ਬਾਦਲ ਦਲ ਨੇ ਨਕੋਦਰ ਸਾਕੇ ਦੇ ਕਥਿਤ ਦੋਸ਼ੀ ਦਰਬਾਰਾ ਸਿੰਘ ਗੁਰੂ ਨੂੰ ਫਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਐਲਾਨਿਆ

ਬਾਦਲ ਦਲ ਨੇ ਨਕੋਦਰ ਸਾਕੇ ਦੇ ਕਥਿਤ ਦੋਸ਼ੀ ਦਰਬਾਰਾ ਸਿੰਘ ਗੁਰੂ ਨੂੰ ਫਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਐਲਾਨਿਆ

ਫਤਹਿਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਖੰਨਾ 'ਚ ਪਹਿਲੀ ਚੋਣ ਰੈਲੀ ਕਰਨ ਪੁੱਜੇ। ਇਸ ਦੌਰਾਨ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਹ ਐਲਾਨ ਕੀਤਾ ਕਿ ਦਰਬਾਰਾ ਸਿੰਘ ਗੁਰੂ ਸਾਬਕਾ ਪ੍ਰਿੰਸੀਪਲ ਸਕੱਤਰ ਮੁੱਖ ਮੰਤਰੀ ਪੰਜਾਬ, ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਹੋਣਗੇ। 

ਜ਼ਿਕਰਯੋਗ ਹੈ ਕਿ ਦਰਬਾਰਾ ਸਿੰਘ ਗੁਰੂ 'ਤੇ ਵੱਡਾ ਇਲਜ਼ਾਮ ਲਗਦਾ ਹੈ ਕਿ ਫਰਵਰੀ 1986 ਵਿਚ ਨਕੋਦਰ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖਿਲਾਫ ਰੋਸ ਪ੍ਰਗਟ ਕਰ ਰਹੀਆਂ ਸਿੱਖ ਸੰਗਤਾਂ 'ਤੇ ਪੁਲਿਸ ਵੱਲੋਂ ਚਲਾਈ ਗੋਲੀ ਵਿਚ ਸ਼ਹੀਦ ਹੋਏ ਚਾਰ ਸਿੱਖ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਦੇ ਪੋਸਟਮਾਰਟਮ ਦੀ ਪਰਵਾਨਗੀ ਉਸ ਸਮੇਂ ਜ਼ਿਲ੍ਹਾ ਮੈਜਿਸਟਰੇਟ ਦੇ ਅਹੁਦੇ 'ਤੇ ਤੈਨਾਤ ਦਰਬਾਰਾ ਸਿੰਘ ਗੁਰੂ ਨੇ ਦਿੱਤੀ ਸੀ ਜਿਸ ਮਗਰੋਂ ਦਰਬਾਰਾ ਸਿੰਘ ਗੁਰੂ ਦੀ ਅਗਵਾਈ ਵਿਚ ਪ੍ਰਸ਼ਾਸਨ ਨੇ ਸਿੱਖ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਦਾ ਬਿਨ੍ਹਾਂ ਪਰਿਵਾਰਾਂ ਨੂੰ ਵਖਾਇਆਂ ਇਕੋ ਅੰਗੀਠੇ 'ਤੇ ਸੰਸਕਾਰ ਕਰ ਦਿੱਤਾ ਸੀ। 

ਨਕੋਦਰ ਸਾਕੇ ਵਿਚ ਸ਼ਹੀਦ ਹੋਣ ਵਾਲੇ ਚਾਰ ਸਿੱਖ ਨੌਜਵਾਨਾਂ ਵਿਚੋਂ ਇਕ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਬਾਪੂ ਬਲਦੇਵ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਅਪੀਲ ਦਰਜ ਕਰਕੇ ਸਾਕੇ ਸਮੇਂ ਨਕੋਦਰ ਵਿਖੇ ਤੈਨਾਤ ਜ਼ਿਲ੍ਹਾ ਮੈਜਿਸਟਰੇਟ ਦਰਬਾਰਾ ਸਿੰਘ ਗੁਰੂ, ਐਸਐਸਪੀ ਮੋਹਮਦ ਇਜ਼ਹਾਰ ਆਲਮ ਅਤੇ ਐਸ ਪੀ (ਆਪਰੇਸ਼ਨ) ਅਸ਼ਵਨੀ ਕੁਮਾਰ ਸ਼ਰਮਾ ਖਿਲਾਫ ਭਾਰਤੀ ਸਜ਼ਾਵਲੀ ਦੀ ਧਾਰਾ 302/307/34 ਅਧੀਨ ਐਫਆਈਆਰ ਦਰਜ ਕਰਕੇ ਖਾਸ ਜਾਂਚ ਟੀਮ (ਸਿੱਟ) ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਹੈ। 

ਦੂਜੇ ਪਾਸੇ ਨਕੋਦਰ ਸਾਕੇ ਦੇ ਸ਼ਹੀਦਾਂ ਦੇ ਪਰਿਵਾਰਾਂ ਨੇ ਦਰਬਾਰਾ ਸਿੰਘ ਗੁਰੂ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ ਅਤੇ ਫਤਹਿਗੜ੍ਹ ਸਾਹਿਬ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਚੋਣਾਂ ਵਿਚ ਦਰਬਾਰਾ ਸਿੰਘ ਗੁਰੂ ਨੂੰ ਹਰਾ ਕੇ ਉਸਨੂੰ ਅਤੇ ਬਾਦਲਾਂ ਨੂੰ ਸਖਤ ਜਵਾਬ ਦੇਣ। ਉਨ੍ਹਾਂ ਕਿਹਾ ਕਿ ਦਰਬਾਰਾ ਸਿੰਘ ਗੁਰੂ ਨੂੰ ਉਮੀਦਵਾਰ ਬਣਾ ਕੇ ਬਾਦਲ ਦਲ ਉਹਨਾਂ ਦੇ ਜ਼ਖਮਾਂ 'ਤੇ ਲੂਣ ਪਾ ਰਿਹਾ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ