ਸੜਕੇ 'ਤੇ ਘੁੰਮਦੇ ਅਵਾਰਾ ਸਾਨ੍ਹਾਂ ਕਾਰਨ ਦਾਦਾ-ਪੋਤੀ ਦੀ ਹਾਦਸੇ ਵਿੱਚ ਮੌਤ

ਸੜਕੇ 'ਤੇ ਘੁੰਮਦੇ ਅਵਾਰਾ ਸਾਨ੍ਹਾਂ ਕਾਰਨ ਦਾਦਾ-ਪੋਤੀ ਦੀ ਹਾਦਸੇ ਵਿੱਚ ਮੌਤ

ਫਤਹਿਗੜ੍ਹ ਸਾਹਿਬ: ਫ਼ਤਹਿਗੜ੍ਹ ਸਾਹਿਬ ਵਿਖੇ ਬੀਤੇ ਕੱਲ੍ਹ ਤੜਕਸਾਰ ਕਰੀਬ 7 ਵਜੇ ਸੜਕ 'ਤੇ ਭਿੜਦੇ ਆਵਾਰਾ ਸਾਨ੍ਹਾਂ ਨੇ ਹਮਲਾ ਕਰਕੇ ਇਕ 8 ਸਾਲ ਦੀ ਬੱਚੀ ਅਤੇ ਉਸ ਦੇ ਦਾਦੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਦਕਿ 2 ਹੋਰ ਮੋਟਰਸਾਈਕਲ ਸਵਾਰ ਬੱਚਿਆਂ ਨੂੰ ਜ਼ਖਮੀ ਕਰ ਦਿੱਤਾ। ਪੰਜਾਬ ਵਿੱਚ ਭਾਵੇਂ ਲੋਕਾਂ ਤੋਂ ਅਵਾਰਾ ਗਾਵਾਂ ਦੇ ਰੱਖ ਰਖਾਵ ਲਈ ਹਰ ਮਹੀਨੇ ਟੈਕਸ ਲਾ ਕੇ ਪੈਸੇ ਇਕੱਠੇ ਕੀਤੇ ਜਾਂਦੇ ਹਨ ਪਰ ਸਰਕਾਰ ਇਹਨਾਂ ਅਵਾਰਾ ਗਾਵਾਂ ਦੀ ਸਮੱਸਿਆ ਦਾ ਹੱਲ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। 

ਪ੍ਰਾਪਤ ਵੇਰਵਿਆਂ ਮੁਤਾਬਿਕ ਇਸ ਜ਼ਿਲ੍ਹੇ ਦੇ ਫ਼ਤਹਿਗੜ੍ਹ ਨਿਊਆਂ ਪਿੰਡ ਦਾ ਵਸਨੀਕ ਦਾਰਾ ਸਿੰਘ ਪੁੱਤਰ ਚਾਨਣ ਸਿੰਘ ਆਪਣੀ ਪੋਤੀ ਰਮਨਦੀਪ ਕੌਰ (8) ਪੁੱਤਰੀ ਅਮਰਜੀਤ ਸਿੰਘ, ਦੂਜੀ ਪੋਤੀ ਪਰਮਿੰਦਰ ਕੌਰ (11) ਤੇ ਪੋਤੇ ਅਭਿਜੀਤ ਸਿੰਘ (9) ਪੁੱਤਰ ਗੁਰਜੀਤ ਸਿੰਘ ਨਾਲ ਮੋਟਰਸਾਈਕਲ 'ਤੇ ਗੁ. ਜੋਤੀ ਸਰੂਪ ਸਾਹਿਬ ਤੋਂ ਮੱਥਾ ਟੇਕ ਵਾਪਸ ਆ ਰਿਹਾ ਸੀ ਤਾਂ ਜੋਤੀ ਸਰੂਪ ਮੋੜਾਂ ਕੋਲ ਪਹੁੰਚਦਿਆਂ ਅਚਾਨਕ ਹੀ ਇਕ ਆਵਾਰਾ ਸਾਨ੍ਹ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਸੜਕ 'ਤੇ ਜਾ ਰਹੇ ਇਕ ਵੱਡੇ ਟਰਾਲੇ ਥੱਲੇ ਜਾ ਵੜਿਆ ਜਿਸ ਦੇ ਸਿੱਟੇ ਵਜੋਂ ਦਾਦਾ ਦਾਰਾ ਸਿੰਘ ਅਤੇ ਉਸ ਦੀ ਪੋਤੀ ਰਮਨਦੀਪ ਕੌਰ ਦੀ ਟਰਾਲੇ ਦੇ ਟਾਇਰਾਂ ਹੇਠਾਂ ਆਉਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ। 

ਦਾਰਾ ਸਿੰਘ ਦੇ ਨਾਲ ਸਵਾਰ ਦੂਜੀ ਪੋਤੀ ਪਰਮਿੰਦਰ ਕੌਰ ਤੇ ਪੋਤਾ ਅਭਿਜੀਤ ਸਿੰਘ ਨੂੰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦਾਖਲ ਕਰਵਾਇਆ ਗਿਆ।