ਭਗਵੇਂਵਾਦੀਆਂ ਦੀ ਟਹਿਲ ਸੇਵਾ ਮਾਣਦਿਆਂ ਵੱਡੇ ਬਾਦਲ ਨੂੰ ਵਿਸਰੇ ਉਜਾੜੇ ਦੀਆਂ ਬਰੂਹਾਂ 'ਤੇ ਬੈਠੇ ਸਿੱਖ ਕਿਸਾਨ

ਭਗਵੇਂਵਾਦੀਆਂ ਦੀ ਟਹਿਲ ਸੇਵਾ ਮਾਣਦਿਆਂ ਵੱਡੇ ਬਾਦਲ ਨੂੰ ਵਿਸਰੇ ਉਜਾੜੇ ਦੀਆਂ ਬਰੂਹਾਂ 'ਤੇ ਬੈਠੇ ਸਿੱਖ ਕਿਸਾਨ

ਚੰਡੀਗੜ੍ਹ: ਜਿੱਥੇ ਇਕ ਪਾਸੇ ਗੁਜਰਾਤ ਦੀ ਭਾਜਪਾ ਸਰਕਾਰ ਗੁਜਰਾਤ ਦੀਆਂ ਬੰਜਰ ਜ਼ਮੀਨਾਂ ਨੂੰ ਆਪਣੇ ਖੂਨ ਪਸੀਨੇ ਨਾਲ ਅਬਾਦ ਕਰਨ ਵਾਲੇ ਸਿੱਖ ਕਿਸਾਨਾਂ ਨੂੰ ਉਜਾੜਨ ਦੇ ਰਾਹ ਤੁਰੀ ਹੋਈ ਹੈ ਉੱਥੇ ਸਿੱਖਾਂ ਦੀ ਰਾਜਨੀਤਕ ਅਗਵਾਈ ਕਰਨ ਦਾ ਦਾਅਵਾ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ 'ਤੇ ਕਾਬਜ਼ ਬਾਦਲ ਪਰਿਵਾਰ ਦੇ ਵੱਡੇ ਜੀਅ ਪ੍ਰਕਾਸ਼ ਸਿੰਘ ਬਾਦਲ ਭਾਜਪਾ ਵਾਲਿਆਂ ਨਾਲ ਸਿਆਸੀ ਯਾਰੀਆਂ ਨਿਭਾ ਰਹੇ ਹਨ। ਪ੍ਰਕਾਸ਼ ਸਿੰਘ ਬਾਦਲ ਗਾਂਧੀਨਗਰ ਵਿਖੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵੱਲੋਂ ਚੋਣ ਕਾਗਜ਼ ਭਰਨ ਤੋਂ ਪਹਿਲਾਂ ਰੱਖੀ ਗਈ "ਅਸ਼ੀਰਵਾਦ ਰੈਲੀ" ਵਿਚ ਪਹੁੰਚੇ ਸਨ ਪਰ ਗੁਜਰਾਤ ’ਚ ਉਜਾੜੇ ਦੀਆਂ ਬਰੂਹਾਂ ’ਤੇ ਬੈਠੇ ਹਜ਼ਾਰਾਂ ਸਿੱਖ ਕਿਸਾਨਾਂ ਦਾ ਉਹਨਾਂ ਨੂੰ ਕੋਈ ਖਿਆਲ ਨਹੀਂ ਆਇਆ ਤੇ ਉਹਨਾਂ ਸਿੱਖ ਕਿਸਾਨਾਂ ਦਾ ਕੋਈ ਜ਼ਿਕਰ ਤੱਕ ਨਹੀਂ ਕੀਤਾ। ਵੱਡੇ ਬਾਦਲ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ‘ਆਸ਼ੀਰਵਾਦ’ ਦੇਣ ਤਾਂ ਗੁਜਰਾਤ ਪੁੱਜ ਗਏ ਪਰ ਉਨ੍ਹਾਂ ਸਿੱਖ ਕਿਸਾਨਾਂ ਨੂੰ ਚੇਤੇ ਤੋਂ ਵਿਸਾਰ ਦਿੱਤਾ ਜਿਨ੍ਹਾਂ ਨੂੰ ਵਰ੍ਹਿਆਂ ਤੋਂ ਗੁਜਰਾਤ ’ਚੋਂ ‘ਬਾਹਰ’ ਕਰਨ ਲਈ ਗੁਜਰਾਤ ਸਰਕਾਰ ਕਾਹਲੀ ਹੈ। ਗੁਜਰਾਤ ਵਿਚ ਕਰੀਬ ਪੰਜ ਹਜ਼ਾਰ ਸਿੱਖ ਪਰਿਵਾਰ ਪੰਜ ਵਰ੍ਹਿਆਂ ਤੋਂ ਉਥੋਂ ਦੀ ਸਰਕਾਰ ਦੇ ਵਿਤਕਰੇ ਦਾ ਸ਼ਿਕਾਰ ਹਨ।

ਦੱਸਣਯੋਹ ਹੈ ਕਿ ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ 1964 ਵਿਚ ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਤਹਿਤ ਪੰਜਾਬ ਅਤੇ ਹਰਿਆਣਾ ਦੇ ਸਿੱਖ ਕਿਸਾਨਾਂ ਨੂੰ ਗੁਜਰਾਤ ਦੇ ਬੰਜਰ ਸਮਝੇ ਜਾਂਦੇ ਭੁੱਜ ਇਲਾਕੇ ਵਿਚ ਜ਼ਮੀਨਾਂ ਦੀ ਅਲਾਟਮੈਂਟ ਕੀਤੀ ਸੀ। ਭੁਜ ਖ਼ਿੱਤੇ ’ਚੋਂ ਕਾਫ਼ੀ ਕਿਸਾਨ ਪਰਿਵਾਰ ਪੰਜਾਬ ਵੀ ਮੁੜ ਆਏ ਹਨ। ਗੁਜਰਾਤ ਵਿਚ ਸਿੱਖ ਕਿਸਾਨਾਂ ਦੀ ਕਰੀਬ 20 ਹਜ਼ਾਰ ਏਕੜ ਜ਼ਮੀਨ ਖ਼ਤਰੇ ਵਿਚ ਹੈ ਜਿਸ ਨੂੰ ਭੂ ਮਾਫੀਏ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਿੱਖ ਕਿਸਾਨਾਂ ਨੂੰ ਗੁਜਰਾਤ ਹਾਈ ਕੋਰਟ ਤੋਂ ਰਾਹਤ ਮਿਲ ਗਈ ਸੀ ਪਰ ਗੁਜਰਾਤ ਦੀ ਸੂਬਾ ਸਰਕਾਰ ਹਾਈ ਕੋਰਟ ਦੇ ਫੈਂਸਲੇ ਖਿਲਾਫ ਸੁਪਰੀਮ ਕੋਰਟ ਚਲੀ ਗਈ ਜਿਥੇ ਫ਼ੈਸਲਾ ਬਕਾਇਆ ਪਿਆ ਹੈ।


ਗੁਜਰਾਤ ਦੇ ਪਿੰਡ ਨਰੌਣਾ ਦੇ ਕਿਸਾਨ ਆਪਣੇ ਦੁੱਖ ਦਰਦ ਦੱਸਦੇ ਹੋਏ

ਪੰਜ ਵਰ੍ਹੇ ਪਹਿਲਾਂ ਜਦੋਂ ਸਿੱਖ ਕਿਸਾਨਾਂ ਦੇ ਉਜਾੜੇ ਦਾ ਮਾਮਲਾ ਭਖਿਆ ਸੀ ਤਾਂ ਉਦੋਂ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਮੋਜੂਦਾ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 23 ਫਰਵਰੀ 2014 ਨੂੰ ਜਗਰਾਓਂ ਵਿਖੇ ‘ਫਤਹਿ ਰੈਲੀ’ ਵਿਚ ਐਲਾਨ ਕੀਤਾ ਸੀ ਕਿ ਕੋਈ ਸਿੱਖ ਕਿਸਾਨ ਗੁਜਰਾਤ ’ਚੋਂ ਉਜੜਨ ਨਹੀਂ ਦਿੱਤਾ ਜਾਵੇਗਾ। ਸਿੱਖ ਕਿਸਾਨਾਂ ਦੀ ਅਗਵਾਈ ਕਰਨ ਵਾਲੇ ਜ਼ਿਲ੍ਹਾ ਭੁਜ ਦੇ ਪਿੰਡ ਮਾਂਡਵੀ ਦੇ ਕਿਸਾਨ ਸੁਰਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਸੁਪਰੀਮ ਕੋਰਟ ਵਿਚ ਗੁਜਰਾਤ ਸਰਕਾਰ ਪੂਰੀ ਤਰ੍ਹਾਂ ਨਾਲ ਸਿੱਖ ਕਿਸਾਨਾਂ ਖ਼ਿਲਾਫ਼ ਖੜ੍ਹੀ ਹੈ। ਉਨ੍ਹਾਂ ਆਖਿਆ ਕਿ ਵੱਡੇ ਬਾਦਲ ਨੇ ਹੁਣ ਅਮਿਤ ਸ਼ਾਹ ਨੂੰ ਆਸ਼ੀਰਵਾਦ ਤਾਂ ਦਿੱਤਾ ਹੈ ਪਰ ਉਹ ਸਿੱਖ ਕਿਸਾਨਾਂ ਦੇ ਮਸਲੇ ਭੁੱਲ ਗਏ ਹਨ। ਉਨ੍ਹਾਂ ਆਖਿਆ ਕਿ ਬਾਦਲ ਆਪਣੇ ਸਿਆਸੀ ਹਿੱਤਾਂ ਲਈ ਗੁਜਰਾਤ ਆਏ ਸਨ, ਨਾ ਕਿ ਸਿੱਖ ਕਿਸਾਨਾਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਲਾਉਣ ਲਈ। 

ਪਿੰਡ ਨਰੌਣਾ ਦੇ ਕਿਸਾਨ ਬਿੱਕਰ ਸਿੰਘ ਨੇ ਕਿਹਾ ਕਿ ਨਰਿੰਦਰ ਮੋਦੀ ਪੰਜ ਵਰ੍ਹੇ ਪਹਿਲਾਂ ਕੀਤੇ ਵਾਅਦੇ ਤੋਂ ਮੁੱਕਰ ਗਏ ਹਨ ਅਤੇ ਹੁਣ ਤਾਂ ਬਾਦਲ ਵੀ ਕਿਸਾਨਾਂ ਦਾ ਦਰਦ ਭੁੱਲ ਗਏ ਹਨ। ‘ਹੁਣ ਤਿਲ਼ਾਂ ਵਿਚ ਤੇਲ ਨਹੀਂ ਰਿਹਾ ਅਤੇ ਵੱਡੇ ਬਾਦਲ ਤਾਂ ਭਵਿੱਖ ਦੀ ਗੋਟੀ ਫਿੱਟ ਕਰਨ ਲਈ ਗੁਜਰਾਤ ਦੇ ਗੇੜੇ ਮਾਰ ਰਹੇ ਹਨ।’ ਪਿੰਡ ਜੁਰਾ ਦੇ ਕਿਸਾਨ ਸਾਧੂ ਸਿੰਘ ਅਤੇ ਚਮਕੌਰ ਸਿੰਘ ਮੁਤਾਬਕ ਗੁਜਰਾਤ ਸਰਕਾਰ ਨੇ ਸਿੱਖ ਕਿਸਾਨਾਂ ’ਤੇ ‘ਬਾਹਰਲੇ’ ਹੋਣ ਦਾ ਠੱਪਾ ਲਾ ਦਿੱਤਾ ਹੈ ਅਤੇ ਪੰਜ ਵਰ੍ਹਿਆਂ ਵਿਚ ਗੁਜਰਾਤ ਸਰਕਾਰ ਜਾਂ ਕੇਂਦਰ ਸਰਕਾਰ ਨੇ ਕੋਈ ਰਾਹਤ ਨਹੀਂ ਦਿੱਤੀ। ਉਨ੍ਹਾਂ ਆਖਿਆ ਕਿ ਵੱਡੇ ਬਾਦਲ ਆਸ਼ੀਰਵਾਦ ਦੇਣ ਵੇਲੇ ਅਮਿਤ ਸ਼ਾਹ ਨੂੰ ਸਿੱਖ ਕਿਸਾਨਾਂ ਦਾ ਚੇਤਾ ਤਾਂ ਕਰਾਉਂਦੇ। 

ਕੁਠਾਰਾ ਪਿੰਡ ਵਿਚ ਬੈਠੇ ਕਿਸਾਨ ਜਸਵਿੰਦਰ ਸਿੰਘ ਤੇ ਹਰਵਿੰਦਰ ਸਿੰਘ ਨੇ ਕਿਹਾ,‘‘ਵੱਡੇ ਬਾਦਲ ਕਦੇ ਵੀ ਸਿੱਖ ਕਿਸਾਨਾਂ ਦੇ ਦੁੱਖ ਦਰਦ ਜਾਣਨ ਲਈ ਗੁਜਰਾਤ ਨਹੀਂ ਆਏ ਪਰ ਆਸ਼ੀਰਵਾਦ ਦੇਣ ਲਈ ਰਾਤੋਂ ਰਾਤ ਪੁੱਜ ਗਏ। ਚੰਗਾ ਹੁੰਦਾ, ਉਹ ਉਜਾੜੇ ਦੀ ਤਲਵਾਰ ਝੱਲ ਰਹੇ ਸਿੱਖ ਕਿਸਾਨਾਂ ਦੀ ਗੱਲ ਵੀ ਕਰਦੇ।’’ ਦੱਸਣਯੋਗ ਹੈ ਕਿ ਇਕੱਲੇ ਕੁਠਾਰਾ ਕਸਬੇ ਵਿਚ ਕਰੀਬ ਤਿੰਨ ਹਜ਼ਾਰ ਸਿੱਖ ਕਿਸਾਨ ਪਰਿਵਾਰ ਹਨ। ਇਸੇ ਤਰ੍ਹਾਂ ਨਲੀਆ ਵਿਧਾਨ ਸਭਾ ਹਲਕੇ ਵਿਚ ਵੀ ਕਾਫ਼ੀ ਸਿੱਖ ਹਨ। ਲੋਰੀਆ ਵਿਚ ਕਈ ਕਿਸਾਨ ਗੁਜਰਾਤੀ ਸਰਕਾਰ ਤੇ ਭੂ ਮਾਫੀਆ ਦਾ ਧੱਕਾ ਝੱਲ ਚੁੱਕੇ ਹਨ। ਹੁਣ ਲੋਕ ਸਭਾ ਚੋਣਾਂ ਵਿਚ ਇਹ ਕਿਸਾਨ ਮੁੜ ਸਿਆਸੀ ਤੌਰ ’ਤੇ ਸਰਗਰਮ ਹੋਏ ਹਨ।

ਇਸ ਤੋਂ ਵੱਡੀ ਸਮੱਸਿਆ ਸਿੱਖ ਕਿਸਾਨਾਂ ਲਈ ਇਹ ਬਣੀ ਹੋਈ ਹੈ ਕਿ ਗੁਜਰਾਤ ਵਿਚ ਹੁਣ ਬੈਂਕਾਂ ਨੇ ਉਹਨਾਂ ਨੂੰ ਕਰਜ਼ੇ ਦੇਣੇ ਬੰਦ ਕਰ ਦਿੱਤੇ ਹਨ। ਕਿਸਾਨਾਂ ਨੂੰ ਮਾਲਕੀ ਵਾਲੀਆਂ ਜ਼ਮੀਨਾਂ ’ਤੇ ਹੁਣ ਕੋਈ ਕਰਜ਼ ਨਹੀਂ ਮਿਲਦਾ ਹੈ। ਨੌਂ ਮਹੀਨੇ ਤੋਂ ਬੈਂਕਾਂ ਨੇ ਆਨਾਕਾਨੀ ਸ਼ੁਰੂ ਕੀਤੀ ਹੈ ਪਰ ਢਾਈ ਮਹੀਨਿਆਂ ਤੋਂ ਸਿੱਖ ਕਿਸਾਨਾਂ ਨੂੰ ਕੋਈ ਬੈਂਕ ਦੇਹਲੀ ਨਹੀਂ ਚੜ੍ਹਨ ਦੇ ਰਿਹਾ। ਸਿੱਖ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਜਰਾਤ ਵਿਚ ਏਦਾਂ ਦੇ ਢੰਗ ਤਰੀਕਿਆਂ ਨਾਲ ਦੁਖੀ ਕੀਤਾ ਜਾ ਰਿਹਾ ਹੈ ਤਾਂ ਜੋ ਤੰਗੀ ਝੱਲਦੇ ਸਿੱਖ ਕਿਸਾਨ ਖੁਦ ਹੀ ਗੁਜਰਾਤ ਨੂੰ ਛੱਡਣ ਲਈ ਮਜਬੂਰ ਹੋ ਜਾਣ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ