ਸਿੱਖਾਂ ਲਈ ਮੁਹੱਬਤ ਤੇ ਦੋਸਤੀ ਦਾ ਸੁਨੇਹਾ ਲੈ ਕੇ ਅਮਰੀਕਾ ਪੁੱਜੇ ਪਾਕਿਸਤਾਨੀ ਪੰਜਾਬ ਦੇ ਗਵਰਨਰ

ਸਿੱਖਾਂ ਲਈ ਮੁਹੱਬਤ ਤੇ ਦੋਸਤੀ ਦਾ ਸੁਨੇਹਾ ਲੈ ਕੇ ਅਮਰੀਕਾ ਪੁੱਜੇ ਪਾਕਿਸਤਾਨੀ ਪੰਜਾਬ ਦੇ ਗਵਰਨਰ

ਨਿਊਯਾਰਕ/ਬਲਵਿੰਦਰਪਾਲ ਸਿੰਘ ਖਾਲਸਾ :
ਪਾਕਿਸਤਾਨ ਦੇ ਵੱਡੇ ਸੂਬੇ ਪੰਜਾਬ ਦੇ ਗਵਰਨਰ ਜਨਾਬ ਚੌਧਰੀ ਮੁਹੰਮਦ ਸਰਵਰ ਅਮਰੀਕਾ ਵਸਦੀ ਸਿੱਖ ਕੌਮ ਨੂੰ ਗੁਰੂ ਨਾਨਕ ਸਾਹਿਬ ਦੇ 550 ਵੇਂ ਪ੍ਰਕਾਸ਼ ਉਤਸਵ ਦਾ ਸੱਦਾ ਦੇਣ ਲਈ ਇਥੇ ਪਹੁੰਚ ਗਏ ਹਨ। ਨਿਊਯਾਰਕ ਵਿਚ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਈਸਟ ਕੋਸਟ ਕਮੇਟੀ ਤੇ ਸਿੱਖ ਚੈਂਬਰਜ਼ ਆਫ ਕਾਮਰਸ ਨੇ ਇਕ ਸਾਂਝੇ ਵਫਦ ਦੇ ਰੂਪ ਵਿਚ ਗਵਰਨਰ ਸਾਹਿਬ ਨਾਲ ਸ਼ਾਨਦਾਰ ਮਾਹੌਲ ਵਿਚ ਮੁਲਾਕਾਤ ਕੀਤੀ ਤੇ ਉਨ੍ਹਾਂ ਦੇ ਵਿਚਾਰਾਂ ਨੂੰ ਸੁਣਿਆਂ। ਉਨਾਂ ਕਿਹਾ ਕਿ ਉਹ ਅਮਰੀਕਾ ਭਰ ਦੇ ਸਿੱਖਾਂ ਨੂੰ ਇਹ ਸੱਦਾ ਦੇਣ ਖਾਸ ਤੌਰ 'ਤੇ ਇਥੇ ਆਏ ਹਨ ਕਿ ਸਿੱਖ ਆਪ ਆਪਣੇ ਹੱਥੀਂ ਬਾਬਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਉਤਸਵ ਮਨਾਉਣ ਅਤੇ ਇਸ ਸਬੰਧੀ ਪਾਕਿਸਤਾਨ ਵਿਚ ਹੋ ਰਹੇ ਸਮਾਗਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ। ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਅਤੇ ਨਨਕਾਣਾ ਸਾਹਿਬ ਵਿਖੇ ਬਣਨ ਜਾ ਰਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਾਰੇ ਵੀ ਗੱਲਬਾਤ ਕਰਨ ਆਏ ਹਨ। ਜਨਾਬ ਚੌਧਰੀ ਮੁਹੰਮਦ ਸਰਵਰ ਨੇ ਕਿਹਾ ਕਿ ਇਨ੍ਹਾਂ ਵੱਡੇ ਤਿੰਨ ਕਾਰਜਾਂ ਬਾਰੇ ਸਿੱਖ ਆਪ ਜਾ ਕੇ ਪਾਕਿਸਤਾਨ ਸਰਕਾਰ ਦੇ ਨੇਕ ਇਰਾਦਿਆਂ ਅਤੇ ਹੋ ਰਹੇ ਕੰਮਾਂ ਨੂੰ ਵੇਖਣ ਤੇ ਮਹਿਸੂਸ ਕਰਨ ਕਿ ਪਾਕਿਸਤਾਨ ਸਰਕਾਰ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਸਿਰ ਤੋੜ ਯਤਨ ਕਰ ਰਹੀ ਹੈ, ਤਾਂ ਕਿ ਸਿੱਖਾਂ ਨੂੰ ਪਾਕਿਸਤਾਨ ਆਪਣੇ ਘਰ ਵਾਂਗ ਲੱਗੇ। ਡਾਕਟਰ ਪ੍ਰਿਤਪਾਲ  ਸਿੰਘ ਅਤੇ ਯਾਦਵਿੰਦਰ ਸਿੰਘ ਨੇ ਗਵਰਨਰ ਸਰਵਰ ਨਾਲ ਆਪਣੀ ਮੁਲਾਕਾਤ ਨੂੰ ਬਹੁਤ ਕਾਮਯਾਬ ਦੱਸਦਿਆਂ ਪਾਕਿਸਤਾਨ ਸਰਕਾਰ ਤੇ ਉਥੋਂ ਦੇ ਅਵਾਮ ਦੀ ਪ੍ਰਸੰਸਾ ਕੀਤੀ ਤੇ ਇਸ ਸੱਦੇ ਲਈ ਧੰਨਵਾਦ ਵੀ ਕੀਤਾ। 
ਸ਼ਨਿਚਰਵਾਰ, 13 ਅਪ੍ਰੈਲ ਨੂੰ ਗਵਰਨਰ ਜਨਾਬ ਸਰਵਰ ਫਰੀਮੌਂਟ ਦੇ ਪੈਰਾਡਾਈਜ਼ ਬਾਲਰੂਮਜ਼ ਵਿਚ ਬਾਅਦ ਦੁਪਹਿਰ 2 ਤੋਂ 5 ਵਜੇ ਦੇ ਵਿਚ ਆ ਰਹੇ ਹਨ, ਜਿੱਥੇ ਉਹ ਉਚੇਚੇ ਸੱਦੇ ਉਤੇ ਪਹੁੰਚੇ ਮਹਿਮਾਨਾਂ ਨਾਲ ਗੁਫਤਗੂ ਕਰਨਗੇ ਅਤੇ ਪਾਕਿਸਤਾਨ ਵੱਲੋਂ ਸਿੱਖ ਸੰਗਤਾਂ ਨੂੰ ਨਨਕਾਣਾ ਸਾਹਿਬ ਪਹੁੰਚਣ ਦਾ ਸੱਦਾ ਦੇਣਗੇ। ਇਸੇ ਤਰ੍ਹਾਂ ਐਤਵਾਰ 14 ਅਪ੍ਰੈਲ ਨੂੰ ਗਵਰਨਰ ਸਾਹਿਬ ਸਟਾਕਟਨ ਦੇ ਖਾਲਸਾ ਸਾਜਨਾ ਨਗਰ ਕੀਰਤਨ ਦੇ ਸਮਾਗਮਾਂ ਵਿਚ ਸ਼ਾਮਲ ਹੋ ਕੇ ਗਦਰੀ ਬਾਬਿਆਂ ਦੀ ਧਰਤੀ ਉਤੇ ਵਸਦੇ ਸਿੱਖਾਂ ਨੂੰ ਨਨਕਾਣਾ ਸਾਹਿਬ ਪਹੁੰਚ ਕੇ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਉਤਸਵ ਮਨਾਉਣ ਦਾ ਸੱਦਾ ਵੀ ਦੇਣਗੇ।
ਗਵਰਨਰ ਸਾਹਿਬ ਦੇ ਅਮਰੀਕੀ ਦੌਰੇ ਉਤੇ ਸਿੱਖ ਸੰਗਤਾਂ ਤੇ ਪੰਥਕ ਜਥੇਬੰਦੀਆਂ ਵਿਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਇਸ ਨੂੰ ਪਾਕਿਸਤਾਨ ਸਰਕਾਰ ਦਾ ਬਹੁਤ ਵਧੀਆ ਉਦਮ ਮੰਨਿਆ ਜਾ ਰਿਹਾ ਹੈ।