ਕੋਰੋਨਾ ਵਾਇਰਸ ਦੇ ਦੌਰ ਵਿਚ ਲਾਹੌਰ ਦੀ ਰੌਣਕ ਤਾਂ ਕੋਰੋਨਾ ਨੇ ਲੁੱਟ ਲਈ

ਕੋਰੋਨਾ ਵਾਇਰਸ ਦੇ ਦੌਰ ਵਿਚ ਲਾਹੌਰ ਦੀ ਰੌਣਕ ਤਾਂ ਕੋਰੋਨਾ ਨੇ ਲੁੱਟ ਲਈ
ਤਾਇਬਾ ਬੁਖਾਰੀ
 
ਪੂਰੀ ਦੁਨੀਆ ਵਿਚ ਇਕ ਗੱਲ ਮਸ਼ਹੂਰ ਹੈ ਕਿ 'ਜਿਨ੍ਹਾਂ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ' ਅਤੇ ਇਹ ਵੀ ਕਿਹਾ ਜਾਂਦਾ ਹੈ ਕਿ 'ਲਾਹੌਰ ਸੌਂਦਾ ਨਹੀਂ'। ਇਸ ਦਾ ਮਤਲਬ ਹੈ ਕਿ ਲਾਹੌਰ ਦੀ ਰੌਣਕ ਰਾਤ ਦਾ ਹਨੇਰਾ ਵੀ ਘੱਟ ਨਹੀਂ ਕਰਦਾ। ਜਿਉਂ-ਜਿਉਂ ਰਾਤ ਪੈਂਦੀ ਹੈ ਲਾਹੌਰ ਦੀ ਰੌਣਕ ਵਧਦੀ ਜਾਂਦੀ ਹੈ। ਹੋਟਲਾਂ 'ਤੇ ਭੋਜਨ ਚਲਦਾ ਰਹਿੰਦਾ ਹੈ, ਲੋਕੀਂ ਸੜਕਾਂ ਤੇ ਮੁਹੱਲਿਆਂ ਵਿਚ ਕ੍ਰਿਕਟ, ਕੈਰਮ ਬੋਰਡ ਖੇਡਦੇ ਹਨ ਤੇ ਯਾਰਾਂ ਬੇਲੀਆਂ ਨਾਲ ਗੱਪਾਂ ਮਾਰਦੇ ਨਜ਼ਰ ਆਉਂਦੇ ਹਨ। ਲਾਹੌਰ ਦੇ ਭੋਜ ਬਾਜ਼ਾਰ (ਫੂਡ ਸਟ੍ਰੀਟਸ) ਵੀ ਵਿਸ਼ਵ ਭਰ ਵਿਚ ਪ੍ਰਸਿੱਧ ਹਨ। ਇਨ੍ਹਾਂ ਬਾਜ਼ਾਰਾਂ ਵਿਚ ਖਾਣ-ਪੀਣ ਦੀ ਐਸੀ ਕਿਹੜੀ ਸ਼ੈਅ ਹੈ, ਜਿਹੜੀ ਨਹੀਂ ਮਿਲਦੀ। ਪੰਜਾਬ ਦੇ ਸੱਭਿਆਚਾਰ ਦਾ ਸਾਰਾ ਭੋਜਨ ਤੁਹਾਨੂੰ ਇਕ ਹੀ ਥਾਂ 'ਤੇ ਭਾਵ ਇਨ੍ਹਾਂ ਭੋਜ ਬਾਜ਼ਾਰਾਂ ਵਿਚ ਸੌਖਿਆਂ ਹੀ ਲੱਭ ਜਾਂਦਾ ਹੈ। ਰਾਤ ਨੂੰ ਸ਼ੁਰੂ ਹੋਣ ਵਾਲੇ ਇਨ੍ਹਾਂ ਬਾਜ਼ਾਰਾਂ ਲਈ ਸ਼ਾਮ ਪੈਂਦਿਆਂ ਹੀ ਸੜਕਾਂ ਤੇ ਗਲੀਆਂ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਜਾਂਦਾ ਹੈ ਤੇ ਸੁਰੱਖਿਆ ਲਈ ਪੁਲਿਸ ਜਾਂ ਗਾਰਡ ਚੌਕਸ ਹੋ ਜਾਂਦੇ ਹਨ ਕਿਉਂਕਿ ਇਨ੍ਹਾਂ ਬਾਜ਼ਾਰਾਂ ਵਿਚ ਸਥਾਨਕ ਸ਼ਹਿਰੀ ਅਤੇ ਵਿਦੇਸ਼ੀ ਵੱਡੀ ਤਾਦਾਦ ਵਿਚ ਆਉਂਦੇ ਹਨ।
 
1947 ਦੀ ਵੰਡ ਤੋਂ ਬਾਅਦ ਮੇਰਾ ਪੂਰਾ ਪਰਿਵਾਰ ਲੁਧਿਆਣਾ ਤੋਂ ਲਾਹੌਰ ਆ ਗਿਆ ਅਤੇ ਅੱਜ ਵੀ ਸਾਡੇ ਬਾਪ ਦਾਦੇ ਦਾ ਘਰ ਲਾਹੌਰ ਦੇ ਸਭ ਤੋਂ ਪ੍ਰਸਿੱਧ ਇਲਾਕੇ ਲਕਸ਼ਮੀ ਚੌਕ ਵਿਚ ਹੈ, ਜਿਸ ਦਾ ਆਪਣਾ ਇਕ ਪੂਰਾ ਇਤਿਹਾਸ ਹੈ। ਅੱਜ ਨਹੀਂ ਫਿਰ ਕਦੀ ਤੁਹਾਡੇ ਨਾਲ ਇਹ ਇਤਿਹਾਸ ਵੀ ਸਾਂਝਾ ਕਰਾਂਗੀ। ਬੱਸ ਏਨਾ ਦੱਸਣਾ ਬਣਦਾ ਹੈ ਕਿ ਲਕਸ਼ਮੀ ਚੌਕ ਦੇ ਆਲੇ-ਦੁਆਲੇ ਸਿਨੇਮਾ ਬਾਜ਼ਾਰ, ਫਿਲਮ ਬਾਜ਼ਾਰ, ਪੇਂਟਿੰਗ ਮਾਰਕੀਟ, ਵਿਸ਼ਵ ਦੀ ਸਭ ਤੋਂ ਵੱਡੀ ਫੋਟੋ ਮਾਰਕੀਟ, ਫਰਨੀਚਰ ਮਾਰਕੀਟ, ਭੋਜ ਬਾਜ਼ਾਰ ਤੇ ਥੋਕ ਬਾਜ਼ਾਰ ਤੇ ਰੇਲਵੇ ਸਟੇਸ਼ਨ ਆਦਿ ਹਨ। ਥੋੜ੍ਹਾ ਅਰਸਾ ਹੋ ਗਿਆ ਹੈ ਕਿ ਆਵਾਜਾਈ ਦਾ ਭਾਰ ਘੱਟ ਕਰਨ ਲਈ ਇੱਥੋਂ ਬੱਸ ਅੱਡਾ ਸ਼ਹਿਰ ਤੋਂ ਦੂਰ ਕਰ ਦਿੱਤਾ ਹੈ। ਪਰ ਤੁਹਾਨੂੰ ਇਹ ਦੱਸਦੇ ਚਲੀਏ ਕਿ ਪਾਕਿਸਤਾਨ ਨੇ ਚੀਨ ਦੇ ਨਾਲ ਮਿਲ ਕੇ ਲਾਹੌਰ ਸ਼ਹਿਰ ਦੇ ਅੰਦਰ ਜੋ 'ਔਰੇਂਜ ਲਾਈਨ ਰੇਲ ਪ੍ਰੋਜੈਕਟ' ਬਣਾਇਆ ਹੈ, ਜਿਸ ਨੂੰ ਤੁਸੀਂ ਮੈਟਰੋ ਰੇਲ ਗੱਡੀ ਵੀ ਕਹਿ ਸਕਦੇ ਹੋ, ਉਹ ਵੀ ਲਕਸ਼ਮੀ ਚੌਕ ਦੇ ਉੱਤੇ ਹੀ ਚੱਲੇਗੀ। 'ਔਰੇਂਜ ਲਾਈਨ ਟਰੇਨ' 'ਤੇ ਲਾਹੌਰ ਦੇ ਰਹਿਣ ਵਾਲੇ ਰੋਜ਼ਾਨਾ ਢਾਈ ਲੱਖ ਯਾਤਰੀ ਸਫ਼ਰ ਕਰ ਸਕਦੇ ਹਨ। ਇਹ ਪ੍ਰੋਜੈਕਟ ਸੰਪੂਰਨ ਹੋ ਚੁੱਕਾ ਹੈ ਪਰ ਕੋਰੋਨਾ ਦੀ ਵਜ੍ਹਾ ਨਾਲ ਇਸ ਦਾ ਉਦਘਾਟਨ ਨਹੀਂ ਹੋ ਸਕਿਆ।
 
ਲਾਹੌਰ ਦੀ ਗੱਲਬਾਤ ਕਰਦਿਆਂ ਕੋਰੋਨਾ ਤੋਂ ਯਾਦ ਆਇਆ ਕਿ ਇਸ ਇਕ ਛੋਟੇ ਜਿਹੇ ਵਾਇਰਸ ਨੇ ਪੂਰੀ ਦੁਨੀਆ ਨੂੰ ਇਕ ਵਾਰੀ ਸਾਰੀਆਂ ਰੌਣਕਾਂ ਭੁਲਾ ਕੇ ਮੌਤ ਯਾਦ ਕਰਵਾ ਦਿੱਤੀ ਹੈ। ਇਕ ਵਾਇਰਸ ਨੇ ਵੱਡੇ ਤੋਂ ਵੱਡੇ ਮੁਲਕ ਤੇ ਵਿਸ਼ਵ ਤਾਕਤਾਂ ਨੂੰ ਐਸਾ ਝਟਕਾ ਦਿੱਤਾ ਹੈ ਕਿ ਜਿਸ ਨੂੰ ਕਈ ਵਰ੍ਹਿਆਂ ਤੱਕ ਭੁਲਾਇਆ ਨਹੀਂ ਜਾ ਸਕਦਾ। ਅਰਥਚਾਰਾ, ਸਿਆਸਤ, ਇਕ ਦੂਜੇ ਦੇਸ਼ਾਂ ਦੇ ਸਬੰਧ, ਮਿੱਤਰ, ਦੁਸ਼ਮਣ, ਜ਼ਿੰਦਗੀ ਦਾ ਢਾਂਚਾ ਆਦਿ ਕੀ ਕੁਝ ਹੈ ਜੋ ਬਦਲ ਨਹੀਂ ਗਿਆ ਜਾਂ ਜਿਸ ਨੂੰ ਝਟਕਾ ਨਹੀਂ ਲੱਗਾ। ਜੇ ਗੌਰ ਨਾਲ ਵੇਖਿਆ ਜਾਵੇ ਤਾਂ ਇਸ ਵਾਇਰਸ ਨੇ ਖ਼ਾਸ ਕਰ ਪਾਕਿਸਤਾਨ ਤੇ ਭਾਰਤ ਦੀਆਂ ਹਕੂਮਤਾਂ ਨੂੰ ਉਨ੍ਹਾਂ ਦੀਆਂ 'ਗ਼ਲਤੀਆਂ' ਸਾਫ਼-ਸਾਫ਼ ਵਿਖਾ ਦਿੱਤੀਆਂ ਹਨ, ਜਿਹੜੀਆਂ ਉਹ ਵਰ੍ਹਿਆਂ ਤੋਂ ਕਰਦੇ ਆ ਰਹੇ ਹਨ। ਦੋਵਾਂ ਦੇਸ਼ਾਂ ਵਿਚ ਪੂਰੇ ਵਿਸ਼ਵ ਨਾਲੋਂ ਜ਼ਿਆਦਾ ਨੌਜਵਾਨ ਵਸਦੇ ਹਨ। ਪਰ ਇਨ੍ਹਾਂ ਦੇਸ਼ਾਂ ਵਿਚ ਹੀ ਬੇਰੁਜ਼ਗਾਰੀ ਸਭ ਤੋਂ ਜ਼ਿਆਦਾ ਹੈ। ਭੁੱਖਮਰੀ ਇਨ੍ਹਾਂ ਦੋਵਾਂ ਦੇਸ਼ਾਂ ਵਿਚ ਹੀ ਸਭ ਤੋਂ ਜ਼ਿਆਦਾ ਹੈ ਅਤੇ ਸਭ ਤੋਂ ਵੱਡਾ ਨੁਕਸਾਨ ਇਹ ਕਿ ਜੰਗ ਦਾ ਖ਼ਤਰਾ ਹਰ ਵੇਲੇ ਦੋਵਾਂ ਦੇਸ਼ਾਂ ਵਿਚ ਪੂਰੀ ਦੁਨੀਆ ਨਾਲੋਂ ਜ਼ਿਆਦਾ ਹੈ।
 
ਜਿਸ ਤਰ੍ਹਾਂ ਦੀਆਂ ਖ਼ਬਰਾਂ ਮੀਡੀਆ, ਡਾਕਟਰ ਅਤੇ ਮਾਹਿਰਾਂ ਦੇ ਹਵਾਲਿਆਂ ਨਾਲ ਸਾਡੇ ਤੱਕ ਪੁੱਜ ਰਹੀਆਂ ਹਨ, ਉਨ੍ਹਾਂ ਮੁਤਾਬਿਕ ਇਹ ਗੱਲ ਬੜੇ ਅਫ਼ਸੋਸ ਨਾਲ ਕਹਿਣੀ ਪੈ ਰਹੀ ਹੈ ਕਿ ਕੋਰੋਨਾ ਜਿਸ ਤੇਜ਼ੀ ਨਾਲ ਭਾਰਤ ਤੇ ਪਾਕਿਸਤਾਨ ਵਿਚ ਫੈਲ ਰਿਹਾ ਹੈ ਤੇ ਹੁਣ ਤੱਕ ਜਿੰਨੀ ਆਬਾਦੀ ਦੋਵਾਂ ਦੇਸ਼ਾਂ ਦੀ ਮੌਤ ਦੇ ਮੂੰਹ ਵਿਚ ਜਾ ਚੁੱਕੀ ਹੈ ਤੇ ਜਿੰਨੇ ਮਰੀਜ਼ ਸਾਹਮਣੇ ਆ ਰਹੇ ਹਨ, ਉਸ ਨਾਲ ਖ਼ਤਰੇ ਦੀ ਟੱਲੀ ਵੱਜ ਚੁੱਕੀ ਹੈ। ਜੇ ਸੂਰਤ-ਏ-ਹਾਲ ਇਸੇ ਤਰ੍ਹਾਂ ਰਹੀ ਤਾਂ ਸੜਕਾਂ 'ਤੇ ਲਾਸ਼ਾਂ ਹੀ ਨਜ਼ਰ ਆਉਣਗੀਆਂ। ਸਿਹਤ ਖੇਤਰ ਨੂੰ ਦੋਵਾਂ ਦੇਸ਼ਾਂ ਨੇ ਜਿਸ ਤਰ੍ਹਾਂ ਨਜ਼ਰਅੰਦਾਜ਼ ਕੀਤਾ ਤੇ ਇਸ ਕਾਰਨ ਲੋਕਾਂ ਦੀ ਸਿਹਤ ਦਾ ਜੋ ਹਾਲ ਹੈ, ਇਹ ਸਭ ਕੁਝ ਵੀ ਦੁਨੀਆ ਦਾ ਸਾਹਮਣੇ ਆ ਚੁੱਕਾ ਹੈ। ਇਸ ਨੂੰ ਕੋਰੋਨਾ ਦੀ 'ਮਿਹਰਬਾਨੀ' ਕਹਿਣਾ ਚਾਹੀਦਾ ਹੈ ਕਿ ਪਹਿਲੀ ਵਾਰੀ ਦੋਵਾਂ ਦੇਸ਼ਾਂ ਦੀ ਜਨਤਾ ਨੂੰ ਪਤਾ ਲੱਗਾ ਹੈ ਕਿ ਅਸੀਂ ਸਿਹਤ ਸਹੂਲਤਾਂ ਦੀ ਦੌੜ ਵਿਚ ਦੁਨੀਆ ਨਾਲੋਂ ਕਿੰਨੇ ਪਿੱਛੇ ਹਾਂ, ਸਗੋਂ ਇਹ ਕਹਿਣਾ ਚਾਹੀਦਾ ਹੈ ਕਿ ਅਸੀਂ ਤਾਂ ਇਸ ਦੌੜ ਵਿਚ ਸ਼ਾਮਿਲ ਹੀ ਨਹੀਂ। ਅਮਰੀਕਾ, ਇੰਗਲੈਂਡ, ਇਟਲੀ, ਫਰਾਂਸ ਅਤੇ ਸਪੇਨ ਵਰਗੇ ਵਿਕਸਿਤ ਦੇਸ਼ ਕੋਰੋਨਾ ਦੇ ਅੱਗੇ ਹਥਿਆਰ ਸੁੱਟ ਬੈਠੇ, ਉਨ੍ਹਾਂ ਦਾ ਅਰਥਚਾਰਾ ਹਿੱਲ ਗਿਆ, ਲੱਖਾਂ ਕਰੋੜਾਂ ਬੰਦੇ ਬੇਰੁਜ਼ਗਾਰ ਹੋ ਗਏ ਤੇ ਸੋਚੋ ਕਿ ਭਾਰਤ ਅਤੇ ਪਾਕਿਸਤਾਨ ਵਿਚ ਰਹਿਣ ਵਾਲਿਆਂ ਦਾ ਕੀ ਹਾਲ ਹੋਵੇਗਾ? ਕਿਉਂਕਿ ਅਸੀਂ ਤਾਂ ਕਰੀਬ 70 ਸਾਲ ਤੋਂ ਇਕ ਦੂਜੇ ਨਾਲ ਲੜਨ ਭਿੜਨ ਤੋਂ ਇਲਾਵਾ ਕੀਤਾ ਹੀ ਕੁਝ ਨਹੀਂ। ਅਸੀਂ ਆਬਾਦੀ ਨੂੰ ਸਾਹਮਣੇ ਰੱਖ ਕੇ ਨਾ ਤਾਂ ਨਵੇਂ ਹਸਪਤਾਲ ਬਣਾਏ, ਨਾ ਹੀ ਵੈਂਟੀਲੇਟਰਾਂ ਦਾ ਪ੍ਰਬੰਧ ਕੀਤਾ। ਹਰ ਵੇਲੇ ਜੰਗ ਵਾਸਤੇ ਤਿਆਰ ਰਹਿਣ ਵਾਲੇ ਦੋਵੇਂ ਦੇਸ਼ ਸ਼ਾਇਦ ਕੋਰੋਨਾ ਨੂੰ ਭੁਲਾ ਬੈਠੇ ਸਨ। ਇਸ ਹਾਲਤ ਵਿਚ ਕਿਵੇਂ ਮੁਕਾਬਲਾ ਕਰਨਾ ਹੈ ਕੋਰੋਨਾ ਦਾ? ਦੋਵੇਂ ਪਾਸੇ ਕੋਈ 'ਵਿਸ਼ੇਸ਼ ਤਿਆਰੀ' ਵੇਖਣ ਨੂੰ ਨਹੀਂ ਮਿਲੀ। ਅੱਜ ਵੀ ਤਿਆਰੀ ਹੋ ਰਹੀ ਹੈ ਇਕ ਦੂਜੇ ਨੂੰ ਨੀਵਾਂ ਦਿਖਾਉਣ ਦੀ। ਲੋਕਾਂ 'ਤੇ ਕੀ ਬੀਤ ਰਹੀ ਹੈ ਕਿਸੇ ਪ੍ਰਧਾਨ ਮੰਤਰੀ, ਕਿਸੇ ਮੁੱਖ ਮੰਤਰੀ ਜਾਂ ਕਿਸੇ ਹੋਰ ਸਿਆਸਤਦਾਨ ਨੂੰ ਨਹੀਂ ਪਤਾ। ਸਿਰਫ ਕੁਝ ਦਿਨਾਂ ਦੀ ਤਾਲਾਬੰਦੀ ਨੇ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਕਈ ਸਾਲ ਪਿੱਛੇ ਜਾ ਸੁੱਟਿਆ ਹੈ। ਪਾਕਿਸਤਾਨ ਤੇ ਭਾਰਤ ਦੀ ਕੋਰੋਨਾ ਕਹਾਣੀ ਕੋਈ ਇਕ-ਦੂਜੇ ਤੋਂ ਜ਼ਿਆਦਾ ਵੱਖਰੀ ਨਹੀਂ। ਸਰਹੱਦ ਦੇ ਆਰ ਪਾਰ ਮੌਤ ਹੈ ਜਾਂ ਫਿਰ ਖ਼ੌਫ। ਸੂਰਤ ਏ ਹਾਲ ਇਹ ਹੈ ਕਿ ਇਕ ਪਾਸੇ ਮੌਤ ਖੜ੍ਹੀ ਹੈ ਤੇ ਦੂਜੇ ਪਾਸੇ ਭੁੱਖ, ਬੇਰੁਜ਼ਗਾਰੀ, ਗੁਰਬਤ, ਇਕ ਜ਼ਿੰਦਗੀ ਕਿਸ ਕਿਸ ਪਾਸੇ ਜੂਝੇਗੀ?
 
ਮੈਨੂੰ ਨਹੀਂ ਪਤਾ ਭਾਰਤ ਦੀ 'ਰੌਣਕ' ਦਾ ਕੀ ਹਾਲ ਹੈ ਪਰ ਉਹ ਲਾਹੌਰ ਜਿਸ ਦੀ ਰੌਣਕ ਦੀ ਕਹਾਣੀ ਮੈਂ ਤੁਹਾਨੂੰ ਸ਼ੁਰੂ ਵਿਚ ਸੁਣਾਈ ਸੀ, ਉਹ ਰੌਣਕ ਤਾਂ ਕੋਰੋਨਾ ਨੇ ਲੁੱਟ ਲਈ ਹੈ। ਭੋਜ ਬਾਜ਼ਾਰ (ਫੂਡ ਸਟ੍ਰੀਟ) ਬੰਦ ਪਏ ਹਨ, ਕੋਈ ਕਿਸੇ ਨਾਲ ਗੱਪਾਂ ਨਹੀਂ ਮਾਰ ਰਿਹਾ, ਹਾਸੇ ਲੁਕ ਗਏ ਕਿਉਂਕਿ ਮੂੰਹਾਂ 'ਤੇ ਨਕਾਬ ਚੜ੍ਹ ਚੁੱਕੇ ਹਨ। ਉਹ ਲਾਹੌਰ ਜਿਹੜਾ ਕਦੀ ਸੌਂਦਾ ਨਹੀਂ ਸੀ, ਅੱਜਕੱਲ੍ਹ ਛੇਤੀ ਸੌਂ ਜਾਂਦਾ ਹੈ। 5 ਵਜੇ ਤਮਾਮ ਬਾਜ਼ਾਰ ਬੰਦ ਹੋ ਜਾਂਦੇ ਹਨ, ਸਿਰਫ ਮੈਡੀਕਲ ਸਟੋਰ 24 ਘੰਟੇ ਖੁੱਲ੍ਹੇ ਰਹਿੰਦੇ ਹਨ। ਸਕੂਲ, ਕਾਲਜ, ਯੂਨੀਵਰਸਿਟੀਆਂ ਸਭ ਬੰਦ ਹਨ। ਸਨਿਚਰਵਾਰ ਤੇ ਐਤਵਾਰ ਦੋ ਦਿਨ ਸੰਪੂਰਨ ਤਾਲਾਬੰਦੀ ਕੀਤੀ ਜਾਂਦੀ ਹੈ। ਹਸਪਤਾਲ ਕੋਰੋਨਾ ਮਰੀਜ਼ਾਂ ਨਾਲ ਭਰੇ ਪਏ ਹਨ, ਡਾਕਟਰ ਵੀ ਕੋਰੋਨਾ ਨਾਲ ਮਰ ਰਹੇ ਹਨ, ਕੋਈ ਚੰਗੀ ਖ਼ਬਰ ਨਹੀਂ ਸਿਰਫ ਉਮੀਦ ਦੇ ਸਹਾਰੇ ਜ਼ਿੰਦਗੀ ਚੱਲ ਰਹੀ ਹੈ। ਤੁਸੀਂ ਵੀ ਸੋਚਦੇ ਹੋਵੋਗੇ ਕਿ ਮੈਂ ਕੋਈ ਨਵੀਂ ਗੱਲ ਨਹੀਂ ਦੱਸੀ। ਕਿਉਂਕਿ ਸਭ ਕੁਝ ਤਾਂ ਤੁਹਾਡੇ ਪਾਸੇ ਭਾਵ ਭਾਰਤ ਵਿਚ ਵੀ ਚੱਲ ਰਿਹਾ ਹੈ। ਤਾਂ ਇਸ ਗੱਲ ਦਾ ਜਵਾਬ ਬੱਸ ਏਨਾ ਹੈ ਕਿ ਦੋਵਾਂ ਦੇਸ਼ਾਂ ਦੀ ਜਨਤਾ ਦੀਆਂ ਸਮੱਸਿਆਵਾਂ ਇਕੋ ਜਿਹੀਆਂ ਹਨ ਪਰ ਇਨ੍ਹਾਂ ਨੂੰ ਹੱਲ ਕਰਨ ਲਈ ਹੁਕਮਰਾਨ ਕਦੇ ਵੀ ਇਕ ਮੰਚ 'ਤੇ ਇਕੱਠੇ ਨਹੀਂ ਹੋਏ। ਕੋਰੋਨਾ ਹੋਵੇ, ਟਿੱਡੀਦਲ ਹੋਵੇ ਜਾਂ ਸਰਹੱਦ 'ਤੇ ਜੰਗ, ਸਾਡੀ ਕਿਸਮਤ ਵਿਚ ਸ਼ਾਇਦ ਸਿਰਫ ਮਰਨਾ ਜਾਂ ਸਿਸਕ ਸਿਸਕ ਕੇ ਜਿਊਣਾ ਹੀ ਲਿਖਿਆ ਹੈ। ਪਰ ਕੋਰੋਨਾ ਦੀ ਮਿਹਰਬਾਨੀ ਕਿ ਉਸ ਨੇ ਆਮ ਜਨਤਾ ਅੱਗੇ ਨਿਕੰਮੀਆਂ ਸਰਕਾਰਾਂ ਨੂੰ ਬੇਨਕਾਬ ਜ਼ਰੂਰ ਕਰ ਦਿੱਤਾ ਹੈ। ਜੇਕਰ ਹੁਣ ਇਨ੍ਹਾਂ ਵਿਚੋਂ ਕੋਈ ਸਬਕ ਸਿੱਖਿਆ ਤਾਂ ਸ਼ਾਇਦ ਉਹ ਹਥਿਆਰ ਖਰੀਦਣ ਦੀ ਬਜਾਏ ਵੈਂਟੀਲੇਟਰ ਖਰੀਦਣ ਪਾਸੇ ਤੁਰਨਗੇ। ਜੰਗਾਂ ਲੜਨ ਦੀ ਥਾਂ ਲੋਕਾਂ ਨੂੰ ਸਿਹਤ ਸਹੂਲਤਾਂ ਤੇ ਰੁਜ਼ਗਾਰ ਮੁਹੱਈਆ ਕਰਨ ਦੀ ਜ਼ਰੂਰਤ ਹੈ। ਜੇ ਕੁਝ ਨਾ ਹੋ ਸਕਿਆ ਤਾਂ ਫਿਰ ਜੋ ਕੋਰੋਨਾ ਕਰਨਾ ਚਾਹੁੰਦਾ ਹੈ ਉਹ ਹੋ ਕੇ ਰਹੇਗਾ, ਅਸੀਂ ਜਾਂ ਤੁਸੀਂ ਹੋਈਏ, ਉਸ ਨੂੰ ਰੋਕ ਨਹੀਂ ਸਕਦੇ।