ਮੁਸਲਮਾਨਾਂ ਦੇ ਝੂਠੇ ਮੁਕਾਬਲਿਆਂ 'ਚ ਸਜ਼ਾ ਕੱਟਣ ਵਾਲੇ ਵਣਜਾਰਾ ਨੂੰ ਤਰੱਕੀ ਦੇ ਕੇ ਆਈਜੀ ਬਣਾਇਆ

ਮੁਸਲਮਾਨਾਂ ਦੇ ਝੂਠੇ ਮੁਕਾਬਲਿਆਂ 'ਚ ਸਜ਼ਾ ਕੱਟਣ ਵਾਲੇ ਵਣਜਾਰਾ ਨੂੰ ਤਰੱਕੀ ਦੇ ਕੇ ਆਈਜੀ ਬਣਾਇਆ
ਵਣਜਾਰਾ

ਅਹਿਮਦਾਬਾਦ: ਮੁਸਲਮਾਨਾਂ ਦੇ ਝੂਠੇ ਮੁਕਾਬਲੇ ਬਣਾਉਣ ਦੇ ਦੋਸ਼ 'ਚ 8 ਸਾਲ ਜੇਲ੍ਹ ਅੰਦਰ ਬੰਦ ਰਹੇ ਆਈਪੀਐਸ ਅਫਸਰ ਡੀਜੀ ਵਣਜਾਰਾ 'ਤੇ ਮਿਹਰਬਾਨ ਹੁੰਦਿਆਂ ਗੁਜਰਾਤ ਸਰਕਾਰ ਨੇ ਰਿਟਾਇਰਮੈਂਟ ਤੋਂ ਬਾਅਦ ਤਰੱਕੀ ਦੇ ਕੇ ਆਈਜੀ ਬਣਾ ਦਿੱਤਾ ਹੈ। ਵਣਜਾਰਾ 31 ਮਈ, 2014 ਨੂੰ ਬਤੌਰ ਡੀਆਈਜੀ ਵਜੋਂ ਰਿਟਾਇਰ ਹੋਇਆ ਸੀ। 

ਕਿਹੜੇ ਕਿਹੜੇ ਮਾਮਲਿਆਂ 'ਚ ਸੀ ਦੋਸ਼ੀ
ਡੀਜੀ ਵਣਜਾਰਾ ਦੋ ਵੱਖ-ਵੱਖ ਝੂਠੇ ਪੁਲਿਸ ਮੁਕਾਬਲਿਆਂ ਦਾ ਦੋਸ਼ੀ ਸੀ। ਸਭ ਤੋਂ ਪਹਿਲਾਂ ਵਣਜਾਰਾ ਨੂੰ 2007 ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਇਹ ਗ੍ਰਿਫਤਾਰੀ ਸ਼ੋਹਰਾਬੁਦੀਨ ਸ਼ੇਖ ਅਤੇ ਉਸਦੀ ਪਤਨੀ ਕੌਸਰ ਬਾਈ ਦੇ ਝੂਠੇ ਪੁਲਿਸ ਮੁਕਾਬਲੇ ਦੇ ਦੋਸ਼ 'ਚ ਹੋਈ ਸੀ। ਉਸ ਤੋਂ ਬਾਅਦ ਇਸ ਖਿਲਾਫ ਇਸ਼ਰਤ ਜਹਾਂ ਦੇ ਝੂਠੇ ਪੁਲਿਸ ਮੁਕਾਬਲੇ ਸਮੇਤ ਹੋਰ ਮਾਮਲਿਆਂ 'ਚ ਵੀ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਸੀ।

2007 ਵਿਚ ਗ੍ਰਿਫਤਾਰੀ ਤੋਂ ਬਾਅਦ ਇਸਨੂੰ ਸਾਬਰਮਤੀ ਕੇਂਦਰੀ ਜੇਲ੍ਹ ਵਿਚ ਰੱਖਿਆ ਗਿਆ ਸੀ। ਨਵੰਬਰ 2012 'ਚ ਸੁਪਰੀਮ ਕੋਰਟ ਵੱਲੋਂ ਸੋਹਰਾਬੁਦੀਨ ਮਾਮਲਾ ਤਬਦੀਲ ਕਰਨ ਮਗਰੋਂ ਇਸ ਨੂੰ ਮੁੰਬਈ ਦੀ ਤਾਲੋਜਾ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ ਸੀ। 2013 'ਚ ਸੀਬੀਆਈ ਨੇ ਇਸ ਨੂੰ ਇਸ਼ਰਤ ਜਹਾਂ ਮਾਮਲੇ 'ਚ ਗ੍ਰਿਫਤਾਰ ਕਰਕੇ ਮੁੜ ਸਾਬਰਮਤੀ ਜੇਲ੍ਹ ਭੇਜ ਦਿੱਤਾ ਸੀ। 

ਕਿਵੇਂ ਹੋਇਆ ਦੋਸ਼ ਮੁਕਤ
2014 'ਚ ਮੋਦੀ ਸਰਕਾਰ ਬਣਨ ਮਗਰੋਂ ਸਤੰਬਰ ਮਹੀਨੇ ਬੰਬੇ ਹਾਈ ਕੋਰਟ ਤੋਂ ਇਸਨੂੰ ਸੋਹਰਾਬੁਦੀਨ ਮਾਮਲੇ 'ਚ ਜ਼ਮਾਨਤ ਮਿਲ ਗਈ। ਨਾਲ ਹੀ ਫਰਵਰੀ 2015 'ਚ ਸੀਬੀਆਈ ਨੇ ਇਸ਼ਰਤ ਜਹਾਂ ਮਾਮਲੇ 'ਚ ਵੀ ਇਸਦੀ ਜ਼ਮਾਨਤ ਨੂੰ ਮਨਜ਼ੂਰੀ ਦੇ ਦਿੱਤੀ। ਇਸ ਤਰ੍ਹਾਂ ਇਹ ਜੇਲ੍ਹ ਤੋਂ ਬਾਹਰ ਆ ਗਿਆ।

ਫੇਰ 2017 'ਚ ਵਣਜਾਰਾ ਨੂੰ ਸੋਹਰਾਬੁਦੀਨ ਮਾਮਲੇ 'ਚ ਸਾਰੇ ਦੋਸ਼ਾਂ ਤੋਂ ਦੋਸ਼ ਮੁਕਤ ਐਲਾਨ ਦਿੱਤਾ ਗਿਆ ਤੇ ਮਈ 2019 'ਚ ਸੀਬੀਆਈ ਅਦਾਲਤ ਨੇ ਇਸ਼ਰਤ ਜਹਾਂ ਮਾਮਲੇ 'ਚ ਵੀ ਇਸਨੂੰ ਬਰੀ ਕਰ ਦਿੱਤਾ।