ਹਿੰਸਾ ਦੇ ਡਰੋਂ ਭੱਜ ਰਹੇ ਮੁਸਲਿਮ ਪਰਿਵਾਰਾਂ ਲਈ ਸਿੱਖਾਂ ਨੇ ਖੋਲ੍ਹੇ ਗੁਰੂ ਘਰਾਂ ਦੇ ਦਰਵਾਜੇ

ਹਿੰਸਾ ਦੇ ਡਰੋਂ ਭੱਜ ਰਹੇ ਮੁਸਲਿਮ ਪਰਿਵਾਰਾਂ ਲਈ ਸਿੱਖਾਂ ਨੇ ਖੋਲ੍ਹੇ ਗੁਰੂ ਘਰਾਂ ਦੇ ਦਰਵਾਜੇ

ਨਵੀਂ ਦਿੱਲੀ: ਦਿੱਲੀ ਵਿਚ ਮੁਸਲਿਮ ਮਹੱਲਿਆਂ ਅਤੇ ਮਸੀਤਾਂ 'ਤੇ ਹੋ ਰਹੇ ਹਮਲਿਆਂ ਦਰਮਿਆਨ ਸਥਾਨਕ ਸਿੱਖਾਂ ਵੱਲੋਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਸੁਰੱਖਿਆ ਦੇਣ ਲਈ ਗੁਰਦੁਆਰਾ ਸਾਹਿਬ ਦੇ ਦਰਵਾਜੇ ਖੋਲ੍ਹ ਦਿੱਤੇ ਗਏ ਹਨ। ਦਿੱਲੀ ਵਿਚ ਫੈਲੇ ਨਫਰਤ ਦੇ ਮਾਹੌਲ 'ਚ ਇਕ ਵਾਰ ਫੇਰ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੋਂ ਆਪਸੀ ਭਾਈਚਾਰੇ ਦਾ ਸੁਨੇਹਾ ਮਿਲ ਰਿਹਾ ਹੈ। 

ਇੰਡੀਆ ਟਾਈਮਜ਼ ਅਖਬਾਰ ਵਿਚ ਛਪੀ ਰਿਪੋਰਟ ਮੁਤਾਬਕ ਸਿੱਖਾਂ ਵੱਲੋਂ ਸਿਰਫ ਹਿੰਸਾ ਦੇ ਪੀੜਤ ਲੋਕਾਂ ਨੂੰ ਗੁਰਦੁਆਰਾ ਸਾਹਿਬ ਅੰਦਰ ਸ਼ਰਨ ਹੀ ਨਹੀਂ ਦਿੱਤੀ ਜਾ ਰਹੀ ਬਲਕਿ ਮੁਸਲਿਮ ਘਰਾਂ ਦੇ ਬਾਹਰ ਕਈ ਥਾਵਾਂ 'ਤੇ ਪਹਿਰਾ ਵੀ ਲਾਇਆ ਗਿਆ ਹੈ ਤਾਂ ਕਿ ਹਿੰਸਕ ਭੀੜ ਨੂੰ ਇਹਨਾਂ ਦਾ ਜਾਨੀ ਮਾਲੀ ਨੁਕਸਾਨ ਕਰਨ ਤੋਂ ਰੋਕਿਆ ਜਾ ਸਕੇ।

ਮਸ਼ਹੂਰ ਨਾਵਲ ਲੇਖਿਕਾ ਨਿਲੰਜਨਾ ਰਾਏ ਨੇ ਟਵੀਟ ਕਰਕੇ ਲਿਖਿਆ, "ਦਿੱਲੀ ਦੇ ਇਕ ਹਿੱਸੇ 'ਚ ਸਿੱਖਾਂ ਨੇ ਮੁਸਲਿਮਾਂ ਲਈ ਅਤੇ ਹੋਰ ਪੀੜਤ ਲੋਕਾਂ ਦੀ ਮਦਦ ਲਈ ਗੁਰਦੁਆਰਾ ਸਾਹਿਬ ਦੇ ਦਰਵਾਜੇ ਖੋਲ੍ਹ ਦਿੱਤੇ ਹਨ। ਸੀਲਮਪੁਰ ਵਿਚ ਦਲਿਤ ਭਾਈਚਾਰੇ ਦੇ ਲੋਕ ਹਿੰਸਕ ਭੀੜ ਦਾ ਰਸਤਾ ਰੋਕ ਕੇ ਖੜ੍ਹੇ ਹਨ ਤੇ ਆਪਣੇ ਗੁਆਂਢੀ ਮੁਸਲਮਾਨਾਂ ਨੂੰ ਸ਼ਰਨ ਦੇ ਰਹੇ ਹਨ। ਪੁਲਿਸ ਅਤੇ ਰਾਜਨੀਤਕ ਲੋਕ ਆਪਣੀ ਜ਼ਿੰਮੇਵਾਰੀ ਭੁੱਲ ਚੁੱਕੇ ਹਨ ਪਰ ਲੋਕਾਂ ਵਿਚ ਹਿੰਮਤ ਅਤੇ ਜਿਗਰਾ ਹੈ।"

ਆਦਿਤਿਆ ਮੈਨਨ ਨੇ ਟਵੀਟ ਕਰਦਿਆਂ ਲਿਖਿਆ, " ਉੱਤਰ ਪੂਰਬੀ ਦਿੱਲੀ ਵਿਚ ਹਿੰਸਕ ਭੀੜ ਦੇ ਡਰੋਂ ਭੱਜ ਰਹੇ ਮੁਸਲਿਮ ਪਰਿਵਾਰਾਂ ਨੂੰ ਸਿੱਖਾਂ ਨੇ ਗੁਰਦੁਆਰਾ ਸਾਹਿਬ ਵਿਚ ਸ਼ਰਨ ਦਿੱਤੀ ਹੈ।" 

ਕਲੋਲ ਭੱਟਾਚਾਰੀਆ ਨੇ ਟਵੀਟ ਕੀਤਾ, "ਉੱਤਰੀ ਦਿੱਲੀ ਵਿਚ ਗੁਰਦੁਆਰਾ ਮਜਨੂ ਕਾ ਟਿੱਲਾ ਵਿਚ ਪੀੜਤ ਲੋਕਾਂ ਨੂੰ ਮਦਦ ਦਿੱਤੀ ਜਾ ਰਹੀ ਹੈ।"