ਨਾਭਾ ਜੇਲ਼੍ਹ ਬੇਅਦਬੀ ਮਾਮਲੇ ਦੀ ਜਾਂਚ ਲਈ ਅਕਾਲ ਤਖ਼ਤ ਸਾਹਿਬ ਨੇ 5 ਮੈਂਬਰੀ ਕਮੇਟੀ ਬਣਾਈ

ਨਾਭਾ ਜੇਲ਼੍ਹ ਬੇਅਦਬੀ ਮਾਮਲੇ ਦੀ ਜਾਂਚ ਲਈ ਅਕਾਲ ਤਖ਼ਤ ਸਾਹਿਬ ਨੇ 5 ਮੈਂਬਰੀ ਕਮੇਟੀ ਬਣਾਈ

ਅੰਮ੍ਰਿਤਸਰ: ਨਾਭਾ ਜੇਲ੍ਹ ਵਿਚ ਗੁਰਬਾਣੀ ਦੀਆਂ ਪੋਥੀਆਂ ਅਤੇ ਗੁਟਕਿਆਂ ਦੀ ਬੇਅਦਬੀ ਦੇ ਮਾਮਲੇ ਦੀ ਜਾਂਚ ਲਈ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜ ਮੈਂਬਰੀ ਜਾਂਚ ਕਮੇਟੀ ਬਣਾਈ ਹੈ। ਇਹ ਕਮੇਟੀ ਪੰਜ ਦਿਨਾਂ ਵਿਚ ਮਾਮਲੇ ਦੀ ਜਾਂਚ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਰਿਪੋਰਟ ਦਵੇਗੀ।

ਬਤਿੇ ਕੱਲ੍ਹ ਪਾਕਿਸਤਾਨ ਦੌਰੇ ਤੋਂ ਪਰਤਦਿਆਂ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਦੱਸ ਦਈਏ ਕਿ ਬੰਦੀ ਸਿੰਘਾਂ ਵੱਲੋਂ ਇਹ ਮਾਮਲਾ ਸਾਹਮਣੇ ਲਿਆਂਦਾ ਗਿਆ ਸੀ ਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਗੁਰਬਾਣੀ ਦੀ ਕੀਤੀ ਗਈ ਬੇਅਦਬੀ ਖਿਲਾਫ ਬੰਦੀ ਸਿੰਘਾਂ ਵੱਲੋਂ ਭੁੱਖ ਹੜਤਾਲ ਰੱਖੀ ਗਈ ਹੈ। ਬੰਦੀ ਸਿੰਘਾਂ ਵੱਲੋਂ ਇਸ ਸਬੰਧੀ ਇਕ ਚਿੱਠੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਵੀ ਭੇਜੀ ਗਈ ਸੀ।

ਚਿੱਠੀ ਵਿਚ ਲਿਖਿਆ ਗਿਆ ਹੈ ਕਿ 13 ਫਰਵਰੀ ਨੂੰ ਇਕ ਬੰਦੀ ਸਿੰਘ ਭਾਈ ਮਾਨ ਸਿੰਘ ਅੰਮ੍ਰਿਤਸਰ ਵਿਖੇ ਅਦਾਲਤ ਵਿਚ ਪੇਸ਼ੀ ਲਈ ਆਇਆ ਸੀ, ਜਿੱਥੇ ਸੰਗਤ ਵੱਲੋਂ ਉਹਨਾਂ ਨੂੰ ਜੇਲ੍ਹ ਵਿਚ ਬੰਦੀ ਸਿੰਘਾਂ ਲਈ ਗੁਰਬਾਣੀ ਦੇ ਗੁਟਕੇ ਅਤੇ ਪੋਥੀਆਂ ਦਿੱਤੀਆਂ ਗਈਆਂ ਸਨ। ਉਹ ਇਹਨਾਂ ਨੂੰ ਨਾਭਾ ਜੇਲ੍ਹ ਵਿਚ ਲੈ ਗਏ ਜਿੱਥੇ ਸੁਰੱਖਿਆ ਅਫਸਰ ਨੇ ਤਲਾਸ਼ੀ ਲੈਣ ਮਗਰੋਂ ਇਹ ਪੋਥੀਆਂ ਤੇ ਗੁਟਕੇ ਦਫਤਰ 'ਚ ਬਿਨ੍ਹਾਂ ਕਿਸੇ ਸਤਿਕਾਰ ਤੋਂ ਇਕ ਪਾਸੇ ਰੱਖ ਦਿੱਤੇ, ਜਿਸ 'ਤੇ ਸਿੰਘਾਂ ਨੇ ਇਤਰਾਜ਼ ਪ੍ਰਗਟ ਕੀਤਾ ਪਰ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਗਈ।