ਕੋਰੋਨਾਵਾਇਰਸ ਕਾਰਨ ਲਾਈਆਂ ਗਈਆਂ ਪਾਬੰਦੀਆਂ ਖਿਲਾਫ ਸੜਕਾਂ 'ਤੇ ਆਉਣ ਲੱਗੇ ਲੋਕ

ਕੋਰੋਨਾਵਾਇਰਸ ਕਾਰਨ ਲਾਈਆਂ ਗਈਆਂ ਪਾਬੰਦੀਆਂ ਖਿਲਾਫ ਸੜਕਾਂ 'ਤੇ ਆਉਣ ਲੱਗੇ ਲੋਕ
ਅਮਰੀਕਾ ਵਿਚ ਪਾਬੰਦੀਆਂ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਹਥਿਆਰਬੰਦ ਲੋਕ

ਅੰਮ੍ਰਿਤਸਰ ਟਾਈਮਜ਼ ਬਿਊਰੋ
ਕੋਰੋਨਾਵਾਇਰਸ ਮਹਾਂਮਾਰੀ ਨੂੰ ਰੋਕਣ ਲਈ ਲਾਈਆਂ ਗਈਆਂ ਪਾਬੰਦੀਆਂ ਖਿਲਾਫ ਦੁਨੀਆ ਦੇ ਕਈ ਦੇਸ਼ਾਂ ਵਿਚੋਂ ਵਿਰੋਧ ਦੀਆਂ ਖਬਰਾਂ ਸਾਹਮਣੇ ਆਉਣ ਲੱਗੀਆਂ ਹਨ। ਅਮਰੀਕਾ ਵਿਚ ਕਈ ਥਾਵਾਂ 'ਤੇ ਲੋਕ ਹਥਿਆਰ ਲੈ ਕੇ ਪਾਬੰਦੀਆਂ ਖਿਲਾਫ ਸੜਕਾਂ 'ਤੇ ਆ ਗਏ ਜਦਕਿ ਬਰਾਜ਼ੀਲ ਵਿਚ ਦੇਸ਼ ਦੇ ਰਾਸ਼ਟਰਪਤੀ ਖੁਦ ਇਹਨਾਂ ਪਾਬੰਦੀਆਂ ਖਿਲਾਫ ਹੋ ਰਹੀ ਰੈਲੀ ਵਿਚ ਸ਼ਾਮਲ ਹੋਏ। 

ਅਮਰੀਕਾ ਵਿਚ ਜਿੱਥੇ ਰਿਪਬਲਕਿਨ ਪਾਰਟੀ ਨਾਲ ਸਬੰਧਿਤ ਰਾਸ਼ਟਰਪਤੀ ਡੋਨਾਲਡ ਟਰੰਪ ਹੌਲੀ ਹੌਲੀ ਪਾਬੰਦੀਆਂ ਹਟਾਉਣ ਲਈ ਦਬਾਅ ਪਾ ਰਹੇ ਹਨ ਉੱਥੇ ਕੁੱਝ ਸੂਬਿਆਂ ਦੇ ਡੈਮੋਕਰੇਟ ਪਾਰਟੀ ਨਾਲ ਸਬੰਧਿਤ ਗਵਰਨਰ ਇਸ ਮਸਲੇ 'ਤੇ ਰਾਸ਼ਟਪਰਤੀ ਟਰੰਪ ਤੋਂ ਬਾਗੀ ਹੋਏ ਹਨ। 

ਅਮਰੀਕਾ ਦੇ ਸ਼ਹਿਰ ਐਰੀਜ਼ੋਨਾ, ਕੋਲੋਰਾਡੋ, ਮੋਂਟੈਨਾ ਅਤੇ ਵਾਸ਼ਿੰਗਟਨ ਵਿਚ ਬੀਤੇ ਕੱਲ੍ਹ ਪਾਬੰਦੀਆਂ ਖਿਲਾਫ ਲੋਕ ਪ੍ਰਦਰਸ਼ਨ ਹੋਏ। ਇਸ ਤੋਂ ਪਹਿਲਾਂ ਇਹ ਪ੍ਰਦਰਸ਼ਨ ਅਮਰੀਕਾ ਦੇ ਹੋਰ ਸੂਬਿਆਂ ਵਿਚ ਵੀ ਸ਼ੁਰੂ ਹੋ ਚੁੱਕੇ ਸਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਬੰਦੀਆਂ ਖਿਲਾਫ ਹੋ ਰਹੇ ਇਹਨਾਂ ਪ੍ਰਦਰਸ਼ਨਾਂ ਨੂੰ ਸਮਰਥਨ ਦਾ ਇਸ਼ਾਰਾ ਦਿੱਤਾ ਹੈ।


ਅਮਰੀਕਾ ਦੇ ਮਿਛੀਗਨ ਵਿਚ ਪਾਬੰਦੀਆਂ ਵਿਰੋਧੀ ਪ੍ਰਦਰਸ਼ਨ 'ਚ ਹਿੱਸਾ ਲੈਂਦੀ ਨੌਜਵਾਨ ਕੁੜੀ

ਦੱਸ ਦਈਏ ਕਿ ਦੁਨੀਆ ਭਰ ਵਿਚ ਅਮਰੀਕਾ ਕੋਰੋਨਾਵਾਇਰਸ ਤੋਂ ਸਭ ਨਾਲੋਂ ਵੱਧ ਪ੍ਰਭਾਵਿਤ ਹੈ ਜਿੱਥੇ ਹੁਣ ਤਕ 7 ਲੱਖ 35 ਹਜ਼ਾਰ ਤੋਂ ਵੱਧ ਕੋਰੋਨਾ ਕੇਸ ਦਰਜ ਹੋ ਚੁੱਕੇ ਹਨ ਤੇ 40 ਹਜ਼ਾਰ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। 

ਅਮਰੀਕਾ ਦੇ ਹਾਊਸ ਦੀ ਡੈਮੋਕਰੇਟ ਸਪੀਕਰ ਨੈਂਸੀ ਪੇਲੋਸੀ ਨੇ ਟਰੰਪ ਵੱਲੋਂ ਪਾਬੰਦੀਆਂ ਵਿਰੋਧੀ ਪ੍ਰਦਰਸ਼ਨਾਂ ਦੀ ਹਮਾਇਤ ਨੂੰ ਧਿਆਨ ਭਟਕਾਉਣ ਵਾਲੀ ਕਾਰਵਾਈ ਦੱਸਿਆ। ਉਹਨਾਂ ਕਿਹਾ ਕਿ ਰਾਸ਼ਟਰਪਤੀ ਟਰੰਪ ਦਾ ਪ੍ਰਸ਼ਾਸਨ ਸਹੀ ਤਰੀਕੇ ਨਾਲ ਟੈਸਟਿੰਗ, ਇਲਾਜ਼ ਅਤੇ ਪੀੜਤ ਲੋਕਾਂ ਦੀ ਭਾਲ ਕਰਨ ਵਿਚ ਨਾਕਾਮ ਰਿਹਾ ਹੈ।  


ਬਰਾਜ਼ੀਲ ਦੇ ਰਾਸ਼ਟਰਪਤੀ ਪਾਬੰਦੀਆਂ ਵਿਰੋਧੀ ਰੈਲੀ ਨੂੰ ਸੰਬੋਧਨ ਕਰਦੇ ਹੋਏ

ਬਰਾਜ਼ੀਲ ਦੀ ਰਾਜਧਾਨੀ ਬਰਸੀਲੀਆ ਵਿਚ ਪਾਬੰਦੀਆਂ ਵਿਰੋਧੀ ਪ੍ਰਦਰਸ਼ਨ ਅੰਦਰ ਰਾਸ਼ਟਰਪਤੀ ਜੇਰ ਬੋਲਸੋਨਾਰੋ ਬਿਨ੍ਹਾ ਮਾਸਕ ਪਾਇਆਂ ਅਤੇ ਸੋਸ਼ਲ ਡਿਸਟੈਂਸਿੰਗ ਦੇ ਸਭ ਨਿਯਮ ਤੋੜਦਿਆਂ ਸ਼ਾਮਲ ਹੋਏ। ਬੋਲਸੋਨਾਰੋ ਪਹਿਲਾਂ ਤੋਂ ਹੀ ਪਾਬੰਦੀਆਂ ਦੇ ਖਿਲਾਫ ਸੀ, ਜਦਕਿ ਦੇਸ਼ ਦੀ ਕਾਂਗਰਸ ਅਤੇ ਸੁਪਰੀਮ ਕੋਰਟ ਨੇ ਸੂਬਿਆਂ ਦੇ ਗਵਰਨਰਾਂ ਵੱਲੋਂ ਲਾਈਆਂ ਪਾਬੰਦੀਆਂ ਦਾ ਸਮਰਥਨ ਕੀਤਾ ਸੀ। ਖਬਰਾਂ ਮੁਤਾਬਕ ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦਿਆਂ ਬੋਲਸੋਨਾਰੋ ਕਈ ਵਾਰ ਖੰਘਦੇ ਵੀ ਨਜ਼ਰ ਆਏ।

ਬੋਲਸੋਨਾਰੋ ਨੇ ਪਿਛਲੇ ਹਫਤੇ ਉਹਨਾਂ ਤੋਂ ਵੱਖ ਵਿਚਾਰ ਰੱਖ ਰਹੇ ਸਿਹਤ ਮੰਤਰੀ ਨੂੰ ਵੀ ਅਹੁਦੇ ਤੋਂ ਹਟਾ ਦਿੱਤਾ ਸੀ। ਬੋਲਸੋਨਾਰੋ ਦਾ ਕਹਿਣਾ ਹੈ ਕਿ ਪਾਬੰਦੀਆਂ ਨਾਲ ਕੰਮਕਾਰ ਬੰਦ ਹੋਣ ਕਰਕੇ ਆਰਥਿਕਤਾ ਵਿਚ ਆਉਣ ਵਾਲੀ ਮੰਦੀ ਇਸ ਵਾਇਰਸ ਤੋਂ ਵੀ ਖਤਰਨਾਕ ਹੋਵੇਗੀ। 

ਬਰਾਜ਼ੀਲ ਵਿਚ ਹੁਣ ਤਕ 38,654 ਕੋਰੋਨਾ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 2,462 ਮੌਤਾਂ ਹੋ ਚੁੱਕੀਆਂ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।