"ਸਾਡਾ ਪਾਣੀ ਚੋਰੀ ਕਰਕੇ ਸ਼ਹਿਰਾਂ ਵਿੱਚ ਵੇਚਿਆ ਜਾ ਰਿਹਾ ਹੈ": (ਸੁੱਕਦੇ ਖੂਹਾਂ ਦੇ ਵਾਰਸ)

ਸੁੱਕੇ ਖੂਹ ਕੋਲ ਖੜ੍ਹੀ ਬੀਬੀ

ਚੇਨੱਈ: ਪਾਣੀ ਮਨੁੱਖ ਦੀ ਨਾ-ਬਦਲਵੀਂ ਜ਼ਰੂਰਤ ਹੈ ਜਿਸ ਦਾ ਹੋਰ ਕੋਈ ਵੀ ਬਦਲ ਮਨੁੱਖੀ ਜੀਵਨ ਦੇ ਪ੍ਰਵਾਹ ਦਾ ਵਸੀਲਾ ਨਹੀਂ ਬਣ ਸਕਦਾ। ਸਾਰੇ ਪਾਸਿਆਂ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਦੁਨੀਆ ਇੱਕ ਵੱਡੇ ਜਲ ਸੰਕਟ ਵੱਲ ਵਧ ਰਹੀ ਹੈ ਤੇ ਭਾਰਤੀ ਉਪਮਹਾਂਦੀਪ ਇਸ ਸੰਕਟ ਦਾ ਵੱਡਾ ਸ਼ਿਕਾਰ ਬਣਨ ਜਾ ਰਿਹਾ ਹੈ। ਅਜਿਹੇ ਵਿੱਚ ਪਾਣੀ 'ਤੇ ਦਾਅਵੇਦਾਰੀ ਦੀ ਲੜਾਈ ਦੇ ਅਸਾਰ ਵੱਧਣ ਦੀ ਉਮੀਦ ਹੈ। 

ਇਸ ਵਾਰ ਬਰਸਾਤ ਘੱਟ ਪੈਣ ਨਾਲ ਭਾਰਤ ਦੇ ਕਈ ਹਿੱਸਿਆਂ ਵਿੱਚ ਸੋਕ ਵਰਗੇ ਹਾਲਤ ਬਣਨ ਦੀਆਂ ਖਬਰਾਂ ਆ ਰਹੀਆਂ ਹਨ। ਤਾਮਿਲ ਨਾਡੂ ਸੂਬੇ ਦੇ ਸ਼ਹਿਰ ਚੇਨੱਈ ਵਿੱਚ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਥਿਰੂਵਾਲੂਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਬੋਰ ਕਰਕੇ ਉੱਥੋਂ ਪਾਣੀ ਕੱਢ ਕੇ ਸ਼ਹਿਰ ਨੂੰ ਦਿੱਤਾ ਜਾ ਰਿਹਾ ਹੈ। ਪਰ ਚੇਨੱਈ ਦੀ ਪਿਆਸ ਬੁਝਾਉਣ ਲਈ ਕੀਤੇ ਇਹਨਾਂ ਬੋਰਾਂ ਨੇ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਡਰਾ ਦਿੱਤਾ ਹੈ। ਇਹਨਾਂ ਬੋਰਾਂ ਕਾਰਨ ਇਹਨਾਂ ਪਿੰਡਾਂ ਦੇ ਖੂਹ ਸੁੱਕਣ ਲੱਗੇ ਹਨ ਤੇ ਇਸ ਦੇ ਚਲਦਿਆਂ ਇਹਨਾਂ ਪਿੰਡਾਂ ਦੇ ਲੋਕਾਂ ਨੇ ਆਪਣੇ ਪਾਣੀ ਨੂੰ ਬਚਾਉਣ ਲਈ ਸੰਘਰਸ਼ ਸ਼ੁਰੂ ਕਰ ਦਿੱਤਾ ਹੈ। 

ਥਿਰੂਵਾਲੂਰ ਜ਼ਿਲ੍ਹੇ ਦੇ ਸੱਤ ਪਿੰਡਾਂ ਦੇ ਲੋਕਾਂ ਵੱਲੋਂ ਪਾਣੀ ਬਚਾਉਣ ਦੇ ਇਸ ਸੰਘਰਸ਼ ਲਈ ਵੰਡੇ ਜਾ ਰਹੇ ਪਰਚੇ 'ਤੇ ਲਿਖਿਆ ਗਿਆ ਹੈ, "ਸਾਨੂੰ ਚੇਨੱਈ ਵਰਗੇ ਹਾਲਤਾਂ ਵੱਧ ਧੱਕਿਆ ਜਾ ਰਿਹਾ ਹੈ, ਜਿੱਥੇ ਸਾਨੂੰ ਪੀਣ ਵਾਲੇ ਪਾਣੀ ਦੀ ਭੀਖ ਮੰਗਣੀ ਪਵੇਗੀ।"


ਪਾਣੀ ਦੀ ਚੋਰੀ ਦਾ ਵਿਰੋਧ ਕਰਦੀਆਂ ਬੀਬੀਆਂ
ਪਿਛਲੇ ਹਫਤੇ ਇਹਨਾਂ ਪਿੰਡਾਂ ਦੀਆਂ 100 ਦੇ ਕਰੀਬ ਔਰਤਾਂ ਨੇ ਇੱਕ ਥਾਂ 'ਤੇ ਇਕੱਤਰ ਹੋ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਿੱਥੇ ਉਹਨਾਂ ਕਿਹਾ ਕਿ ਪਿਛਲੇ ਕੁੱਝ ਮਹੀਨਿਆਂ ਵਿੱਚ ਇਨ੍ਹਾਂ ਦੇ ਪਿੰਡਾਂ 'ਚ 11 ਤੋਂ ਵੱਧ ਬੋਰ ਕੀਤੇ ਗਏ ਹਨ, ਜਿਸ ਨਾਲ ਉਹਨਾਂ ਦੀਆਂ ਜ਼ਿੰਦਗੀਆਂ ਦੇ ਵਸੀਲੇ ਜ਼ਮੀਨੀ ਪਾਣੀ ਨੂੰ ਲੁੱਟਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਬੋਰਾਂ ਤੋਂ ਪਾਣੀ ਭਰ ਕੇ ਸ਼ਹਿਰਾਂ ਨੂੰ ਜਾਂਦੇ ਟੈਂਕਰ ਸਾਡੀਆਂ ਕੱਚੀਆਂ ਸੜਕਾਂ ਦੀਆਂ ਹਿੱਕਾਂ ਮਿੱਧਦੇ ਲਗਾਤਾਰ ਚੱਲਦੇ ਹਨ।

ਇੱਕ ਪਿੰਡ ਦੇ ਵਾਸੀਆਂ ਨੇ ਦੱਸਿਆ ਕਿ ਪਿੰਡ ਦਾ ਇੱਕ ਖੂਹ ਜੋ ਸਦੀਆਂ ਤੋਂ ਪਿੰਡ ਨੂੰ ਪਾਣੀ ਦੇ ਰਿਹਾ ਸੀ ਉਹ ਇਹਨਾਂ ਬੋਰਾਂ ਦੇ ਹੋਣ ਮਗਰੋਂ ਸੁੱਕ ਗਿਆ ਹੈ। 62 ਸਾਲਾ ਮਾਲਿਗਾ ਨੇ ਕਿਹਾ, "ਅਸੀਂ ਮਾੜੇ ਤੋਂ ਮਾੜੇ ਸਮਿਆਂ ਵਿੱਚ ਵੀ ਇਸ ਖੂਹ ਨੂੰ ਸੁੱਕਿਆ ਨਹੀਂ ਦੇਖਿਆ ਸੀ, ਪਰ ਪਿਛਲੇ ਦੋ ਮਹੀਨਿਆਂ ਵਿੱਚ ਇਹ ਇੱਕ ਵੱਡੇ ਕੂੜੇਦਾਨ ਵਰਗਾ ਬਣ ਗਿਆ ਹੈ।"

ਪਬਲਿਕ ਵਰਕਸ ਡਿਪਾਰਟਮੈਂਟ (PWD) ਦੇ ਸਾਬਕਾ ਇੰਜੀਨੀਅਰ ਨੇ ਕਿਹਾ ਕਿ ਇਹਨਾਂ ਬੋਰਾਂ ਕਾਰਨ ਖੂਹ ਸੁੱਕ ਰਹੇ ਹਨ। 

ਇਹਨਾਂ ਪਿੰਡਾਂ ਦੇ ਲੋਕ ਲਗਾਤਾਰ ਇਹਨਾਂ ਬੋਰਾਂ ਦਾ ਵਿਰੋਧ ਕਰ ਰਹੇ ਹਨ ਪਰ ਸਰਕਾਰੇ-ਦਰਬਾਰੇ ਕੋਈ 'ਜੂੰਅ ਨਹੀਂ ਸਰਕ ਰਹੀ'। ਇੱਕ ਪਿੰਡ ਵਾਸੀ ਚੰਦਰਸ਼ੇਖਰ ਨੇ ਕਿਹਾ ਕਿ ਪਾਣੀ ਦੀ ਚੋਰੀ ਖਿਲਾਫ ਉਹਨਾਂ ਦੇ ਵਿਰੋਧ ਤੋਂ ਇੱਕ ਦੋ ਦਿਨ ਬਾਅਦ ਤੱਕ ਬੋਰ ਬੰਦ ਕਰਦੇ ਹਨ ਪਰ ਉਸ ਤੋਂ ਬਾਅਦ ਦੁਬਾਰਾ ਫੇਰ ਪਾਣੀ ਕੱਢਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਜਦੋਂ ਪਿੰਡ ਵਾਲੇ ਬੋਰਾਂ ਦੀ ਬਿਜਲੀ ਕੱਟ ਦਿੰਦੇ ਹਨ ਤਾਂ ਟੈਂਕਰਾਂ ਵਾਲੇ ਨਜ਼ਾਇਜ਼ ਬਿਜ਼ਲੀ ਵਰਤ ਕੇ ਪਾਣੀ ਕੱਢਣਾ ਜਾਰੀ ਰੱਖਦੇ ਹਨ।

"ਸਾਡਾ ਪਾਣੀ ਚੋਰੀ ਕਰਕੇ ਚੇਨੱਈ ਵਿੱਚ ਵੇਚਿਆ ਜਾ ਰਿਹਾ ਹੈ"
ਪਿੰਡ ਦੇ ਵਸਨੀਕਾਂ ਨੇ ਕਿਹਾ ਕਿ ਉਹਨਾਂ ਦਾ ਵਿਰੋਧ ਜ਼ਿਆਦਾ ਇਸ ਗੱਲ ਦਾ ਹੈ ਕਿ ਉਹਨਾਂ ਦੇ ਖੂਹਾਂ ਨੂੰ ਸੁਕਾ ਕੇ ਉਹਨਾਂ ਦਾ ਪਾਣੀ ਚੋਰੀ ਕਰਕੇ ਚੇਨੱਈ ਦੇ ਵੱਡੇ ਮਾਲਾਂ (ਵੱਡੀਆਂ ਦੁਕਾਨਾਂ) ਵਿੱਚ ਵੇਚਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਡਾ ਵਿਰੋਧ ਐਨਾ ਤਿੱਖਾ ਨਾ ਹੁੰਦਾ ਜੇ ਇਸ ਪਾਣੀ ਨਾਲ ਚੇਨੱਈ ਦੀ ਪਿਆਸ ਬੁਝਾਈ ਜਾਂਦੀ। 

(ਪੰਜਾਬੀਆਂ ਨੂੰ ਸਵਾਲ: ਕੀ ਪੰਜਾਬ ਦੇ ਲੋਕ ਵੀ ਆਪਣੇ ਲੁੱਟੇ ਜਾ ਰਹੇ ਪਾਣੀ 'ਤੇ ਅਜਿਹਾ ਦਾਅਵਾ ਕਰਨ ਦੀ ਹਿੰਮਤ ਰੱਖਦੇ ਹਨ?)

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ