ਬਾਦਲ ਦਲ ਵੱਲੋਂ ਬਚਾਏ ਜਾ ਰਹੇ ਨਕੋਦਰ ਸਾਕੇ ਦੇ ਦੋਸ਼ੀਆਂ ਦਾ ਮਾਮਲਾ ਅਕਾਲ ਤਖ਼ਤ ਸਾਹਿਬ ਪਹੁੰਚਿਆ

ਬਾਦਲ ਦਲ ਵੱਲੋਂ ਬਚਾਏ ਜਾ ਰਹੇ ਨਕੋਦਰ ਸਾਕੇ ਦੇ ਦੋਸ਼ੀਆਂ ਦਾ ਮਾਮਲਾ ਅਕਾਲ ਤਖ਼ਤ ਸਾਹਿਬ ਪਹੁੰਚਿਆ

ਅੰਮ੍ਰਿਤਸਰ: ਬਾਦਲ ਦਲ ਵੱਲੋਂ ਸਰਪ੍ਰਸਤੀ ਦੇ ਕੇ ਬਚਾਏ ਜਾ ਰਹੇ ਨਕੋਦਰ ਸਾਕੇ ਦੇ ਦੋਸ਼ੀਆਂ ਖਿਲਾਫ ਕਾਰਵਾਈ ਲਈ ਸੰਘਰਸ਼ ਦੀ ਅਗਵਾਈ ਕਰਨ ਵਾਸਤੇ ਅੱਜ ਨਕੋਦਰ ਸਾਕੇ ਦੇ ਸ਼ਹੀਦ ਭਾਈ ਰਵਿੰਦਰ ਸਿੰਘ ਦੇ ਪਿਤਾ ਬਾਪੂ ਬਲਦੇਵ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਯਾਦ ਪੱਤਰ ਦਿੱਤਾ। ਇਸ ਮੌਕੇ ਬਾਪੂ ਬਲਦੇਵ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਗਿਆਨੀ ਹਰਪ੍ਰੀਤ ਸਿੰਘ ਨਾਲ ਵਿਸਥਾਰ ਵਿਚ ਗੱਲਬਾਤ ਕੀਤੀ।

ਉਨ੍ਹਾਂ ਨੇ ਸਾਕਾ ਨਕੋਦਰ ਸੰਬੰਧੀ ਹੋਈਆਂ ਜਾਂਚ ਰਿਪੋਰਟਾਂ ਜਸਟਿਸ ਗੁਰਨਾਮ ਸਿੰਘ ਕਮਿਸ਼ਿਨ ਦੀ ਰਿਪੋਰਟ ਦਾ ਪਹਿਲਾ ਭਾਗ ਅਤੇ ਮਨੁੱਖੀ ਅਧਿਕਾਰ ਸਭਾ ਪੰਜਾਬ ਦੀ ਰਿਪੋਰਟ ਵੀ ਜਥੇਦਾਰ ਜੀ ਨੂੰ ਸੌਂਪੀ।  ਬਾਪੂ ਬਲਦੇਵ ਸਿੰਘ ਨੇ ਜਥੇਦਾਰ ਗੁਰਚਰਨ ਸਿੰਘ ਟੋਹੜਾ ਵਲੋਂ ਤਤਕਾਲੀ ਮੀਤ ਪ੍ਰਧਾਨ ਕਾਬੁਲ ਸਿੰਘ ਅਤੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਅਗਵਾਈ ਵਿਚ ਬਣਾਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਜਾਂਚ ਕਮੇਟੀ ਦੀਆਂ 1986 ਦੇ ਅਖਬਾਰਾਂ ਦੀਆਂ ਰਿਪੋਰਟਾਂ  ਵੀ ਸਿੰਘ ਸਾਹਿਬ ਨੂੰ ਦਿੱਤੀਆਂ ਅਤੇ ਮੰਗ ਕੀਤੀ ਕਿ ਸ਼੍ਰੋਮਣੀ  ਕਮੇਟੀ ਦੇ ਰਿਕਾਰਡ ਖੰਗਾਲਕੇ ਪਰਿਵਾਰਾਂ ਨੂੰ ਉਸ ਰਿਪੋਰਟ ਦੀ ਕਾਪੀ ਦਿੱਤੀ ਜਾਵੇ। 

ਬਾਪੂ ਬਲਦੇਵ ਸਿੰਘ ਜੀ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਲਈ ਸ਼ਹੀਦ ਹੋਏ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਆਪਣਾ ਪ੍ਰਭਾਵ ਵਰਤੇ। 

ਗਿਆਨੀ ਹਰਪ੍ਰੀਤ ਸਿੰਘ ਨੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਤਿੰਨੇ ਰਿਪੋਰਟਾਂ ਨੂੰ ਚੰਗੀ ਤਰ੍ਹਾਂ ਪੜ੍ਹਣਗੇ ਅਤੇ ਪੰਜੇ ਸਿੰਘ ਸਾਹਿਬਾਨ ਨਾਲ ਮਿਲਕੇ ਸਾਕਾ ਨਕੋਦਰ ਦੇ ਇਨਸਾਫ਼ ਲਈ ਕਾਰਵਾਈ ਦਾ ਐਲਾਨ ਕਰਨਗੇ।

ਇਹ ਵੀ ਵਰਨਣਯੋਗ ਹੈ ਕਿ ਸਾਕਾ ਨਕੋਦਰ ਨੂੰ ਵਾਪਰਿਆਂ 34 ਸਾਲ ਬੀਤ ਚੁੱਕੇ ਹਨ। 4 ਫਰਵਰੀ 1986 ਨੂੰ ਪੰਜਾਬ ਪੁਲਿਸ ਨੇ ਨਕੋਦਰ ਵਿੱਚ ਸਿੱਖਾਂ ਦੇ ਇੱਕ ਸ਼ਾਂਤਮਈ ਕਾਫਿਲੇ ਉੱਪਰ ਗੋਲੀਆਂ ਚਲਾ ਕੇ ਚਾਰ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਸਿੱਖਾਂ ਦਾ ਇਹ ਕਾਫਿਲਾ ਦੋ ਦਿਨ ਪਹਿਲਾਂ (ਭਾਵ 2ਫਰਵਰੀ 1986) ਨੂੰ ਗੁਰਦੁਆਰਾ ਗੁਰੂ ਅਰਜਨ ਜੀ, ਨਕੋਦਰ ਵਿਖੇ ਅਗਨ ਭੇਟ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੋਇੰਦਵਾਲ ਸਾਹਿਬ ਲਿਜਾਣ ਵਾਸਤੇ ਜਾ ਰਿਹਾ ਸੀ।

ਸਾਕਾ ਨਕੋਦਰ 1986 ਦੌਰਾਨ ਪੁਲੀਸ ਵੱਲੋਂ ਸਿੱਖ ਨੌਜਵਾਨਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਸੀ। ਪੁਲਿਸ ਨੇ ਇਹ ਸਾਕਾ ਵਰਤਾ ਦੇਣ ਤੋਂ ਬਾਅਦ ਸ਼ਹੀਦ ਹਿਏ ਸਿੱਖ ਨੌਜਵਾਨਾਂ- ਭਾਈ ਰਵਿੰਦਰ ਸਿੰਘ , ਭਾਈ ਬਲਧੀਰ ਸਿੰਘ, ਭਾਈ ਝਲਮਣ ਸਿੰਘ ਅਤੇ ਭਾਈ ਹਰਮਿੰਦਰ ਸਿੰਘ ਦੀਆਂ ਮ੍ਰਿਤਕ ਦੇਹਾਂ ਵੀ ਪਰਿਵਾਰਾਂ ਨੂੰ ਨਹੀਂ ਸਨ ਦਿੱਤੀਆਂ ਅਤੇ ਆਪੇ ਹੀ ਇਨ੍ਹਾਂ ਦਾ ਬਿਨਾ ਮਰਿਆਦਾ ਦੇ ਤੇਲ ਪਾ ਕੇ ਸੰਸਕਾਰ ਕਰ ਦਿੱਤਾ ਸੀ।

ਇਨ੍ਹਾਂ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੇ ਅੱਜ ਵੀ ਇਨ੍ਹਾਂ ਸ਼ਹੀਦ ਸਿੰਘਾਂ ਅਤੇ ਇਸ ਸਾਕੇ ਦੀ ਯਾਦ ਨੂੰ ਸੰਭਾਲਿਆ ਹੋਇਆ ਹੈ ਅਤੇ ਉਨ੍ਹਾਂ ਕੋਲ ਦੋਸ਼ੀਆਂ ਨੂੰ ਇਨਸਾਫ ਦੇ ਕਟਿਹਰੇ ਵਿਣ ਖੜ੍ਹਾ ਕਰਨ ਲਈ ਸੰਘਰਸ਼ ਕਰਨ ਵਾਸਤੇ ਲੋੜੀਂਦਾ ਸਿਰੜ ਵੀ ਹੈ।

ਭਾਵੇਂ ਕਿ ਸਾਢੇ ਤਿੰਨ ਦਹਾਕੇ ਦੇ ਅਰਸੇ ਦੌਰਾਨ ਤਿੰਨ ਸ਼ਹੀਦ ਸਿੰਘਾਂ ਦੇ ਮਾਤਾ ਪਿਤਾ ਜਹਾਨ ਤੋਂ ਚਲਾਣਾ ਕਰ ਗਏ ਹਨ ਪਰ ਹਾਲੇ ਵੀ ਉਨ੍ਹਾਂ ਦੇ ਪਰਿਵਾਰ ਅਤੇ ਪਿੱਛੇ ਬਚੇ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਮਾਤਾ-ਪਿਤਾ ਹਰ ਸਾਲ ਸਾਕਾ ਨਕੋਦਰ 1986 ਦੇ ਸ਼ਹੀਦਾਂ ਨੂੰ ਯਾਦ ਕਰਦੇ ਹਨ। ਉਹ ਇਸ ਸਾਕੇ ਦੇ ਦੋਸ਼ੀ ਪੁਲਿਸ ਵਾਲਿਆਂ ਅਤੇ ਅਫਸਰਾਂ ਜਿਨ੍ਹਾਂ ਵਿਚ ਇਜਹਾਰ ਆਲਮ ਅਤੇ ਦਰਬਾਰਾ ਸਿੰਘ ਗੁਰੂ ਦੇ ਨਾਂ ਸ਼ੁਮਾਰ ਹਨ, ਨੂੰ ਕਟਹਿਰੇ ਵਿਚ ਖੜ੍ਹੇ ਕਰਨ ਲਈ ਯਤਨਸ਼ੀਲ ਰਹਿੰਦੇ ਹਨ। ਦੱਸਣਾ ਬਣਦਾ ਹੈ ਕਿ ਇਨ੍ਹਾਂ ਦੋਵਾਂ ਦੋਸ਼ੀਆਂ ਦੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਸਿਆਸੀ ਸਰਪ੍ਰਸਤੀ ਕਰਦਾ ਰਿਹਾ ਹੈ ਅਤੇ ਅੱਜ ਵੀ ਕਰ ਰਿਹਾ ਹੈ।