ਕੈਦੀ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ 'ਚ 11 ਪੁਲਸੀਆਂ ਸਮੇਤ 13 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ

ਕੈਦੀ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ 'ਚ 11 ਪੁਲਸੀਆਂ ਸਮੇਤ 13 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ

ਅੰਮ੍ਰਿਤਸਰ: ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇਲਾਜ਼ ਅਧੀਨ ਕੈਦੀ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ 'ਚ ਦੋਸ਼ੀ 11 ਪੁਲਸੀਆਂ ਸਮੇਤ 13 ਲੋਕਾਂ ਨੂੰ ਅੱਜ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਇਹ ਸਜ਼ਾ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਐਸਐਸ ਬਾਜਵਾ ਦੀ ਅਦਾਲਤ ਨੇ ਸੁਣਾਈ।

ਅਦਾਲਤ ਵੱਲੋਂ ਇਸ ਮਾਮਲੇ 'ਚ ਇੰਸਪੈਕਟਰ ਨਾਰੰਗ ਸਿੰਘ, ਏਐਸਆਈ ਗੁਲਸ਼ਨਬੀਰ ਸਿੰਘ, ਏਐਸਆਈ ਸਵਿੰਦਰ ਸਿੰਘ, ਹੈੱਡ ਕਾਂਸਟੇਬਲ ਜਗਜੀਤ ਸਿੰਘ, ਗੁਰਪ੍ਰੀਤ ਸਿੰਘ, ਲਖਵਿੰਦਰ ਸਿੰਘ, ਸਿਪਾਹੀ ਮਖਤੂਲ ਸਿੰਘ, ਅੰਗਰੇਜ਼ ਸਿੰਘ, ਲਖਵਿੰਦਰ ਸਿੰਘ, ਅਮਨਦੀਪ ਸਿੰਘ ਤੇ ਰਣਧੀਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਤੋਂ ਇਲਾਵਾ ਟਰੈਕਟਰ ਏਜੰਸੀ ਮਾਲਕ ਦੀਪਰਾਜ ਸਿੰਘ ਤੇ ਪੁਲਿਸ ਟਾਊਟ ਜਗਤਾਰ ਸਿੰਘ ਉਰਫ ਕਾਂਸੀ ਨੂੰ ਵੀ ਸਜ਼ਾ ਸੁਣਾਈ ਹੈ।

ਕੈਦੀ ਬਿਕਰਮਜੀਤ ਕਤਲ ਕੇਸ 'ਚ ਜੇਲ੍ਹ ਅੰਦਰ ਬੰਦ ਸੀ। ਮਈ 2014 ਵਿੱਚ ਜਦੋਂ ਉਹ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ ਤਾਂ ਪੁਲਿਸ ਨੇ ਉਸ ਨੂੰ ਅਗਵਾ ਕਰ ਲਿਆ ਸੀ। ਬਟਾਲਾ ਦੀ ਟਰੈਕਟਰ ਏਜੰਸੀ ਵਿੱਚ ਤਸ਼ੱਦਦ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ। ਏਐਸਆਈ ਗੁਲਸ਼ਨਬੀਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਬਿਕਰਮਜੀਤ ਨੂੰ ਹਸਪਤਾਲ ਤੋਂ ਅਗਵਾ ਕੀਤਾ ਸੀ। ਨਾਰੰਗ ਸਿੰਘ ਇੰਸਪੈਕਟਰ ਬਟਾਲੇ ਟਰੈਕਟਰ ਏਜੰਸੀ ਵਿੱਚ ਮੌਜੂਦ ਸੀ ਜਿੱਥੇ ਲਿਜਾ ਕੇ ਬਿਕਰਮਜੀਤ ਨੂੰ ਤਸ਼ੱਦਦ ਦੇ ਕੇ ਕਤਲ ਕੀਤਾ ਗਿਆ ਸੀ।

ਇਨ੍ਹਾਂ ਸਾਰੇ ਦੋਸ਼ੀਆਂ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 302, 364, 342 ਤੇ 120ਬੀ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਮਲੇ ਵਿੱਚ ਏਐਸਆਈ ਬਲਜੀਤ ਸਿੰਘ ਭਗੌੜਾ ਹੈ ਜਿਸ ਦੀ ਅਜੇ ਗ੍ਰਿਫਤਾਰੀ ਨਹੀਂ ਹੋ ਸਕੀ। ਦੱਸ ਦਈਏ ਕਿ ਬਿਕਰਮਜੀਤ ਨੂੰ ਅਗਵਾ ਕਰਨ ਤੋਂ ਬਾਅਦ ਪੁਲਿਸ ਨੇ 6 ਮਈ, 2014 ਨੂੰ ਝੂਠੀ ਐਫਆਈਆਰ ਦਰਜ ਕੀਤੀ ਸੀ ਕਿ ਬਿਕਰਮਜੀਤ ਹਸਪਤਾਲ ਵਿੱਚੋਂ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਹੈ।

ਇਸ ਤੋਂ ਬਾਅਦ ਬਿਕਰਮਜੀਤ ਸਿੰਘ ਦੇ ਪਰਿਵਾਰ ਨੇ 7 ਮਈ ਨੂੰ ਸ਼ਿਕਾਇਤ ਦਰਜ ਕਰਾਈ ਸੀ ਕਿ ਬਿਕਰਮਜੀਤ ਸਿੰਘ ਨੂੰ ਪੁਲਿਸ ਨੇ ਅਗਵਾ ਕੀਤਾ ਹੈ। ਬਿਕਰਮਜੀਤ ਅਕਾਲੀ ਦਲ ਦੇ ਲੀਡਰ ਦੇ ਕਤਲ ਮਾਮਲੇ 'ਚ ਨਾਮਜ਼ਦ ਸੀ। ਬਿਕਰਮਜੀਤ 2002 ਵਿੱਚ ਅਲਗੋ ਕੋਠੀ ਪਿੰਡ (ਤਰਨ ਤਾਰਨ) ਵਿੱਚ ਬਾਦਲ ਦਲ ਦੇ ਆਗੂ ਗੁਰਦਿਆਲ ਸਿੰਘ ਸਮੇਤ 6 ਲੋਕਾਂ ਨੂੰ ਮਾਰਨ ਦੇ ਮਾਮਲੇ ਦਾ ਮੁਲਜ਼ਮ ਸੀ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ