ਸ਼ਰਮਨਾਕ: ਪਤਨੀ ਨਾਲ ਹੁੰਦਾ ਰਿਹਾ ਬਲਾਤਕਾਰ ਤੇ ਪੁਲਿਸ ਪਤੀ 'ਤੇ ਕਰਦੀ ਰਹੀ ਤਸ਼ੱਦਦ

ਸ਼ਰਮਨਾਕ: ਪਤਨੀ ਨਾਲ ਹੁੰਦਾ ਰਿਹਾ ਬਲਾਤਕਾਰ ਤੇ ਪੁਲਿਸ ਪਤੀ 'ਤੇ ਕਰਦੀ ਰਹੀ ਤਸ਼ੱਦਦ

ਲਖਨਊ: ਭਾਰਤ ਵਿੱਚ ਪੁਲਿਸ ਦੇ ਵਹਿਸ਼ੀਪੁਣੇ ਦੀਆਂ ਉਂਝ ਨਿੱਤ ਨਵੀਆਂ ਮਿਸਾਲਾਂ ਸਾਹਮਣੇ ਆਉਂਦੀਆਂ ਹਨ। ਅਜਿਹੀ ਹੀ ਇੱਕ ਹੋਰ ਘਟਨਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਈ ਹੈ ਜਿੱਥੇ ਆਪਣੀ ਪਤਨੀ ਦੇ ਬਲਾਤਕਾਰ ਦੀ ਰਿਪੋਰਟ ਲਿਖਵਾਉਣ ਗਏ ਇੱਕ ਵਿਅਕਤੀ ਨਾਲ ਪੁਲਿਸ ਨੇ ਤੀਜੇ ਦਰਜੇ ਦਾ ਤਸ਼ੱਦਦ ਕੀਤਾ। 

ਇਹ ਘਟਨਾ ਸ਼ੁਕਰਵਾਰ ਰਾਤ ਨੂੰ ਮੇਨਪੁਰੀ ਜ਼ਿਲ੍ਹੇ ਵਿੱਚ ਵਾਪਰੀ। ਉੱਤਰ ਪ੍ਰਦੇਸ਼ ਦੇ ਡੀਜੀਪੀ ਓਪੀ ਸਿੰਘ ਨੇ ਅੱਜ ਇਸ ਘਟਨਾ ਦੇ ਦੋਸ਼ ਹੇਠ ਥਾਣੇ ਦੇ ਐੱਸਐੱਚਓ ਰਾਜੇਸ਼ ਪਾਲ ਸਿੰਘ ਅਤੇ ਹੋਰ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ।

ਪ੍ਰਾਪਤ ਜਾਣਕਾਰੀ ਮੁਤਾਬਿਕ ਪੀੜਤ ਪਤੀ-ਪਤਨੀ ਆਪਣੀ ਦੋ-ਪਹੀਆ ਸਵਾਰੀ 'ਤੇ ਮੈਨਪੁਰੀ ਜਾ ਰਹੇ ਸੀ। ਇਸ ਦੌਰਾਨ ਕਾਰ ਵਿੱਚ ਆਏ ਤਿੰਨ ਲੋਕਾਂ ਨੇ ਇਹਨਾਂ ਨੂੰ ਘੇਰ ਕੇ ਔਰਤ ਨੂੰ ਅਗਵਾ ਕਰ ਲਿਆ ਤੇ ਕੁੱਝ ਕਿਲੋਮੀਟਰ ਦੂਰ ਲਿਜਾ ਕੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। 

ਇਸ ਦੌਰਾਨ ਹੋਈ ਹੱਥੋਪਾਈ ਵਿੱਚ ਦੋਸ਼ੀਆਂ ਨੇ ਪੀੜਤ ਬੰਦੇ ਦੀਆਂ ਅੱਖਾਂ ਵਿੱਚ ਕੋਈ ਪਦਾਰਥ ਪਾ ਦਿੱਤਾ ਜਿਸ ਨਾਲ ਉਸਨੂੰ ਦਿਸਣਾ ਬੰਦ ਹੋ ਗਿਆ ਤੇ ਔਰਤ ਨੂੰ ਅਗਵਾ ਕਰਕੇ ਲੈ ਗਏ। ਜਦੋਂ ਪੀੜਤ ਬੰਦੇ ਨੇ ਕੁੱਝ ਹੋਸ਼ ਸੰਭਾਲੀ ਤੇ ਇਸ ਘਟਨਾ ਸਬੰਧੀ ਪੁਲਿਸ ਨੂੰ ਫੋਨ ਕਰਕੇ ਦੱਸਿਆ ਤਾਂ ਮੌਕੇ 'ਤੇ ਪਹੁੰਚੇ ਪੁਲਸੀਆਂ ਨੇ ਉਸ ਨੂੰ ਝੂਠੀ ਸ਼ਿਕਾਇਤ ਕਰਨ ਦਾ ਦੋਸ਼ ਲਾਉਂਦਿਆਂ ਕੁੱਟਣਾ ਸ਼ੁਰੂ ਕਰ ਦਿੱਤਾ। ਰਿਪੋਰਟ ਮੁਤਾਬਿਕ ਪੁਲਸ ਮੁਲਾਜ਼ਮਾਂ ਨੇ ਪੀੜਤ ਦੀਆਂ ਦੋ ਉਂਗਲਾਂ ਵੀ ਤੋੜ ਦਿੱਤੀਆਂ।

ਇਸ ਤੋਂ ਬਾਅਦ ਬਲਾਤਕਾਰ ਦੀ ਪੀੜਤ ਔਰਤ ਕਿਸੇ ਤਰ੍ਹਾਂ ਪੁਲਿਸ ਥਾਣੇ ਪਹੁੰਚੀ ਤੇ ੳੇੁਸਨੇ ਆਪਣੇ ਨਾਲ ਬੀਤੀ ਸਾਰੀ ਘਟਨਾ ਦੱਸੀ, ਜਿਸ ਮਗਰੋਂ ਪੁਲਿਸ ਨੇ ਸ਼ਿਕਾਇਤ ਦਰਜ ਕੀਤੀ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ