ਜੰਮੂ ਕਸ਼ਮੀਰ 'ਤੇ ਸਿੱਧੇ ਕਬਜ਼ੇ ਮਗਰੋਂ ਪੰਜਾਬ 'ਤੇ ਪਹਿਲਾ ਹਮਲਾ ਪੰਜਾਬ ਯੂਨੀਵਰਸਿਟੀ ਦੇ ਵੀਸੀ ਰਾਹੀਂ; ਵਿਰੋਧ ਵਿੱਚ ਡਟੇ ਵਿਦਿਆਰਥੀ

ਜੰਮੂ ਕਸ਼ਮੀਰ 'ਤੇ ਸਿੱਧੇ ਕਬਜ਼ੇ ਮਗਰੋਂ ਪੰਜਾਬ 'ਤੇ ਪਹਿਲਾ ਹਮਲਾ ਪੰਜਾਬ ਯੂਨੀਵਰਸਿਟੀ ਦੇ ਵੀਸੀ ਰਾਹੀਂ; ਵਿਰੋਧ ਵਿੱਚ ਡਟੇ ਵਿਦਿਆਰਥੀ

ਚੰਡੀਗੜ੍ਹ: ਬੀਤੇ ਕੱਲ੍ਹ ਪੰਜਾਬ ਯੂਨੀਵਰਸਿਟੀ ਦੇ ਪ੍ਰਸ਼ਾਸਨਿਕ ਢਾਂਚੇ ਦੀ ਜ਼ਿੰਮੇਵਾਰ ਸੈਨੇਟ ਦੀ ਬੈਠਕ ਹੋਈ ਜਿਸ ਵਿੱਚ ਬਨਾਰਸ ਤੋਂ ਆਏ ਪੰਜਾਬ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਰਾਜਕੁਮਾਰ ਨੇ ਚੁਣੀ ਹੋਈ ਸੈਨੇਟ ਦੇ ਫੈਂਸਲੇ ਨੂੰ ਤਾਨਾਸ਼ਾਹੀ ਰਵੱਈਏ ਨਾਲ ਰੱਦ ਕਰਦਿਆਂ ਮੁਖੀ ਵਿਦਿਆਰਥੀ ਭਲਾਈ (DSW) ਦੇ ਅਹੁਦੇਦਾਰਾਂ ਨੂੰ ਹਟਾਉਣ ਦਾ ਐਲਾਨ ਕਰ ਦਿੱਤਾ। ਹਲਾਂਕਿ ਇਸ ਫੈਂਸਲੇ ਸਬੰਧੀ ਹੋਈਆਂ ਵੋਟਾਂ ਵਿੱਚ 48-40 ਦੇ ਫਰਕ ਨਾਲ ਸੈਨੇਟ ਨੇ ਮੋਜੂਦਾ ਮੁਖੀ ਵਿਦਿਆਰਥੀ ਭਲਾਈ ਅਹੁਦੇਦਾਰਾਂ ਨੂੰ ਬਹਾਲ ਰੱਖਣ ਦਾ ਫੈਂਸਲਾ ਕੀਤਾ ਸੀ ਤੇ ਨਿਯਮਾਂ ਮੁਤਾਬਿਕ ਜੋ ਮੰਨਿਆ ਜਾਣਾ ਲਾਜ਼ਮੀ ਸੀ, ਪਰ ਵਾਇਸ ਚਾਂਸਲਰ ਰਾਜਕੁਮਾਰ ਨੇ ਇਸ ਖਿਲਾਫ ਤਾਨਾਸ਼ਾਹੀ ਫੈਂਸਲਾ ਸੁਣਾਉਂਦਿਆਂ ਕਹਿ ਦਿੱਤਾ ਕਿ ਇਹਨਾਂ ਮੁਖੀ ਵਿਦਿਆਰਥੀ ਭਲਾਈ ਅਹੁਦੇਦਾਰਾਂ ਨੂੰ ਹਟਾ ਕੇ ਆਉਂਦੀਆਂ ਵਿਦਿਆਰਥੀ ਚੋਣਾਂ ਤੱਕ ਵੀਸੀ ਆਰਜ਼ੀ ਅਹੁਦੇਦਾਰ ਨਿਯੁਕਤ ਕਰੇਗਾ ਅਤੇ ਉਸ ਤੋਂ ਬਾਅਦ ਸਿੰਡੀਕੇਟ ਦੀ ਬੈਠਕ ਵਿੱਚ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਦਾ ਫੈਂਸਲਾ ਕੀਤਾ ਜਾਵੇਗਾ।

ਵਾਇਸ ਚਾਂਸਲਰ ਨੇ ਵਿਰੋਧ ਨੂੰ ਦਬਾਉਣ ਲਈ ਵਰਤਿਆ ਭਾਰਤ ਦਾ ਰਾਸ਼ਟਰੀ ਗਾਣ
ਵਾਇਸ ਚਾਂਸਲਰ ਦੇ ਇਸ ਤਾਨਾਸ਼ਾਹੀ ਫੈਂਸਲੇ ਖਿਲਾਫ ਜਦੋਂ ਸੈਨੇਟਰ ਵਿਰੋਧ ਕਰਨ ਲੱਗੇ ਤਾਂ ਉਸੇ ਸਮੇਂ ਇਸ਼ਾਰੇ ਦੀ ਉਡੀਕ ਵਿੱਚ ਬੈਠੇ ਅਧਿਕਾਰੀਆਂ ਨੇ ਭਾਰਤ ਦਾ ਰਾਸ਼ਟਰੀ-ਗਾਣ "ਜਨ ਗਣ ਮਨ" ਚਲਾ ਦਿੱਤਾ। ਵਿਰੋਧ ਨੂੰ ਦਬਾਉਣ ਲਈ ਵਾਇਸ ਚਾਂਸਲਰ ਨੇ ਰਾਸ਼ਟਰੀ ਗਾਣ ਦੀ ਗਲਤ ਵਰਤੋਂ ਕੀਤੀ। ਇਸ ਤੋਂ ਪਹਿਲਾਂ ਵੀ ਵਾਇਸ ਚਾਂਸਲਰ ਇੱਕ ਵਾਰ ਅਜਿਹਾ ਕਰ ਚੁੱਕੇ ਹਨ।

ਵੀਸੀ ਰਾਜਕੁਮਾਰ

ਆਰ.ਐੱਸ.ਐੱਸ ਨਾਲ ਸਬੰਧਿਤ ਭਾਰਤੀ ਮੰਤਰੀ ਦੀ ਪੰਜਾਬ ਨੂੰ ਧਮਕੀ
ਬੈਠਕ ਦੌਰਾਨ ਉਸ ਸਮੇਂ ਮਾਹੌਲ ਪੂਰੀ ਤਰ੍ਹਾਂ ਗਰਮ ਹੋ ਗਿਆ ਜਦੋਂ ਸੈਨੇਟ ਮੈਂਬਰ ਅਤੇ ਆਰ.ਐੱਸ.ਐੱਸ ਨਾਲ ਸਬੰਧਿਤ ਮੋਜੂਦਾ ਭਾਰਤੀ ਕੇਂਦਰੀ ਮੰਤਰੀ ਸੋਮਪ੍ਰਕਾਸ਼ ਕੈਥ ਨੇ ਕਹਿ ਦਿੱਤਾ ਕਿ ਜੇ ਭਾਰਤੀ ਪਾਰਲੀਮੈਂਟ ਵਿੱਚ 300 ਸੀਟਾਂ ਹੁੰਦਿਆਂ ਹੀ ਧਾਰਾ 370 ਹੱਟ ਸਕਦੀ ਹੈ ਤਾਂ ਯੂਨੀਵਰਸਿਟੀ ਦੀਆਂ ਪ੍ਰਸ਼ਾਸਨਿਕ ਅਤੇ ਢਾਂਚਾਗਤ ਤਬਦੀਲੀਆਂ ਵੀ ਕੀਤੀਆਂ ਜਾ ਸਕਦੀਆਂ ਹਨ। 

ਭਾਰਤ ਦੇ ਕੇਂਦਰੀ ਮੰਤਰੀ ਦੀ ਇਸ ਧਮਕੀ ਦੇ ਜਵਾਬ ਵਿੱਚ ਸੈਨੇਟ ਮੈਂਬਰ ਅਤੇ ਪੰਜਾਬ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਮੰਤਰੀ ਧਮਕੀ ਦੇ ਕੇ ਗਏ ਹਨ, ਜਿਸ ਤੋਂ ਉਹ ਡਰਨ ਵਾਲੇ ਨਹੀਂ।

ਭੁੱਲ ਜਾ ਵੀਰੇ, "ਇਹ ਜੇਕੇ ਨਹੀਂ ਪੰਜਾਬ ਹੈ"
ਜਦੋਂ ਭਾਰਤੀ ਕੇਂਦਰੀ ਮੰਤਰੀ ਵੱਲੋਂ ਕਸ਼ਮੀਰ ਨਾਲ ਕੀਤੇ ਧੱਕੇ ਦਾ ਹਵਾਲਾ ਦੇ ਕੇ ਪੰਜਾਬ ਨੂੰ ਇਹ ਧਮਕੀ ਭਰੀ ਗੱਲ ਕਹੀ ਗਈ ਤਾਂ ਸੈਨੇਟ ਮੈਂਬਰ ਸੰਦੀਪ ਸੀਕਰੀ ਨੇ ਠੋਕ ਕੇ ਮੰਤਰੀ ਨੂੰ ਜਵਾਬ ਦਿੱਤਾ, "ਭੁੱਲ ਜਾ ਵੀਰੇ! ਇਹ ਜੇ ਕੇ ਨੀ ਪੰਜਾਬ ਹੈ।"

ਪੰਜਾਬ ਦੇ ਮੰਤਰੀਆਂ ਦੀ ਵੀਸੀ ਨੇ ਕੀਤੀ ਬੇਇਜ਼ਤੀ
ਖਾਸ ਗੱਲ ਇਹ ਕਿ ਕੱਲ੍ਹ ਦੀ ਇਸ ਮੀਟਿੰਗ ਵਿੱਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਭਾਰਤ ਭੂਸ਼ਨ ਆਸ਼ੂ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਡਾ. ਅਮਰ ਸਿੰਘ ਵੀ ਸ਼ਾਮਿਲ ਹੋਏ ਸਨ ਪਰ ਉਨ੍ਹਾਂ ਨੂੰ ਭੋਰਾ ਭਾਅ ਨਹੀਂ ਦਿੱਤਾ ਗਿਆ। ਪ੍ਰੋਟੋਕਾਲ ਦੇ ਉਲਟ ਉਨ੍ਹਾਂ ਦਾ ਸਵਾਗਤ ਤੱਕ ਨਹੀਂ ਕੀਤਾ ਗਿਆ। 

ਵਾਇਸ ਚਾਂਸਲਰ ਦੇ ਤਾਨਾਸ਼ਾਹੀ ਰਵੱਈਏ ਖਿਲਾਫ ਡਟੇ ਵਿਦਿਆਰਥੀ
ਵਾਇਸ ਚਾਂਸਲਰ ਵੱਲੋਂ ਸੈਨੇਟ ਬੈਠਕ ਵਿੱਚ ਕੀਤੀ ਗਈ ਤਾਨਾਸ਼ਾਹੀ ਖਿਲਾਫ ਪੰਜਾਬ ਯੂਨੀਵਰਸਿਟੀ ਦੀਆਂ 12 ਵਿਦਿਆਰਥੀ ਜਥੇਬੰਦੀਆਂ ਇੱਕਮੁੱਠ ਹੋ ਗਈਆਂ ਹਨ ਤੇ "ਪੀ.ਯੂ ਫਾਰ ਡੈਮੋਕਰੇਸੀ" ਦੇ ਝੰਡੇ ਹੇਠ ਵਿਦਿਆਰਥੀਆਂ ਨੇ ਵਾਇਸ ਚਾਂਸਲਰ ਦਾ ਤਾਨਾਸ਼ਾਹੀ ਫੈਂਸਲਾ ਬਦਲਾਉਣ ਅਤੇ ਸੈਨੇਟ ਦੇ ਫੈਂਸਲੇ ਨੂੰ ਬਹਾਲ ਕਰਾਉਣ ਲਈ ਸੰਘਰਸ਼ ਸ਼ੁਰੂ ਕਰ ਦਿੱਤਾ ਹੈ। 



ਵੱਡੀ ਗਿਣਤੀ ਵਿੱਚ ਵਿੱਦਿਆਰਥੀ ਰਾਤ 8.30 ਵਜੇ ਮਾਰਚ ਕਰਦਿਆਂ ਅਤੇ ਵਾਇਸ ਚਾਂਸਲਰ ਦੀ ਤਾਨਾਸ਼ਾਹੀ ਖਿਲਾਫ ਨਾਅਰੇਬਾਜ਼ੀ ਕਰਦਿਆਂ ਉਹਨਾਂ ਦੀ ਰਿਹਾਇਸ਼ ਵੱਲ ਵਧੇ ਜਿੱਥੇ ਵੱਡੀ ਗਿਣਤੀ ਵਿੱਚ ਪੁਲਿਸ ਤੈਨਾਤ ਕੀਤੀ ਗਈ ਸੀ। ਵੀਸੀ ਦੀ ਰਿਹਾਇਸ਼ ਬਾਹਰ ਵਿਦਿਆਰਥੀਆਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਵਿਦਿਆਰਥੀ ਜਥੇਬੰਦੀਆਂ ਨੇ ਕਿਹਾ ਕਿ ਉਹ ਇਸ ਸੰਘਰਸ਼ ਨੂੰ ਲਗਾਤਾਰ ਜਾਰੀ ਰੱਖਣਗੇ ਅਤੇ ਵੀਸੀ ਰਾਹੀਂ ਯੂਨੀਵਰਸਿਟੀ ਦਾ ਭਗਵਾਂਕਰਨ ਕਰਨ ਦੀਆਂ ਆਰਐੱਸਐੱਸ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਪੂਰਾ ਨਹੀਂ ਹੋਣ ਦੇਣਗੇ। ਇਸ ਪ੍ਰਦਰਸ਼ਨ ਵਿੱਚ ਐੱਨਐੱਸਯੂਆਈ, ਸੱਥ, ਐੱਸਐੱਫਐੱਸ, ਸੋਈ, ਆਈਐੱਸਏ, ਏਐੱਫਐੱਸਐੱਸ, ਪੀਐੱਸਯੂ ਲਲਕਾਰ, ਏਐੱਸਏ, ਇਨਸੋ, ਹਿਮਸੂ, ਐੱਸਐੱਫਆਈ, ਪੂਸੂ ਪਾਰਟੀਆਂ ਸ਼ਾਮਿਲ ਹੋਈਆਂ। 

ਵੀਸੀ ਏਬੀਵੀਪੀ ਨੂੰ ਚੌਣਾਂ ਜਿਤਾਉਣਾ ਚਾਹੁੰਦੇ ਹਨ!
ਵਿਦਿਆਰਥੀ ਜਥੇਬੰਦੀਆਂ ਦਾ ਕਹਿਣਾ ਹੈ ਕਿ ਆਰਐੱਸਐੱਸ ਦੇ ਵਿਦਿਆਰਥੀ ਵਿੰਗ ਏਬੀਵੀਪੀ ਨੂੰ ਯੂਨੀਵਰਸਿਟੀ ਚੋਣਾਂ ਜਿਤਾਉਣ ਲਈ ਵੀਸੀ ਨੇ ਇਹ ਤਾਨਾਸ਼ਾਹੀ ਫੈਂਸਲਾ ਕੀਤਾ ਹੈ। ਉਹਨਾਂ ਕਿਹਾ ਕਿ ਵਾਇਸ ਚਾਂਸਲਰ ਆਪਣੀ ਤਾਕਤ ਦੀ ਨਜ਼ਾਇਜ਼ ਵਰਤੋਂ ਕਰਦਿਆਂ ਏਬੀਵੀਪੀ ਨੂੰ ਚੋਣਾਂ ਜਿਤਾਉਣ ਲਈ ਯੂਨੀਵਰਸਿਟੀ ਦੇ ਨਿਯਮਾਂ ਨੂੰ ਛਿੱਕੇ ਟੰਗ ਰਿਹਾ ਹੈ।

ਇੱਕ ਤੀਰ ਨਾਲ ਦੋ ਨਿਸ਼ਾਨੇ
ਜਿੱਥੇ ਕਿਹਾ ਜਾ ਰਿਹਾ ਹੈ ਕਿ ਵੀਸੀ ਵੱਲੋਂ ਏਬੀਵੀਪੀ ਨੂੰ ਚੋਣਾਂ ਜਿਤਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ ਉੱਥੇ ਹੀ ਸਿਆਣੇ ਬੰਦਿਆਂ ਦਾ ਮੰਨਣਾ ਹੈ ਕਿ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਦੇ ਹਵਾਲੇ ਕਰਨ ਦਾ ਇਹ ਪਹਿਲਾ ਕਦਮ ਚੁੱਕਿਆ ਗਿਆ ਹੈ ਜਿਸ ਨਾਲ ਸੈਨੇਟ ਦੀ ਤਾਕਤ ਨੂੰ ਖਤਮ ਕਰਕੇ ਜਿਸ ਵਿੱਚ ਪੰਜਾਬ ਦੀ ਨੁਮਾਂਇੰਦਗੀ ਹੈ, ਵੀਸੀ ਆਰਐੱਸਐੱਸ ਦੇ ਇਸ਼ਾਰੇ 'ਤੇ ਪੰਜਾਬ ਯੂਨੀਵਰਸਿਟੀ 'ਤੇ ਦਿੱਲੀ ਦਾ ਸਿੱਧਾ ਕਬਜ਼ਾ ਕਰਾਉਣ ਦੀ ਤਿਆਰੀ ਕਰ ਰਿਹਾ ਹੈ।