ਨੇਪਾਲ ਦੇ ਪ੍ਰਧਾਨ ਮੰਤਰੀ ਨੇ ਭਾਰਤ 'ਤੇ ਨੇਪਾਲ ਦੀ ਸਰਕਾਰ ਸੁੱਟਣ ਦੀਆਂ ਸਾਜਿਸ਼ਾਂ ਦਾ ਦੋਸ਼ ਲਾਇਆ

ਨੇਪਾਲ ਦੇ ਪ੍ਰਧਾਨ ਮੰਤਰੀ ਨੇ ਭਾਰਤ 'ਤੇ ਨੇਪਾਲ ਦੀ ਸਰਕਾਰ ਸੁੱਟਣ ਦੀਆਂ ਸਾਜਿਸ਼ਾਂ ਦਾ ਦੋਸ਼ ਲਾਇਆ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨੇਪਾਲ ਅਤੇ ਭਾਰਤ ਦਰਮਿਆਨ ਬਣੇ ਤਲਖ ਹਾਲਾਤਾਂ ਵਿਚ ਹੁਣ ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੇ ਦੋਸ਼ ਲਾਇਆ ਹੈ ਕਿ ਭਾਰਤ ਸਰਕਾਰ ਨੇਪਾਲ ਦੀ ਸਰਕਾਰ ਨੂੰ ਸੁੱਟਣ ਦੀ ਕੋਸ਼ਿਸ਼ ਕਰ ਰਹੀ ਹੈ। 

ਨੇਪਾਲ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿੱਲੀ ਵਿਚ ਇਸ ਸਬੰਧੀ ਕਈ ਬੈਠਕਾਂ ਹੋਣ ਦਾ ਦਾਅਵਾ ਕੀਤਾ ਹੈ। ਓਲੀ ਦਾ ਕਹਿਣਾ ਹੈ ਕਿ ਇਹ ਸਭ ਨੇਪਾਲ ਵੱਲੋਂ ਆਪਣੇ ਸੰਵਿਧਾਨ ਵਿਚ ਤਬਦੀਲੀਆਂ ਕਰਕੇ ਕਾਲਾਪਾਣੀ, ਲਿਪੁਲੇਖ ਅਤੇ ਲਿੰਪੀਆਧੁਰਾ ਇਲਾਕਿਆਂ ਨੂੰ ਨੇਪਾਲ ਦੇ ਨਕਸ਼ੇ ਵਿਚ ਸ਼ਾਮਲ ਕਰਨ ਤੋਂ ਬਾਅਦ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਇਹਨਾਂ ਇਲਾਕਿਆਂ 'ਤੇ ਭਾਰਤ ਆਪਣਾ ਦਾਅਵਾ ਕਰਦਾ ਹੈ ਪਰ ਨੇਪਾਲ ਦਾ ਕਹਿਣਾ ਹੈ ਕਿ ਭਾਰਤ ਨੇ ਨੇਪਾਲ ਦੇ ਇਹਨਾਂ ਇਲਾਕਿਆਂ 'ਤੇ ਕਬਜ਼ਾ ਕੀਤਾ ਹੋਇਆ ਹੈ।

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਨੇਪਾਲ ਦੀ ਸੱਤਾਧਾਰੀ ਪਾਰਟੀ ਨੇਪਾਲ ਕਮਿਊਨਿਸਟ ਪਾਰਟੀ ਵਿਚ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਖਿਲਾਫ ਵਿਰੋਧ ਦੀਆਂ ਅਵਾਜ਼ਾਂ ਤੇਜ਼ ਹੋ ਰਹੀਆਂ ਹਨ।

ਓਲੀ ਨੇ ਕਿਹਾ ਕਿ ਨੇਪਾਲ ਦਾ ਰਾਸ਼ਟਰਵਾਦ ਐਨਾ ਕਮਜ਼ੋਰ ਨਹੀਂ ਕਿ ਕੋਈ ਬਾਹਰੀ ਤਾਕਤ ਉਸਨੂੰ ਸੁੱਟ ਸਕੇ। 

ਓਲੀ ਨੇ ਕਿਹਾ ਕਿ ਉਹ ਹਮੇਸ਼ਾ ਲਈ ਪ੍ਰਧਾਨ ਮੰਤਰੀ ਨਹੀਂ ਬਣੇ ਰਹਿਣਾ ਚਾਹੁੰਦੇ ਪਰ ਇਸ ਸਮੇਂ ਉਹ ਇਸ ਅਹੁਦੇ ਨੂੰ ਛੱਡ ਵੀ ਨਹੀਂ ਸਕਦੇ ਕਿਉਂਕਿ ਇਹ ਸਮਾਂ ਨੇਪਾਲੀ ਰਾਸ਼ਟਰਵਾਦ ਅਤੇ ਨੇਪਾਲ ਦੀ ਖੇਤਰੀ ਪ੍ਰਭੂਸੱਤਾ ਲਈ ਬਹੁਤ ਅਹਿਮ ਹੈ।