ਪੰਜਾਬ ਦੀ ਮੌਜੂਦਾ ਰਾਜਨੀਤੀ ਤੇ ਕਿਸਾਨੀ ਅੰਦੋਲਨ ਦੇ ਰੋਲ ਦਾ ਸੁਆਲ

ਪੰਜਾਬ ਦੀ ਮੌਜੂਦਾ ਰਾਜਨੀਤੀ ਤੇ ਕਿਸਾਨੀ ਅੰਦੋਲਨ ਦੇ ਰੋਲ ਦਾ ਸੁਆਲ

ਕਿਸਾਨੀ ਅੰਦੋਲਨ 'ਚੋਂ ਲੋਕਾਂ ਅੰਦਰ ਆਈ ਚੇਤਨਾ ਨੂੰ ਰਾਜਨੀਤਕ ਮੂੰਹ ਕਿਹੜਾ ਦੇਈਏ?

 ਹਾਲ ਹੀ ਦਿਨਾਂ ਵਿਚ ਪੰਜਾਬ ਦੀ ਰਾਜਨੀਤੀ ਚੌਰਾਹੇ ਤੇ ਖਲੋਤੀ ਹੈ। ਕੋਈ ਸਾਫ ਤਸਵੀਰ ਦਿੱਸ ਨਹੀਂ ਰਹੀ। ਪੰਜਾਬ ਦੀਆਂ ਵੱਖ-ਵੱਖ ਧਿਰਾਂ ਵਿਚੋਂ ਕੋਈ ਸਵੀਕਾਰਿਆ ਚਿਹਰਾ ਉਭਰ ਕੇ ਨਹੀਂ ਆ ਰਿਹਾ। ਕੋਈ ਹਿੱਕ ਤੇ ਹੱਥ ਮਾਰ ਕੇ ਹਾਲੇ ਕਹਿਣ ਜੋਗਾ ਨਹੀਂ ਹੈ ਕਿ 'ਉਡਦੀ ਧੂੜ ਵਿਚੋਂ ਬੋਤਾ ਯਾਰ ਦਾ ਦੂਰੋਂ ਈ ਦਿੱਸੇ'ਪਰੰਪਰਕ ਲੀਡਰਸ਼ਿਪ ਹੱਥਲ ਜਿਹੀ ਹੋਈ ਪਈ ਹੈ। ਉਹਨਾਂ ਕੋਲ ਚੋਣ ਲੜਨ ਦੇ ਹਥਿਆਰ ਵੀ ਪਰੰਪਰਕ ਨੇ,ਜਿਹੜੇ ਹੁਣ ਖੁੰਡੇ ਜਿਹੇ ਹੋਏ ਵਿਖਾਈ ਦੇਂਦੇ ਨੇ। ਉਹਨਾਂ ਨੂੰ ਸੁਝ ਹੀ ਨਹੀਂ ਰਿਹਾ ਕਿ ਉਹ ਲੜਾਈ ਕਿਵੇਂ ਲੜਨ! ਰੇਤਾ ਬਜਰੀ ਦਾ ਮਸਲਾ, ਬੇਅਦਬੀ ਕਾਂਡ, ਨਸ਼ੇ ਦਾ ਮਸਲਾ, ਬੇਰੁਜ਼ਗਾਰੀ ਤੇ ਹੋਰ ਅਨੇਕਾਂ ਮਸਲੇ ਚਣੌਤੀ ਬਣ ਕੇ ਖਲੋਤੇ ਨੇ।ਪਿਛਲੇ ਸਾਲਾਂ ਵਿਚ ਕੈਪਟਨ ਤੋਂ ਜੋ ਉਮੀਦ ਕੀਤੀ ਗਈ ਸੀ, ਉਸ ਤੇ ਉਹ ਪੂਰੇ ਨਹੀਂ ਉਤਰੇ। ਸੰਕਟ ਬਹੁਤ ਭਿਅੰਕਰ ਹੈ, ਲੋਕਾਂ ਨੂੰ ਪਰੰਪਰਕ ਲੀਡਰਸ਼ਿਪ ਤੇ ਵਿਸ਼ਵਾਸ ਰਿਹਾ ਨਹੀਂ। ਅਗਰ ਜੋੜ ਤੋੜ ਕਰਕੇ ਇਹੀ ਪੁਰਾਣੀ ਲੀਡਰਸ਼ਿਪ ਸੱਤਾ ਵਿਚ ਆਉਂਦੀ ਹੈ ਤਾਂ ਨਿਸਚੇ ਹੀ ਪੰਜਾਬ ਬਹੁਤ ਭਾਰੀ ਨਿਰਾਸ਼ਾ ਵਿਚ ਚਲਾ ਜਾਵੇਗਾ। ਸਮੱਸਿਆ ਇਹ ਹੈ ਕਿ ਸਾਡਾ ਚੋਣ ਸਿਸਟਮ ਹੀ ਕੁੱਝ ਏਦਾਂ ਦਾ ਹੈ ਕਿ ਕਈ ਵੇਰੀਂ ਲੋਕਾਂ ਦੀਆਂ ਇਛਾਵਾਂ ਤੋਂ ਉਲਟ ਵੀ ਜੋੜ ਤੋੜ ਕਰਕੇ ਸਰਕਾਰਾਂ ਬਣ ਜਾਂਦੀਆਂ ਨੇ।ਏਸ ਸਿਸਟਮ ਦਾ ਤੋੜ ਤਾਂ 'ਅਨੁਪਾਤਿਕ ਚੋਣ ਪ੍ਰਣਾਲੀ' ਵਿਚ ਪਿਐ,ਜੋ ਸਾਡੇ ਏਥੇ ਲਾਗੂ ਨਹੀਂ ਹੈ ਤੇ ਨਾ ਹੀ ਪਰੰਪਰਕ ਪਾਰਟੀਆਂ ਇਹ ਲਾਗੂ ਕਰਨਾ ਚਾਹੁੰਦੀਆਂ ਨੇ।ਏਸ ਨਾਲ ਇਹਨਾਂ ਦਾ ਦਬਦਬਾ ਟੁੱਟਦੈ‌।

         ਅਕਾਲੀ-ਬੀਐਸਪੀ ਗਠਜੋੜ, ਕਾਂਗਰਸ ਦਾ ਆਪਸੀ ਰੱਫੜ,ਆਪ ਦੀ ਕੁੰਵਰ ਵਿਜੇ ਪ੍ਰਤਾਪ ਨੂੰ ਸ਼ਾਮਲ ਕਰਕੇ ਲਈ ਅੰਗੜਾਈ, ਢੀਂਡਸਾ-ਬ੍ਰਹਮਪੁਰਾ ਅਕਾਲੀ ਦਲ, ਬੀਜੇਪੀ ਦਾ ਮਾੜਾ ਹਾਲ ਤੇ ਏਦਾਂ ਹੋਰ ਬੈਂਸ-ਖਹਿਰਾ ਚਿਹਰੇ--ਇਹ ਨੇ ਫਿਲਹਾਲ ਸਾਡੀ ਹੋਣੀ ਤੇ ਪੰਜਾਬ ਦਾ ਭਵਿੱਖ ...ਕੀ ਏਸ ਨਾਲ ਪੰਜਾਬ ਦਾ ਭਵਿੱਖ ਸੰਵਰ ਜਾਵੇਗਾ?.... ਬਹੁਤ ਵੱਡੇ ਸ਼ੰਕੇ ਨੇ!! ਸੰਕਟ ਦਾ ਹੱਲ ਇਹਨਾਂ ਕੋਲ ਹੈ ਨਹੀਂ,ਕਿਉਂਜੋ ਇਹ ਆਪਸ ਵਿੱਚ ਹੀ ਅੰਤਰ ਵਿਰੋਧਾਂ ਨਾਲ ਟੁੱਟ ਫੁੱਟ ਜਾਣਗੇ। ਇਕੱਲੇ ਨਵਜੋਤ ਸਿੱਧੂ ਦਾ ਆਦਰਸ਼ਵਾਦ ਕੀ ਕਰ'ਲੂ ਜਾਂ ਇਕੱਲੇ ਪ੍ਰਗਟ ਸਿੰਘ ਦੀ ਇਮਾਨਦਾਰੀ ਕੀ ਕੱਦੂ 'ਚ ਤੀਰ ਮਾਰ'ਲੂ।ਏਸ ਸਭ ਕੁੱਝ ਲਈ ਵੱਡੀ ਟੀਮ ਦੀ ਜ਼ਰੂਰਤ ਹੈ,ਉਹ ਵੀ ਸਮਰਪਿਤ ਤੇ ਤਿਆਗੀ।ਉਹ ਕੋਈ ਸਪੱਸ਼ਟ ਦਿੱਸ ਨਹੀਂ ਰਹੀ। 

  ਏਸ ਕਰਕੇ ਮੈਂ ਸ਼ੁਰੂ ਵਿਚ ਹੀ ਜ਼ਿਕਰ ਕੀਤਾ ਹੈ ਕਿ ਪੰਜਾਬ ਏਸ ਵੇਲੇ ਚੌਰਾਹੇ 'ਚ ਖੜਾ ਹੈ। ਏਸ ਸਾਰੇ ਮੰਜ਼ਰ ਵਿਚ ਪੰਜਾਬ ਅੰਦਰ ਕਿਸਾਨੀ ਅੰਦੋਲਨ ਤੋਂ ਆਈ ਰਾਜਨੀਤਕ ਤੇ ਹੱਕ ਹਕੂਕ ਦੀ ਚੇਤਨਾ ਹੈ ਜੋ ਸਾਫ ਦਿੱਸ ਰਹੀ ਹੈ।ਏਸ ਨਵੀਂ ਆਈ ਚੇਤਨਾ ਨੇ ਪਰੰਪਰਕ ਲੀਡਰਸ਼ਿਪ ਧੱਕ ਕੇ ਪਰ੍ਹਾਂ ਸੁੱਟ ਦਿੱਤੀ ਏ। ਹੁਣ ਸਿਰ ਤੇ ਆਈ ਚੋਣ ਲਈ ਰਾਜਨੀਤੀ ਤਾਂ ਖੇਡੀ ਜਾਣੀ ਏ,ਹੋਰ ਪਰੰਪਰਕ ਲੀਡਰਸ਼ਿਪ ਨੇ ਗੰਢਿਆਂ ਦਾ ਵਪਾਰ ਤਾਂ ਕਰਨਾ ਨਹੀਂ ...ਉਹ ਤਾਂ ਆਪਣੇ ਪਰ ਤੋਲਣਗੇ।   ਸੁਆਲ ਇਹ ਹੈ ਕਿ ਕਿਸਾਨੀ ਅੰਦੋਲਨ 'ਚੋਂ ਲੋਕਾਂ ਅੰਦਰ ਆਈ ਚੇਤਨਾ ਨੂੰ ਰਾਜਨੀਤਕ ਮੂੰਹ ਕਿਹੜਾ ਦੇਈਏ?.. ਰਾਜਨੀਤਕ ਸੂਝ ਰੱਖਣ ਵਾਲੇ ਏਸ ਨਵੇਂ ਵਰਤਾਰੇ ਵੱਲ ਨੀਝ ਲਾ ਕੇ ਵੇਖ ਰਹੇ ਨੇ। ਕਿਸਾਨੀ ਅੰਦੋਲਨ ਸਬੰਧੀ ਇਹ ਇਕਹਿਰੀ ਜਿਹੀ ਸਮਝ ਤਿਆਗਣੀ ਪਵੇਗੀ ਕਿ ਇਹ ਅੰਦੋਲਨ ਸਿਰਫ਼ ਖੇਤੀ ਕਨੂੰਨਾਂ ਤੱਕ ਹੀ ਸੀਮਤ ਹੈ।ਇਹ ਸੋਚ ਉਹਨਾਂ ਦੀ ਹੈ ਜੋ ਅੰਦੋਲਨਾਂ ਦੇ ਬਹੁ ਪਾਸਾਰੀ ਪ੍ਰਭਾਵਾਂ ਨੂੰ ਵੇਖ ਸਕਣ ਦੀ ਸਮਰੱਥਾ ਨਹੀਂ ਰੱਖਦੇ।ਉਹ ਭਵਿੱਖ ਦੇ ਗਰਭ ਵਿਚ ਰਿੜਕਣ ਦੀ ਕਿਹੋ ਜਿਹੀ ਆਹਟ ਸੁਣਾਈ ਦੇਂਦੀ ਪਈ ਏ? ਉਹਨਾਂ ਦੀ ਵਿਵੇਕੀ ਅੱਖ ਇਹ ਵੇਖ ਨਹੀਂ ਸਕਦੀ।ਇਹ ਉਹਨਾਂ ਦੀ ਸਮਾਜ ਸ਼ਾਸਤਰੀ ਸੂਝ ਤੋਂ ਕੋਰੇ ਹੋਣ ਦੀ ਨਿਸ਼ਾਨੀ ਹੈ।

       ਮੌਜੂਦਾ ਰਾਜਨੀਤਿਕ ਵਰਤਾਰੇ ਦੌਰਾਨ ਕਿਸਾਨੀ ਅੰਦੋਲਨ ਵਿਚੋਂ ਨਵੀਂ ਆਈ ਚੇਤਨਾ ਨੂੰ ਤਰਕਸੰਗਤ ਸਮਝਣਾ ਤੇ ਫੇਰ ਏਸਨੂੰ ਪੰਜਾਬ ਦੀ ਰਾਜਨੀਤਕ ਵਿਵਸਥਾ ਦੇ ਗੁਣਾਤਮਿਕ ਬਦਲਾਓ ਲਈ ਵਰਤਣਾ.. ਸਮੇਂ ਦੀ ਰਾਜਨੀਤੀ ਦਾ ਬਹੁਤ ਵੱਡਾ ਇਤਹਾਸਕ ਰੋਲ ਹੋਵੇਗਾ। 

  ਇਹ ਭੂਮਿਕਾ ਨਿਭਾਅ ਕੌਣ ਸਕਦੈ?

ਇਹਦਾ ਜਵਾਬ ਇਹ ਕਿ ਇਹ ਕੰਮ ਕਿਸਾਨੀ ਅੰਦੋਲਨ ਦਾ ਕੂਟਨੀਤਕ ਕਦਮ ਹੀ ਨਿ਼ਭਾ ਸਕਦੈ। ਪੂਰਾ ਪੰਜਾਬ ਏਸ ਕਦਮ ਦੀ ਆਹਟ ਸੁਣਨ ਲਈ ਤੜਪ ਰਿਹੈ। ਨੌਜਵਾਨਾਂ 'ਚ ਬੇਚੈਨੀ, ਖ਼ੁਦਕੁਸ਼ੀਆਂ, ਚਿੱਟੇ ਦਾ ਸੇਵਨ, ਵਿਦੇਸ਼ਾਂ ਦੀ ਉਡਾਰੀ ਏਸੇ ਤੜਪਾਹਟ ਦੀਆਂ ਹੀ ਨਿਸ਼ਾਨੀਆਂ ਨੇ। ਹੁਣ ਸੁਆਲ ਇਹ ਹੈ ਕਿਸਾਨੀ ਅੰਦੋਲਨ ਨੇ ਮੌਜੂਦਾ ਹਾਲਾਤਾਂ ਵਿੱਚ ਰਾਜਨੀਤਕ ਮੂੰਹ ਕਿਵੇਂ ਦੇਣੈ?  -ਪੰਜਾਬ ਦਾ ਹਰ ਪਿੰਡ ਕਿਸਾਨੀ ਅੰਦੋਲਨ ਨਾਲ ਜੁੜਿਆ ਹੋਇਆ ਹੈ।ਇਹ ਸਾਡੇ ਬਾਰਾਂ ਹਜ਼ਾਰ ਦੇ ਕਰੀਬ ਪਿੰਡ ਨੇ। ਇਹਨਾਂ ਪਿੰਡਾਂ ਵਿਚ ਕਮੇਟੀਆਂ ਇਕ ਆਵਾਜ਼ ਦਿੱਤਿਆਂ ਹੀ ਬਣ ਜਾਣਗੀਆਂ।      

     ਇਹ ਬਣਨਗੀਆਂ ਕਿਵੇਂ?

ਇਹ ਬਣਨਗੀਆਂ ਇਕ ਅਜੰਡੇ ਤਹਿਤ।ਇਹ ਅਜੰਡਾ ਕਿਸਾਨੀ ਲੀਡਰਸ਼ਿਪ ਨੂੰ ਫੌਰੀ ਬਣਾਉਣਾ ਪਵੇਗਾ ਤੇ ਨਾਲ ਪ੍ਰਸ਼ਨਾਂ ਦੀ ਇਕ ਸੂਚੀ ਜਿਹੜੀ ਪਿੰਡ ਆਲੇ ਪਰੰਪਰਕ ਲੀਡਰਾਂ ਤੋਂ ਸਖ਼ਤੀ ਨਾਲ ਪਿੰਡਾਂ ਵਿਚ ਬੈਨਰ ਲਾ ਕੇ ਤੇ ਸ਼ੋਸ਼ਲ ਮੀਡੀਆ ਤੇ ਪੁੱਛ ਸਕਣ।ਏਸ ਨਾਲ ਰਾਜਨੀਤਕ ਚੇਤਨਾ ਹੋਰ ਤਿੱਖੀ ਹੋਵੇਗੀ ਤੇ ਨਾਲ ਹੀ ਪੈਂਦੀ ਸੱਟੇ ਪਰੰਪਰਕ ਲੀਡਰਸ਼ਿਪ ਦਾ ਗੁਮਰਾਹਕੁਨ ਪੈਂਤੜਾ ਖੁੰਡਾ ਹੋ ਜਾਵੇਗਾ।ਇਹ ਕਦਮ ਫੌਰੀ ਚੁੱਕਣਾ ਹੋਵੇਗਾ ਤੇ ਏਸ ਦਾ ਪ੍ਰਭਾਵ ਬਹੁਤ ਜਲਦੀ ਸ਼ਹਿਰਾਂ ਕਸਬਿਆਂ ਦੇ ਲੋਕਾਂ ਤੇ ਵੀ ਪਵੇਗਾ,ਕਿਉਂਜੋ ਇਹਨਾਂ ਦੀ ਆਰਥਿਕਤਾ ਦਾ ਵੱਡਾ ਰੂਪ ਖੇਤੀ ਤੇ ਆਧਾਰਿਤ ਹੈ।.... ਫ਼ਿਲਹਾਲ ਪੰਜਾਬ ਕਿਸਾਨੀ ਲਹਿਰ ਵਿਚ ਹੀ ਜੀਅ ਰਿਹੈ, ਪਰੰਪਰਕ ਲੀਡਰਸ਼ਿਪ ਪੰਜਾਬ ਦੀ ਸੰਵੇਦਿਤ ਹੋਈ ਮਾਨਸਿਕਤਾ ਨੂੰ ਬਖੇਰਨਾ ਚਾਹੁੰਦੀ ਹੈ,ਇਹ ਉਹਦੀ ਆਪਣੀ ਹੋਂਦ ਦੇ ਹਿੱਤ ਨੇ,ਉਹ ਨਵੇਂ ਬਿਰਤਾਂਤ ਸਿਰਜੇਗੀ।    ਜਦੋਂ ਲਹਿਰ ਚੱਲ ਰਹੀ ਹੋਵੇ, ਫੇਰ ਜਿੰਨੇ ਮਰਜ਼ੀ ਝੂਠੇ ਸੱਚੇ ਬਿਰਤਾਂਤ ਸਿਰਜੇ ਜਾਣ,ਲਹਿਰ ਅੱਗੇ ਕੋਈ ਪਾਰ ਨਹੀਂ ਪੈਂਦੀ,ਸਭ ਨੇਸਤਾਬੂਤ ਹੋ ਜਾਂਦੇ ਨੇ।ਸੋ ਕਿਸਾਨੀ ਵਾਸਤੇ ਇਹ ਇਤਹਾਸਕ ਮੌਕੈ ਕਿ ਉਹ ਇਕ ਸੌ ਸਤਾਰਾਂ ਵਿਧਾਨ ਸਭਾ ਹਲਕਿਆਂ ਤੇ ਆਪਣੇ ਇਮਾਨਦਾਰ ਤੇ ਸਮਰਪਿਤ ਲੀਡਰ ਲੈ ਕੇ ਆਵੇ।

ਜਦੋਂ ਨਰੋਆ ਅਜੰਡਾ ਹੋਵੇ ਤੇ ਲਹਿਰ ਵੀ ਚੱਲ ਰਹੀ ਹੋਵੇ, ਫਿਰ ਸਿੱਟੇ ਅਣਕਿਆਸੇ ਨਿਕਲਦੇ ਨੇ। ਬਸ਼ਰਤੇ ਕਿ ਅਜੰਡਾ ਲੋਕਾਂ ਦੇ ਮਨਾਂ ਵਿਚ ਸੁਪਨੇ ਦੀ ਪੱਧਰ ਤੱਕ ਪ੍ਰਤੀਕਾਤਮਕ ਪ੍ਰਭਾਵ ਪਾਉਣ ਵਾਲਾ ਹੋਵੇ।ਸੱਤਾ ਪ੍ਰਾਪਤੀ ਤੋਂ ਬਾਅਦ ਹੋਰ ਅਨੇਕਾਂ ਚਣੌਤੀਆਂ ਨੂੰ ਸਿਆਣਿਆਂ ਅਰਥਸ਼ਾਸਤਰੀਆਂ, ਸਿਖਿਆ ਸ਼ਾਸਤਰੀਆਂ, ਪ੍ਰਸ਼ਾਸਨਿਕਾਂ ਤੇ ਹੋਰ ਵੱਖ ਵਖ ਸ਼ੋਹਬਿਆਂ ਵਿਚ ਨਾਮਣਾ ਖੱਟ ਚੁੱਕੇ ਸ਼ਖ਼ਸੀਅਤਾਂ ਦੀ ਸਹਾਇਤਾ ਨਾਲ ਪੰਜਾਬ ਦੀ ਤਕਦੀਰ ਬਦਲੀ ਜਾ ਸਕਦੀ ਹੈ। ਗੱਲ ਸਿੱਧੀ ਹੈ ਕਿ ਅਗਰ ਕੁੱਝ ਪੰਜਾਬੀਆਂ ਨੂੰ ਦਿੱਸੇਗਾ ਤਾਂ ਉਹ ਮਗਰ ਵੀ ਲੱਗਣਗੇ।ਅਗਰ ਉਹ ਮਗਰ ਲੱਗਣਗੇ ਤਾਂ ਪਰੰਪਰਕ ਲੀਡਰਸ਼ਿਪ ਦੀ ਥਾਂ ਇਕ ਇਮਾਨਦਾਰ ਤੇ ਵਿਕਾਸਮੁਖੀ ਲੀਡਰਸ਼ਿਪ ਹੋਂਦ ਵਿਚ ਆਵੇਗੀ।ਇਹ ਸਭ ਕੁੱਝ ਕਰਨ ਨਾਲ ਹੀ ਹੋਵੇਗਾ ਤੇ ਇਤਹਾਸ ਵਿੱਚ ਆਏ ਮੌਕੇ ਨੂੰ ਸੰਭਾਲਣ ਨਾਲ ਹੀ ਹੋਵੇਗਾ।ਇਹ ਇਤਹਾਸਕ ਮੌਕਾ ਲੋਕਾਈ ਦਾ ਅੱਖਾਂ ਅੱਗੇ ਤੈਰਦਾ ਹੋਇਆ ਸੁਪਨਾ ਹੁੰਦਾ ਹੈ ਜਿਸਨੂੰ ਹਕੀਕਤ ਵਿਚ ਲਾਗੂ ਮੌਕੇ ਦੀ ਸਿਆਣੀ ਲੀਡਰਸ਼ਿਪ ਨੇ ਕਰਨਾ ਹੁੰਦਾ ਹੈ, ਨਹੀਂ ਤਾਂ ਫਿਰ ਉਹ ਪਾਣੀ ਦੇ ਬੁਲਬੁਲੇ ਵਾਂਗ ਫੱਟ ਕੇ ਚੱਲਦੇ ਵਹਿਣ ਵਿਚ ਲੱਗ ਤੁਰਦਾ ਹੈ।

ਅਮਰਜੀਤ ਅਰਪਨ

 Mob. 94163 55918