ਡੀਐੱਮਕੇ ਦੇ ਸੱਦੇ 'ਤੇ ਕਸ਼ਮੀਰੀ ਰਾਜਨੀਤਕ ਆਗੂਆਂ ਦੀ ਗ੍ਰਿਫਤਾਰੀ ਖਿਲਾਫ ਵਿਰੋਧੀ ਪਾਰਟੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ

ਡੀਐੱਮਕੇ ਦੇ ਸੱਦੇ 'ਤੇ ਕਸ਼ਮੀਰੀ ਰਾਜਨੀਤਕ ਆਗੂਆਂ ਦੀ ਗ੍ਰਿਫਤਾਰੀ ਖਿਲਾਫ ਵਿਰੋਧੀ ਪਾਰਟੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ

ਨਵੀਂ ਦਿੱਲੀ: ਦੱਖਣ ਦੇ ਸੂਬੇ ਤਾਮਿਲਨਾਡੂ ਦੀ ਖੇਤਰੀ ਪਾਰਟੀ ਡੀਐੱਮਕੇ ਦੇ ਸੱਦੇ 'ਤੇ ਅੱਜ ਭਾਰਤ ਦੀਆਂ ਵਿਰੋਧੀ ਪਾਰਟੀਆਂ ਵੱਲੋਂ ਕਸ਼ਮੀਰ ਦੇ ਰਾਜਨੀਤਕ ਆਗੂਆਂ ਦੀ ਨਜ਼ਰਬੰਦੀ ਖਿਲਾਫ ਦਿੱਲੀ ਦੇ ਜੰਤਰ ਮੰਤਰ ਵਿਖੇ ਪ੍ਰਦਰਸ਼ਨ ਕੀਤਾ ਗਿਆ। ਇਸ ਵਿਰੋਧ ਪ੍ਰਦਰਸ਼ਨ ਵਿੱਚ ਕਾਂਗਰਸ, ਤ੍ਰਿਣਮੂਲ ਕਾਂਗਰਸ, ਆਰ.ਜੇ.ਡੀ ਅਤੇ ਸੀਪੀਐੱਮ ਪਾਰਟੀਆਂ ਸ਼ਾਮਿਲ ਹੋਈਆਂ। ਇਹਨਾਂ ਪਾਰਟੀਆਂ ਨੇ ਕਸ਼ਮੀਰ ਦੇ ਗ੍ਰਿਫਤਾਰ ਕੀਤੇ ਗਏ ਰਾਜਨੀਤਕ ਆਗੂਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ।

ਭਾਰਤ ਸਰਕਾਰ ਦੇ ਜ਼ਬਰ ਵਿਰੁੱਧ ਇਸ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਏ ਆਗੂਆਂ ਵਿੱਚ ਕਾਂਗਰਸੀ ਆਗੂ ਗੁਲਾਮ ਨਬੀ ਅਜ਼ਾਦ, ਸੀਪੀਅਆਈ(ਐੱਮ) ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਸੀਪੀਆਈ ਜਨਰਲ ਸਕੱਤਰ ਡੀ ਰਾਜਾ, ਸਮਾਜਵਾਦੀ ਪਾਰਟੀ ਆਗੂ ਰਾਮਗੋਪਾਲ ਯਾਦਵ, ਲੋਕਤੰਤਰਿਕ ਜਨਤਾ ਦਲ ਦੇ ਸ਼ਰਦ ਯਾਦਵ, ਆਰਜੇਡੀ ਤੋਂ ਮਨੋਜ ਝਾਅ ਅਤੇ ਤ੍ਰਿਣਮੁਲ ਕਾਂਗਰਸ ਤੋਂ ਦਿਨੇਸ਼ ਤ੍ਰਿਵੇਦੀ ਸ਼ਾਮਿਲ ਹੋਏ। 

ਗ੍ਰਿਫਤਾਰ ਕੀਤੇ ਗਏ ਕਸ਼ਮੀਰੀ ਆਗੂ
ਭਾਰਤ ਸਰਕਾਰ ਵੱਲੋਂ ਕਸ਼ਮੀਰ ਸਬੰਧੀ ਧਾਰਾ 370 ਹਟਾ ਕੇ ਕਸ਼ਮੀਰ 'ਤੇ ਸਿੱਧਾ ਕਬਜ਼ਾ ਕਰਨ ਮਗਰੋਂ ਕਸ਼ਮੀਰ ਦੇ ਕਈ ਉੱਚ ਰਾਜਨੀਤਕ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹਨਾਂ ਗ੍ਰਿਫਤਾਰ ਆਗੂਆਂ ਵਿੱਚ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ, ਮਹਿਬੂਬਾ ਮੁਫਤੀ, ਫਾਰੂਕ ਅਬਦੁੱਲਾ, ਆਈਏਐੱਸ ਟੋਪਰ ਸ਼ਾਹ ਫੈਜ਼ਲ, ਅਜ਼ਾਦੀ ਪਸੰਦ ਆਗੂ ਸਈਅਦ ਅਲੀ ਸ਼ਾਹ ਗਿਲਾਨੀ, ਉਮਰ ਫਾਰੂਕ, ਕਸ਼ਮੀਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮੀਆਂ ਅਬਦੁਲ ਕਾਇਊਮ ਸਮੇਤ ਸੈਂਕੜੇ ਲੋਕ ਸ਼ਾਮਿਲ ਹਨ।