ਕੈਦੀ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ 'ਚ 11 ਪੁਲਸ ਮੁਲਾਜ਼ਮਾਂ ਸਮੇਤ 13 ਦੋਸ਼ੀ ਐਲਾਨੇ

ਕੈਦੀ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ 'ਚ 11 ਪੁਲਸ ਮੁਲਾਜ਼ਮਾਂ ਸਮੇਤ 13 ਦੋਸ਼ੀ ਐਲਾਨੇ

ਅੰਮ੍ਰਿਤਸਰ: ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ ਅੱਜ ਕੈਦੀ ਬਿਕਰਮਜੀਤ ਸਿੰਘ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ 'ਚ ਅੱਜ ਫੈਂਸਲਾ ਸੁਣਾਉਂਦਿਆਂ 11 ਪੁਲਿਸ ਵਾਲਿਆਂ ਸਮੇਤ 13 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ।

ਕੈਦੀ ਬਿਕਰਮ ਸਿੰਘ ਕਤਲ ਦੇ ਮਾਮਲੇ 'ਚ ਜੇਲ੍ਹ ਅੰਦਰ ਬੰਦ ਸੀ ਤੇ ਮਈ 2014 ਵਿੱਚ ਜਦੋਂ ਉਹ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ ਤਾਂ ਪੁਲਿਸ ਨੇ ਉਸ ਨੂੰ ਅਗਵਾ ਕਰ ਲਿਆ ਸੀ ਤੇ ਬਟਾਲਾ ਦੀ ਟਰੈਕਟਰ ਅਜੈਂਸੀ ਵਿੱਚ ਤਸ਼ੱਦਦ ਕਰਕੇ ਉਸਦਾ ਕਤਲ ਕਰ ਦਿੱਤਾ ਸੀ।

ਅਦਾਲਤ ਵੱਲੋਂ ਇਸ ਮਾਮਲੇ 'ਚ ਇੰਸਪੈਕਟਰ ਨਾਰੰਗ ਸਿੰਘ, ਏਐੱਸਆਈ ਗੁਲਸ਼ਨਬੀਰ ਸਿੰਘ, ਏਐੱਸਆਈ ਸਵਿੰਦਰ ਸਿੰਘ, ਹੈੱਡ ਕਾਂਸਟੇਬਲ ਜਗਜੀਤ ਸਿੰਘ, ਗੁਰਪ੍ਰੀਤ ਸਿੰਘ, ਲਖਵਿੰਦਰ ਸਿੰਘ, ਸਿਪਾਹੀ ਮਖਤੂਲ ਸਿੰਘ, ਅੰਗਰੇਜ਼ ਸਿੰਘ, ਲਖਵਿੰਦਰ ਸਿੰਘ, ਅਮਨਦੀਪ ਸਿੰਘ ਅਤੇ ਰਣਧੀਰ ਸਿੰਘ ਨੂੰ ਦੋਸ਼ੀ ਐਲਾਨਿਆ ਹੈ। ਇਹਨਾਂ ਤੋਂ ਇਲਾਵਾ ਟਰੈਕਟਰ ਅਜੈਂਸੀ ਮਾਲਕ ਦੀਪਰਾਜ ਸਿੰਘ ਅਤੇ ਪੁਲਿਸ ਟਾਊਟ ਜਗਤਾਰ ਸਿੰਘ ਉਰਫ ਕਾਂਸੀ ਨੂੰ ਦੋਸ਼ੀ ਐਲਾਨਿਆ ਹੈ। 

ਏਐੱਸਆਈ ਗੁਲਸ਼ਨਬੀਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਬਿਕਰਮਜੀਤ ਸਿੰਘ ਨੂੰ ਹਸਪਤਾਲ ਤੋਂ ਅਗਵਾ ਕੀਤਾ ਸੀ ਜਦਕਿ ਨਾਰੰਗ ਸਿੰਘ ਇੰਸਪੈਕਟਰ ਬਟਾਲੇ ਟਰੈਕਟਰ ਅਜੈਂਸੀ ਵਿੱਚ ਮੋਜੂਦ ਸੀ ਜਿੱਥੇ ਲਿਜਾ ਕੇ ਬਿਕਰਮਜੀਤ ਨੂੰ ਤਸ਼ੱਦਦ ਦੇ ਕੇ ਕਤਲ ਕੀਤਾ ਗਿਆ।

ਇਹਨਾਂ ਸਾਰੇ ਦੋਸ਼ੀਆਂ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 302, 364, 342 ਅਤੇ 120ਬੀ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇਹਨਾਂ ਨੂੰ ਸਜ਼ਾ ਦਾ ਐਲਾਨ ਸੋਮਵਾਰ ਨੂੰ ਕੀਤਾ ਜਾਵੇਗਾ। ਵਕੀਲ ਰੀਤੂ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ 'ਚ 14 ਲੋਕਾਂ ਨੂੰ ਦੋਸ਼ੀ ਐਲਾਨਿਆ ਗਿਆ ਹੈ ਜਦਕਿ ਇੱਕ ਏਐੱਸਆਈ ਬਲਜੀਤ ਸਿੰਘ ਭਗੋੜਾ ਹੈ ਜਿਸ ਦੀ ਅਜੇ ਗ੍ਰਿਫਤਾਰੀ ਨਹੀਂ ਹੋ ਸਕੀ ਹੈ।

ਦੱਸ ਦਈਏ ਕਿ ਬਿਕਰਮਜੀਤ ਸਿੰਘ ਨੂੰ ਅਗਵਾ ਕਰਨ ਤੋਂ ਬਾਅਦ ਪੁਲਿਸ ਨੇ 6 ਮਈ, 2014 ਨੂੰ ਇੱਕ ਝੂਠੀ ਐੱਫਆਈਆਰ ਦਰਜ ਕੀਤੀ ਸੀ ਕਿ ਬਿਕਰਮਜੀਤ ਸਿੰਘ ਹਸਪਤਾਲ ਵਿੱਚੋਂ ਪੁਲਿਸ ਹਿਰਾਸਤ ਚੋਂ ਫਰਾਰ ਹੋ ਗਿਆ ਹੈ। 

ਇਸ ਤੋਂ ਬਾਅਦ ਬਿਕਰਮਜੀਤ ਸਿੰਘ ਦੇ ਪਰਿਵਾਰ ਨੇ 7 ਮਈ ਨੂੰ ਸ਼ਿਕਾਇਤ ਦਰਜ ਕਰਾਈ ਸੀ ਕਿ ਬਿਕਰਮਜੀਤ ਸਿੰਘ ਨੂੰ ਪੁਲਿਸ ਨੇ ਅਗਵਾ ਕੀਤਾ ਹੈ।

ਕੌਣ ਸੀ ਬਿਕਰਮਜੀਤ ਸਿੰਘ?
ਬਿਕਰਮਜੀਤ ਸਿੰਘ ਇੱਕ ਬਾਦਲ ਦਲ ਆਗੂ ਦੇ ਕਤਲ ਮਾਮਲੇ 'ਚ ਨਾਮਜ਼ਦ ਸੀ। ਬਿਕਰਮਜੀਤ ਸਿੰਘ 2002 ਵਿੱਚ ਅਲਗੋ ਕੋਠੀ ਪਿੰਡ (ਤਰਨਤਾਰਨ) ਵਿੱਚ ਬਾਦਲ ਦਲ ਦੇ ਆਗੂ ਗੁਰਦਿਆਲ ਸਿੰਘ ਸਮੇਤ 6 ਲੋਕਾਂ ਨੂੰ ਮਾਰਨ ਦੇ ਮਾਮਲੇ ਦਾ ਦੋਸ਼ੀ ਸੀ।  

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ