ਲਿਪ ਆਗੂ  ਸਿਮਰਜੀਤ ਸਿੰਘ ਬੈਂਸ ਰਿਹਾਅ

ਲਿਪ ਆਗੂ  ਸਿਮਰਜੀਤ ਸਿੰਘ ਬੈਂਸ ਰਿਹਾਅ

ਅੰਮ੍ਰਿਤਸਰ ਟਾਈਮਜ਼

ਲੁਧਿਆਣਾ : ਬੀਤੇ ਸੋਮਵਾਰ ਨੂੰ ਲਿਪ ਅਤੇ ਕਾਂਗਰਸੀ ਉਮੀਦਵਾਰ ਉਮੀਦਵਾਰਾਂ ਦੇ ਸਮਰਥਕਾਂ ਵਿਚ ਹੋਈ ਲੜਾਈ ਦੇ ਮਾਮਲੇ ਵਿਚ ਮੰਗਲਵਾਰ ਦੁਪਹਿਰ ਨੂੰ ਪੁਲਿਸ ਨੇ ਭਾਰੀ ਜੱਦੋ ਜਹਿਦ ਤੋਂ ਬਾਅਦ ਵਿਧਾਇਕ ਸਿਮਰਜੀਤ ਸਿੰਘ ਬੈਂਸ  ਨੂੰ ਅਦਾਲਤ ਕੰਪਲੈਕਸ ਦੇ ਬਾਰ ਰੂਮ ਵਿਚੋਂ ਗ੍ਰਿਫ਼ਤਾਰ ਕੀਤਾ ਸੀ ਜਦਕਿ ਇਸ ਦੌਰਾਨ ਪੁਲਿਸ ਨੂੰ ਵਿਧਾਇਕ ਬੈਂਸ ਨੂੰ ਕਾਰ ਵਿੱਚ ਬਿਠਾ ਕੇ ਲਿਜਾਣ ਵਿੱਚ ਵੀ ਭਾਰੀ ਮੁਸ਼ੱਕਤ ਕਰਨੀ ਪਈ ਸੀ। ਹਾਲਾਂਕਿ ਮੰਗਲਵਾਰ ਦੇਰ ਰਾਤ 12 ਵਜੇ ਬੈਂਸ ਨੂੰ ਰਿਹਾਅ ਕਰ ਦਿੱਤਾ। ਇਸ ਦੀ ਪੁਸ਼ਟੀ ਕਰਦਿਆਂ ਜੁਆਇੰਟ ਪੁਲਿਸ ਕਮਿਸ਼ਨਰ ਰਵਚਰਨ ਸਿੰਘ ਬਰਾੜ ਨੇ ਦੱਸਿਆ ਕਿ ਵਿਧਾਇਕ ਬੈਂਸ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।ਜਦਕਿ ਜੇਕਰ ਸੂਤਰਾਂ ਦੀ ਮੰਨੀਏ ਤਾਂ  ਚੋਣ ਕਮਿਸ਼ਨ ਨੇ ਜਿੱਥੇ ਵਿਧਾਇਕ ਬੈਂਸ ਨੂੰ ਦੇਰ ਰਾਤ ਰਿਹਾਅ ਕਰਨ ਦੇ ਹੁਕਮ ਦਿੱਤੇ । ਥਾਣਾ ਸ਼ਿਮਲਾਪੁਰੀ ਦੇ ਐਸਐਚਓ ਲਾਭ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਜਦਕਿ ਦੂਜੀ ਧਿਰ ਕਾਂਗਰਸੀਆਂ ਤੇ ਵੀ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਦੱਸ ਦਈਏ ਕਿ ਤਿੰਨ ਦਿਨ ਪਹਿਲਾਂ ਕਾਂਗਰਸੀ ਤੇ ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ਵਿਚਾਲੇ ਭਿਆਨਕ ਝੜੱਪ ਹੋ ਗਈ ਸੀ। ਇਸ ਦੌਰਾਨ ਗੋਲੀ ਚੱਲਣ ਦੀ ਵੀ ਖਬਰ ਆਈ ਸੀ। ਇਸੇ ਨੂੰ ਲੈ ਕੇ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਜਿਸ ਤਹਿਤ ਸਿਮਰਜੀਤ ਬੈਂਸ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ ਤੇ ਬੈਂਸ ਨੂੰ ਪੁਲਿਸ ਵੱਲੋਂ ਧਾਰਾ 307 ਤਹਿਤ ਗ੍ਰਿਫਤਾਰ ਕਰ ਲਿਆ ਗਿਆ ਸੀ। ਪਰ ਹੁਣ  ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।ਜ਼ਿਕਰੋਯਗ ਹੈ ਕਿ ਸੋਮਵਾਰ ਦੇਰ ਸ਼ਾਮ ਨਿਊ ਜਨਤਾ ਨਗਰ ਇਲਾਕੇ 'ਚ ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ਦੀ ਮੀਟਿੰਗ 'ਚ ਹਮਲਾ ਕਰਨ ਅਤੇ ਗੋਲ਼ੀ ਚਲਾਉਣ ਦੇ ਮਾਮਲੇ 'ਚ ਥਾਣਾ ਸ਼ਿਮਲਾ ਪੁਰੀ ਦੀ ਪੁਲਿਸ ਨੇ LIP ਸੁਪਰੀਮੋ ਸਿਮਰਜੀਤ ਸਿੰਘ ਬੈਂਸ (Simarjit singh Bains) ਸਮੇਤ 33 ਲੋਕਾਂ ਖਿਲਾਫ ਬਾਈਨੇਮ ਪਰਚਾ ਦਰਜ ਕਰਨ ਸਮੇਤ 150 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਖਿਲਾਫ਼ ਕਤਲ ਦੀ ਕੋਸ਼ਿਸ਼, ਹਿੰਸਾ ਫੈਲਾਉਣ, ਭੰਨਤੋੜ ਕਰਕੇ ਨੁਕਸਾਨ ਪਹੁੰਚਾਉਣ, ਆਰਮਜ਼ ਐਕਟ, ਡਿਜ਼ਾਸਟਰ ਮੈਨੇਜਮੈਂਟ ਐਕਟ ਅਤੇ 3 ਮਹਾਂਮਾਰੀ ਰੋਗ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ।