾਬੀ ਪ੍ਰੇਮੀਆਂ ਨੇ ਕਿਹਾ ਕਿ ਉਹ ਕੈਨੇਡਾ ਵਿੱਚ ਹੋਣ ਵਾਲੇ ਗੁਰਦਾਸ ਮਾਨ ਦੇ ਹਰ ਪ੍ਰੋਗਰਾਮ ਦਾ ਵਿਰੋਧ ਕਰਨਗੇ।