ਪਾਕਿਸਤਾਨ ਵਿੱਚ ਘੱਟਗਿਣਤੀਆਂ ਨੂੰ ਖਤਰੇ ਦੇ ਅਧਾਰ 'ਤੇ ਭਾਰਤ ਵਿੱਚ ਸ਼ਰਣ ਮੰਗਣ ਵਾਲਾ ਬਲਦੇਵ ਕੁਮਾਰ ਕੌਣ ਹੈ?

ਪਾਕਿਸਤਾਨ ਵਿੱਚ ਘੱਟਗਿਣਤੀਆਂ ਨੂੰ ਖਤਰੇ ਦੇ ਅਧਾਰ 'ਤੇ ਭਾਰਤ ਵਿੱਚ ਸ਼ਰਣ ਮੰਗਣ ਵਾਲਾ ਬਲਦੇਵ ਕੁਮਾਰ ਕੌਣ ਹੈ?
ਖੱਬੇ: ਸੋਰਨ ਸਿੰਘ; ਸੱਜੇ: ਬਲਦੇਵ ਕੁਮਾਰ

ਚੰਡੀਗੜ੍ਹ: ਪਾਕਿਸਤਾਨ ਦੇ ਖੈਬਰ ਪਖਤੂਨਵਾ ਖੇਤਰ ਦੀ ਅਸੈਂਬਲੀ ਵਿੱਚ ਘੱਟਗਿਣਤੀ ਲਈ ਰਾਖਵੀ ਸੀਟ 'ਤੇ ਮੈਂਬਰ ਰਹੇ ਬਲਦੇਵ ਕੁਮਾਰ ਨੇ ਚੜ੍ਹਦੇ ਪੰਜਾਬ ਪਹੁੰਚ ਕੇ ਭਾਰਤ ਸਰਕਾਰ ਤੋਂ ਰਾਜਸੀ ਸ਼ਰਣ ਦੀ ਮੰਗ ਕੀਤੀ ਹੈ। ਬਲਦੇਵ ਕੁਮਾਰ ਨੇ ਰਾਜਸੀ ਸ਼ਰਣ ਲਈ ਪਾਕਿਸਤਾਨ ਵਿੱਚ ਘੱਟਗਿਣਤੀਆਂ ਦੀ ਸੁਰੱਖਿਆ ਨੂੰ ਅਧਾਰ ਬਣਾਇਆ ਹੈ। ਬਲਦੇਵ ਕੁਮਾਰ ਦਾ ਕਹਿਣਾ ਹੈ ਕਿ ਪਾਕਿਸਤਾਨ ਵਿੱਣ ਘੱਟਗਿਣਤੀਆਂ ਸੁਰੱਖਿਅਤ ਨਹੀਂ ਹਨ ਤੇ ਉਹਨਾਂ ਦੇ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ। ਉਹਨਾਂ ਦੋਸ਼ ਲਾਇਆ ਕਿ ਪਾਕਿਸਤਾਨ ਵਿੱਣ ਘੱਟਗਿਣਤੀਆਂ ਖਿਲਾਫ ਹਮਲੇ ਵਧ ਰਹੇ ਹਨ। ਇਸ ਗੱਲ ਲਈ ਉਹਨਾਂ ਇਹ ਵੀ ਦੋਸ਼ ਲਾਇਆ ਕਿ ਉਹਨਾਂ ਨੂੰ ਦੋ ਸਾਲ ਤੱਕ ਜੇਲ੍ਹ ਵਿੱਚ ਨਜ਼ਰਬੰਦ ਰੱਖਿਆ ਗਿਆ।

ਕੀ ਹੈ ਜੇਲ੍ਹ ਵਿੱਚ ਨਜ਼ਰਬੰਦੀ ਦਾ ਸੱਚ?
ਬਲਦੇਵ ਕੁਮਾਰ ਸਿੱਖ ਸੀਟ ਤੋਂ ਅਸੈਂਬਲੀ ਮੈਂਬਰ ਬਣੇ ਸਨ। ਪਰ ੳੇੁਹਨਾਂ ਦੀ ਜੇਲ੍ਹ ਦਾ ਕਾਰਨ ਵੀ ਇਸ ਅਸੈਂਬਲੀ ਸੀਟ ਨਾਲ ਹੀ ਜੁੜਿਆ ਹੈ। ਬਲਦੇਵ ਸਿੰਘ 'ਤੇ ਸਿੱਖ ਆਗੂ ਸੋਰਨ ਸਿੰਘ ਦੇ ਕਤਲ ਦਾ ਦੋਸ਼ ਹੈ, ਜਿਸ ਲਈ ਉਹਨਾਂ ਨੂੰ ਜੇਲ੍ਹ ਹੋਈ ਹੈ। 

ਪ੍ਰਾਪਤ ਜਾਣਕਾਰੀ ਮੁਤਾਬਿਕ ਸਿੱਖ ਘੱਟਗਿਣਤੀ ਲਈ ਰਾਖਵੀਂ ਸੀਟ 'ਤੇ ਸੋਰਨ ਸਿੰਘ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਸੀ। ਸੋਰਨ ਸਿੰਘ ਤੋਂ ਬਾਅਦ ਮੈਂਬਰ ਬਣਨ ਦੀ ਦੌੜ ਵਿੱਚ ਦੂਜਾ ਨੰਬਰ ਬਲਦੇਵ ਕੁਮਾਰ ਦਾ ਸੀ। ਇਸ ਦੌਰਾਨ 22 ਅਪ੍ਰੈਲ, 2016 ਨੂੰ ਸੋਰਨ ਸਿੰਘ ਦਾ ਕਤਲ ਹੋ ਜਾਂਦਾ ਹੈ ਜਿਸ ਦਾ ਦੋਸ਼ ਬਲਦੇਵ ਕੁਮਾਰ 'ਤੇ ਲੱਗਿਆ। ਸੋਰਨ ਸਿੰਘ ਦੇ ਕਤਲ ਤੋਂ ਬਾਦ ਹੀ ਬਲਦੇਵ ਕੁਮਾਰ ਅਸੈਂਬਲੀ ਮੈਂਭਰ ਬਣੇ ਸਨ। ਇਸ ਕਤਲ ਦੇ ਦੋਸ਼ ਹੇਠ ਬਲਦੇਵ ਕੁਮਾਰ ਨੂੰ ਸਜ਼ਾ ਹੋਈ ਹੈ। 

ਖੰਨੇ ਸ਼ਹਿਰ ਹਨ ਬਲਦੇਵ ਕੁਮਾਰ ਦੇ ਸਹੁਰੇ
ਬਲਦੇਵ ਕੁਮਾਰ ਦਾ ਵਿਆਹ ਚੜ੍ਹਦੇ ਪੰਜਾਬ ਦੇ ਖੰਨ੍ਹਾ ਸ਼ਹਿਰ ਦੀ ਰਹਿਣ ਵਾਲੀ ਭਾਵਨਾ ਨਾਲ 2007 ਵਿੱਚ ਹੋਇਆ ਸੀ। ਬਲਦੇਵ ਕੁਮਾਰ ਨੇ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਪਹਿਲਾਂ ਹੀ ਆਪਣੇ ਸਹੁਰਿਆਂ ਦੇ ਭੇਜ ਦਿੱਤਾ ਸੀ ਤੇ ਉਹ ਖੁਦ 12 ਅਗਸਤ ਨੂੰ ਖੰਨ੍ਹੇ ਵਿਖੇ ਆਏ। 

ਹੁਣ ਬਲਦੇਵ ਕੁਮਾਰ ਪਾਕਿਸਤਾਨ ਵਿੱਚ ਘੱਟਗਿਣਤੀਆਂ ਨੂੰ ਖਤਰੇ ਦੀ ਦੁਹਾਈ ਪਾ ਕੇ ਭਾਰਤ ਤੋਂ ਰਾਜਸੀ ਸ਼ਰਣ ਦੀ ਮੰਗ ਕਰ ਰਹੇ ਹਨ। ਇਸ ਸਬੰਧੀ ਫਿਲਹਾਲ ਪਾਕਿਸਤਾਨ ਸਰਕਾਰ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।