ਕਰੋਨਾ ਵਾਇਰਸ : ਅਫਵਾਹਾਂ ਤੋਂ ਬਚਣ ਅਤੇ ਜਾਗਰੂਕ ਹੋਣ ਦੀ ਲੋੜ

ਕਰੋਨਾ ਵਾਇਰਸ : ਅਫਵਾਹਾਂ ਤੋਂ ਬਚਣ ਅਤੇ ਜਾਗਰੂਕ ਹੋਣ ਦੀ ਲੋੜ

ਚੀਨ ਦੇ ਸ਼ਹਿਰ ਵੁਹਾਨ ਵਿਚ ਦਸੰਬਰ 2019 ਵਿਚ ਸਭ ਤੋਂ ਪਹਿਲਾ ਸਾਰਸ (ਸਵਿਅਰ ਅਕਿਊਟ ਰੈਸਪਿਰੇਟਰੀ ਸਿੰਡ੍ਰਾਮ) ਜਿਹੇ ਰਹੱਸਮਈ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਇਸ ਵਾਇਰਸ ਨੂੰ ਹੁਣ ਸੀਓਵੀਅਾਈਡੀ-19 ਦਾ ਨਾਮ ਦਿੱਤਾ ਗਿਅਾ ਹੈ।  ਇਸ ਵਾਇਰਸ ਦਾ ਅਜੇ ਕੋਈ ਵੀ ਇਲਾਜ ਨਹੀਂ ਲੱਭਿਅਾ ਜਾ ਸਕਿਆ। ਚੀਨ ਤੋਂ ਬਾਅਦ ਇਹ ਦੁਨੀਆਂ ਦੇ ਬਹੁਤ ਸਾਰੇ ਦੇਸਾਂ ਵਿਚ ਪੈਰ ਪਸਾਰ ਰਿਹਾ ਹੈ। ਖ਼ਤਰਾ ਇਸ ਗੱਲ ਦਾ ਹੈ ਕਿ ਇਹ ਬੜੀ ਤੇਜੀ ਨਾਲ ਫੈਲਦਾ ਹੈ । ਕਰੋਨਾ ਵਾਇਰਸ ਹੁਣ ਤੱਕ ਸਵਾ ਲੱਖ ਤੋਂ ਜਿਅਾਦਾ ਮਨੁੱਖਾਂ ਨੂੰ ਅਾਪਣੀ ਲਪੇਟ ਵਿਚ ਲੈ ਚੁਕਿਆ ਹੈ ਅਤੇ ਇਸ ਨਾਲ 4000 ਤੋਂ ਵਧੇਰੇ ਮਰੀਜਾਂ ਦੀ ਮੌਤ ਹੋ ਚੁੱਕੀ ਹੈ। ਵਿਸ਼ਵ ਸਿਹਤ ਸੰਗਠਨ ਨੇ ਇਸਨੂੰ ਕੌਮਾਂਤਰੀ ਮਹਾਂਮਾਰੀ ਅੈਲਾਨ ਦਿੱਤਾ ਹੈ। 
   
ਕਰੋਨਾ ਵਾਇਰਸ ਨੇ ਮਨੁੱਖੀ ਜਨ ਜੀਵਨ ਤੇ ਬਹੁਤ ਬੁਰਾ ਅਸਰ ਪਾਇਅਾ ਹੈ। ਚੀਨ ਸਮੇਤ ਦੁਨੀਆਂ ਭਰ ਦੀ ਅਾਰਥਿਕਤਾ ਅਤੇ ਸ਼ੇਅਰ ਬਜ਼ਾਰ ਵਿਚ ਡਿਗ ਰਹੇ ਹਨ। ਖੇਡ ਸਮਾਗਮਾਂ, ਹਵਾਈ ਯਾਤਰਾ, ਇਕੱਠ, ਮੇਲਿਅਾਂ ਵਿਚ ਰੁਕਾਵਟ ਅਾ ਗਈ ਹੈ।
    
ਇਹ ਰੋਗ ਮਰੀਜ ਦੇ ਸੰਪਰਕ ਵਿਚ ਆਉਣ, ਛੂਹਣ, ਹੱਥ ਮਿਲਾੳੁਣ ਜਾਂ ਬਿਨਾ ਮੂੰਹ ਢਕੇ ਖੰਘਣ, ਛਿਕਣ ਨਾਲ ਇਕ ਤੰਦਰੁਸਤ ਮਨੁੱਖ ਨੂੰ ਹੋ ਸਕਦਾ ਹੈ। ਸਾਹ ਸਬੰਧੀ ਦੂਜੀਆਂ ਬੀਮਾਰੀਆਂ ਵਾਂਗ ਬੁਖਾਰ, ਖੰਘ ਤੇ ਸਾਹ ਲੈਣ ਵਿਚ ਦਿੱਕਤ ਇਸ ਵਾਇਰਸ ਦੇ ਲੱਛਣ ਹਨ। ਇਹ ਨਿਮੋਨੀਆ ਦਾ ਕਾਰਨ ਵੀ ਬਣ ਸਕਦਾ ਹੈ। ਕਰੋਨਾ ਵਾਇਰਸ ਦਾ ਪਤਾ ਇਸ ਦੇ ਲੱਛਣਾ ਤੋਂ ਲਗਾਇਆ ਜਾ ਸਕਦਾ ਹੈ ਜਿਵੇਂ ਇਸਦੇ ਨਾਲ ਬਹੁਤ ਤੇਜ ਬੁਖਾਰ ਰਹਿੰਦਾ ਹੈ, ਖੰਘ ਆਉਂਦੀ ਹੈ ਅਤੇ ਸਾਹ ਲੈਣ 'ਚ ਵੀ ਦਿੱਕਤ ਆਉਂਦੀ ਹੈ। 
     
ਸਾਨੂੰ ਇਸਦੇ ਬਚਾਅ ਲਈ ਸਭ ਤੋਂ ਪਹਿਲਾ ਜ਼ਰੂਰੀ ਹੈ ਕਿ ਆਪਣੀ ਰੋਗਾਂ ਨਾਲ ਲੜਨ ਦੀ ਤਾਕਤ ਨੂੰ ਵਧਾਉਣਾ ਚਾਹੀਦਾ ਹੈ ਅਤੇ ਖਾਣ ਪੀਣ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ। ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੱਥਾਂ ਨੂੰ ਚੰਗੀ ਤਰ੍ਹਾਂ ਵਾਰ-ਵਾਰ ਸਾਬਣ ਅਤੇ ਸਾਫ ਪਾਣੀ ਨਾਲ ਧੋਣਾ ਚਾਹੀਦਾ ਹੈ। ਜੁਕਾਮ ਜਾਂ ਖੰਘ ਸਮੇਂ ਮੂੰਹ ਢੱਕ ਕੇ ਰੱਖਣਾ ਚਾਹੀਦਾ ਹੈ ਜਾਂ ਟਿਸ਼ੂ ਪੇਪਰ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਬੈਕਟੀਰੀਆ ਅੰਦਰ ਨਾ ਜਾਣ। ਉਸਨੂੰ ਇਕ ਵਾਰ ਵਰਤਣ ਪਿਛੋਂ ਉਸੇ ਟਾਇਮ ਢੱਕਣ ਵਾਲੇ ਕੂੜੇਦਾਨ ਵਿਚ ਸੁੱਟ ਦੇਣਾ ਚਾਹੀਦਾ ਹੈ। ਭੀੜ ਵਾਲੀਆਂ ਥਾਵਾਂ 'ਤੇ ਜਾਣ ਤੋਂ ਗੁਰੇਜ ਕਰਨਾ ਚਾਹੀਦਾ ਹੈ ਅਤੇ ਜਾਣਾ ਜ਼ਰੂਰੀ ਹੋਵੇ ਤਾਂ ਮਾਸਕ ਲਾ ਕੇ ਜਾਣਾ ਚਾਹੀਦਾ ਹੈ। ਬੁਖਾਰ ਅਤੇ ਖੰਘ ਵਾਲੇ ਮਰੀਜ ਤੋਂ  ਇਕ ਮੀਟਰ ਦੂਰ ਰਹਿਣਾ ਚਾਹੀਦਾ ਹੈ। ਜੇਕਰ ਤੁਹਾਡੇ ਨੇੜੇ ਕੋਈ ਵਿਅਕਤੀ ਕਿਸੇ ਬਾਹਰ ਦੇ ਦੇਸ ਤੋਂ ਇਕ ਜਨਵਰੀ ਤੋਂ ਬਾਅਦ ਅਾਇਅਾ ਹੈ ਤਾਂ ੳੁਸਦੀ ਸੂਚਨਾ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਦੇਣੀ ਚਾਹੀਦੀ ਹੈ ਤਾਂ ਕਿ ੳੁਹ ੳੁਸਦੀ ਲੋੜੀਦੀ ਜਾਂਚ ਕਰ ਸਕਣ। ਹੁਣ ਭਾਰਤ ਸਰਕਾਰ ਨੇ ਬਾਹਰੀ ਲੋਕਾਂ ਦੇ ਅਾਉਣ ਤੇ ਪਾਬੰਦੀ ਹੀ ਲਗਾ ਦਿੱਤੀ ਹੈ।
   
ਕਰੋਨਾ ਵਾਇਰਸ ਬਾਰੇ ਅਫਵਾਹਾਂ ਦਾ ਬਜ਼ਾਰ ਵੀ ਗਰਮ ਹੈ। ਜਿਨਾਂ ਨਾਲ ਲੋਕਾਂ ਵਿਚ ਡਰ ਦਾ ਮਹੌਲ ਬਣਿਅਾ ਹੋਇਆ ਹੈ। ਅਜਿਹੇ ਸਮੇਂ ਮਾਸਕ ਅਤੇ ਸੈਨੇਟਾਇਜਰ ਵਿਕਰੇਤਾਵਾਂ ਵੱਲੋਂ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ। ਬਹੁਤੇ ਲੋਕ ਕਰੋਨਾ ਵਾਇਰਸ ਬਾਰੇ ਤਰ੍ਹਾਂ-ਤਰ੍ਹਾਂ ਦੇ ਨੁਸਖੇ ਅਤੇ ਟੂਣੇ ਟੋਟਕੇ ਦੱਸ ਰਹੇ ਹਨ। ਪਰ ਸਾਨੂੰ ਇਨਾਂ ਸਭ ਗੱਲਾਂ ਤੋਂ ਉੱਪਰ ੳੁੱਠ ਕੇ ਸਭ ਤੋਂ ਪਹਿਲਾਂ ਅਾਪਣੇ ਅਾਪ ਨੂੰ ਅਤੇ ਹੋਰ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਾੳੁਣ ਲਈ ਜਾਗਰੁਕਤਾ ਫੈਲਾੳੁਣੀ ਚਾਹੀਦੀ ਹੈ। ਸਿਹਤ ਵਿਭਾਗ ਨੇ ਕਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਤਿਅਾਰੀਆਂ ਕਰ ਲਈਆਂ ਹਨ ਪਰ ਅਾਮ ਲੋਕਾਂ ਨੂੰ ਵੀ ਇਸ ਨਾਲ ਨਜਿੱਠਣ ਵਾਸਤੇ ਸਾਥ ਦੇਣ ਲਈ ਅੱਗੇ ਅਾੳੁਣਾ ਚਾਹੀਦਾ ਹੈ ।

ਚਾਨਣਦੀਪ ਸਿੰਘ 
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਮਾਨਸਾ