ਪਾਇਲ ਥਾਣੇ ਵਿਚ ਪੁਲਸ ਨੇ ਸਿੱਖ ਬਜ਼ੁਰਗ ਦੀ ਦਸਤਾਰ ਲਾਹ ਕੇ ਸਿਰ 'ਚ ਮਾਰੀਆਂ ਲੱਤਾਂ

ਅੰਮ੍ਰਿਤਸਰ ਟਾਈਮਜ਼ ਬਿਊਰੋ
ਪੰਜਾਬ ਪੁਲਿਸ ਦੀ ਗੁੰਡਾਗਰਦੀ ਦੀ ਨਵੀਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਦੋ ਥਾਣੇਦਾਰ ਇਕ ਬਜ਼ੁਰਗ ਸਿੱਖ ਦੀ ਦਸਤਾਰ ਨੂੰ ਲਾਹ ਕੇ ਉਸਦੇ ਸਿਰ 'ਤੇ ਲੱਤਾਂ ਮਾਰਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਪਾਇਲ ਥਾਣੇ ਦੀ ਹੈ। 

ਇਥੇ ਲੋਕ ਇਨਸਾਫ਼ ਪਾਰਟੀ ਵੱਲੋਂ ਪੁਲੀਸ ਥਾਣੇ ਨੇੜੇ ਲਾਏ ਧਰਨੇ ਦੌਰਾਨ ਉਸ ਵੇਲੇ ਹੰਗਾਮਾ ਸ਼ੁਰੂ ਹੋ ਗਿਆ, ਜਦੋਂ ਪਿੰਡ ਮਕਸੂਦੜਾ ਨਾਲ ਸਬੰਧਤ ਇੱਕ ਮਾਮਲੇ ਵਿੱਚ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਥਾਣੇ ’ਚ ਗੱਲਬਾਤ ਕਰਨ ਲਈ ਬੁਲਾਇਆ ਗਿਆ। ਮਨਵਿੰਦਰ ਸਿੰਘ ਗਿਆਸਪੁਰਾ ਨੇ ਦੋਸ਼ ਲਾਉਂਦਿਆਂ ਦੱਸਿਆ, "ਥਾਣੇ ਅੰਦਰ ਮੈਂ ਇਕੱਲਾ ਸੀ ਤੇ ਐਸ.ਐਚ.ਓ ਕਰਨੈਲ ਨੇ ਗਾਹਲਾ ਕੱਢੀਆਂ ਅਤੇ ਏ.ਐਸ.ਆਈ ਮੁਖਤਿਆਰ ਸਿੰਘ ਨੇ ਪਿੱਛੋਂ ਆ ਕੇ ਮੈਨੂੰ ਮਾਰਨ ਦੀ ਨੀਅਤ ਨਾਲ ਗਲ ਵਿੱਚ ਰੱਸੀ ਪਾ ਲਈ। ਬਾਕੀ ਦੇ ਹੋਰ ਮੁਲਾਜਮਾ ਜਿਹਨਾ ਵਿੱਚ ਸਿਕੰਦਰ ਰਾਜ ਵੀ ਸੀ ਮੈਨੂੰ ਮਾਰਨ ਲੱਗੇ, ਮੇਰੀ ਪੱਗ ਉਤਾਰ ਦਿਤੀ ਮੈਂ ਜਿਵੇ ਕਿਵੇਂ ਬੜੀ ਮੁਸ਼ਕਿਲ ਨਾਲ ਖੁਦ ਨੂੰ ਛੁਡਾ ਕੇ ਭੱਜਿਆ ਅਤੇ ਮੇਰੇ ਸਾਥੀਆਂ ਨੇ ਮੈਨੂੰ ਜਾਨੋਂ ਮਾਰਨ ਤੋਂ ਬਚਾਇਆ।"

ਇਸ ਤੋਂ ਧਰਨੇ 'ਤੇ ਬੈਠੇ ਲੋਕ ਰੋਹ ਵਿਚ ਆ ਕੇ ਪੁਲਸ ਖਿਲਾਫ ਨਾਅਰੇਬਾਜ਼ੀ ਕਰਨ ਲੱਗੇ ਜਿਨ੍ਹਾਂ 'ਤੇ ਪੁਲੀਸ ਨੇ ਲਾਠੀਚਾਰਜ ਕਰ ਦਿੱਤਾ। ਇਸ ਦੌਰਾਨ ਮਾਹੌਲ ਹਿੰਸਕ ਬਣ ਗਿਆ ਅਤੇ ਕਈ ਲੋਕਾਂ ਦੀਆਂ ਦਸਤਾਰਾਂ ਲਹਿ ਗਈਆਂ। 

ਜਾਣਕਾਰੀ ਅਨੁਸਾਰ ਪਿੰਡ ਮਕਸੂਦੜਾ ਦੇ ਸਰਪੰਚ ਤੇ ਇੱਕ ਪੰਚ ’ਤੇ ਕੱਚੇ ਮਕਾਨਾਂ ਨੂੰ ਪਾਸ ਕਰਵਾਉਣ ਬਦਲੇ ਪੈਸੇ ਲੈਣ ਦੇ ਦੋਸ਼ ਲੱਗੇ ਸਨ। ਇਸ ਸਬੰਧੀ ਸ਼ਿਕਾਇਤਕਰਤਾ ਨੇ ਥਾਣਾ ਪਾਇਲ ਅਤੇ ਐੱਸਡੀਐੱਮ ਪਾਇਲ ਨੂੰ ਦਰਖ਼ਾਸਤ ਦਿੱਤੀ ਹੋਈ ਸੀ, ਜਿਸ ਦੀ ਸੁਣਵਾਈ ਨਾ ਹੋਣ ’ਤੇ ਲੋਕ ਇਨਸਾਫ਼ ਪਾਰਟੀ ਵੱਲੋਂ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਵਿੱਚ ਥਾਣਾ ਪਾਇਲ ਵਿਖੇ ਧਰਨਾ ਲਾਇਆ ਹੋਇਆ ਸੀ। ਇਸ ਦੌਰਾਨ ਥਾਣਾ ਪਾਇਲ ਵਿਚ ਹੋਰ ਪੁਲੀਸ ਵੀ ਸੱਦੀ ਹੋਈ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਸਪੁਰਾ ਨੇ ਕਿਹਾ ਕਿ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕੀਤੀ ਸੀ ਤਾਂ ਪੁਲੀਸ ਮੁਲਾਜ਼ਮਾਂ ਨੇ ਅੰਦਰ ਬੁਲਾ ਕੇ ਧੱਕਾ-ਮੁੱਕੀ ਕੀਤੀ ਤੇ ਉਨ੍ਹਾਂ ਦੀ ਦਸਤਾਰ ਉਤਾਰ ਦਿੱਤੀ। ਗਿਆਸਪੁਰਾ ਨੇ ਧੱਕਾ-ਮੁੱਕੀ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਐੱਸਐੱਚਓ ਮਲੌਦ ਨੇ ਉਨ੍ਹਾਂ ਨੂੰ ਕਥਤ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਤੇ ਕੁੱਟਮਾਰ ਕੀਤੀ।

ਪੁਲਸ ਦੀ ਕੁੱਟਮਾਰ ਦੀ ਵਾਇਰਲ ਹੋਈ ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਬਲਵੀਰ ਸਿੰਘ ਨਾਂ ਦਾ ਬਜ਼ੁਰਗ ਪੁਲਿਸ ਦੇ ਲਾਠੀਚਾਰਜ ਵਿਚ ਜ਼ਮੀਨ 'ਤੇ ਡਿਗ ਗਿਆ। ਇਸ ਡਿਗੇ ਬਜ਼ੁਰਗ ਦੀ ਦਸਤਾਰ ਨੂੰ ਐਸਐਚਓ ਜਸਪਾਲ ਸਿੰਘ ਧਾਲੀਵਾਲ ਅਤੇ ਪਵਿੱਤਰ ਸਿੰਘ ਨੇ ਹੱਥਾਂ ਨਾਲ ਫੜ੍ਹ ਕੇ ਲਾਹ ਦਿੱਤਾ ਤੇ ਜ਼ਮੀਨ 'ਤੇ ਸੁੱਟ ਦਿੱਤੀ। ਇਸ ਤੋਂ ਬਾਅਦ ਥਾਣੇਦਾਰ ਡਿਗੇ ਬਜ਼ੁਰਗ ਦੇ ਲੱਤਾਂ ਮਾਰਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆਂ 'ਤੇ ਲੋਕ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਇਹਨਾਂ ਥਾਣੇਦਾਰਾਂ ਨੂੰ ਬਰਖਾਸਤ ਕਰਨ ਅਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕਰਨ ਦੀ ਮੰਗ ਕਰ ਰਹੇ ਹਨ।