ਅੰਮ੍ਰਿਤਸਰ 'ਚ ਬੱਚਿਆਂ ਦੇ ਟਿਫਨਾਂ 'ਚੋਂ ਮਿਲੇ ਬੰਬ'       

ਅੰਮ੍ਰਿਤਸਰ 'ਚ ਬੱਚਿਆਂ ਦੇ ਟਿਫਨਾਂ 'ਚੋਂ ਮਿਲੇ ਬੰਬ'       
*ਪੰਜਾਬ ਦੇ ਡੀਜੀਪੀ  ਗੁਪਤਾ ਨੇ ਕੀਤਾ ਖ਼ੁਲਾਸਾ, '
* ਸੂਬੇ ਵਿਚ ਹਾਈ ਅਲਰਟ ,ਐੱਸਐੱਸਪੀਜ਼ ਨਾਲ ਐੱਸਪੀ ਪੱਧਰ ਦੇ 22 ਹੋਰ ਅਧਿਕਾਰੀ ਤਾਇਨਾਤ
ਅੰਮ੍ਰਿਤਸਰ ਟਾਈਮਜ਼ ਬਿਉਰੋ
 ਚੰਡੀਗੜ੍ਹ : ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਵੱਲੋਂ ਇੱਥੇ ਖਾੜਕੂਵਾਦ ਤੇ ਗੈਂਗਵਾਰ ਦੀਆਂ ਘਟਨਾਵਾਂ ਸਬੰਧੀ ਪ੍ਰੈੱਸ ਕਾਨਫਰੰਸ  ਦੌਰਾਨ ਬੋਲਦਿਆਂ ਡੀਜੀਪੀ. ਨੇ ਖ਼ੁਲਾਸਾ ਕੀਤਾ ਕਿ ਅੰਮ੍ਰਿਤਸਰ 'ਚ ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਟਿਫਨਾਂ 'ਚੋਂ ਬੰਬ ਮਿਲੇ ਹਨ। ਡੀ. ਜੀ. ਪੀ. ਨੇ ਕਿਹਾ ਕਿ ਇਹ ਬੰਬ ਸਰਹੱਦ ਪਾਰ ਤੋਂ ਡਰੋਨ ਰਾਹੀਂ ਭੇਜੇ ਗਏ ਹਨ।ਉਨ੍ਹਾਂ ਨੇ ਕਿਹਾ ਕਿ ਬੰਬ ਰਾਹੀਂ ਭੀੜ-ਭਾੜ ਵਾਲੇ ਇਲਾਕੇ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਕੀਤੀ ਗਈ ਸੀ। ਡੀਜੀਪੀ. ਨੇ ਦੱਸਿਆ ਕਿ 7 ਅਤੇ 8 ਅਗਸਤ ਦੀ ਦਰਮਿਆਨੀ ਰਾਤ ਨੂੰ ਡਰੋਨ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਤੇ ਡਰੋਨ ਬੰਬ ਸੁੱਟ ਕੇ ਵਾਪਸ ਚਲਾ ਗਿਆ। ਫਿਰ ਪੁਲਸ ਨੂੰ ਇਕ ਇਨਪੁੱਟ ਪ੍ਰਾਪਤ ਹੋਇਆ ਕਿ ਇਕ ਸ਼ੱਕੀ ਬੈਗ ਉੱਥੇ ਪਿਆ ਹੈ, ਜਿਸ ਨੂੰ ਡਰੋਨ ਰਾਹੀਂ ਸੁੱਟਿਆ ਗਿਆ ਸੀ।ਡੀਜੀਪੀ ਨੇ ਦੱਸਿਆ ਕਿ ਟਿਫਨ ਬੰਬ ਕੁੱਝ ਮਾਹਰਾਂ ਵੱਲੋਂ ਤਿਆਰ ਕੀਤੇ ਗਏ ਸਨ। ਗੈਂਗਸਟਰਾਂ ਬਾਰੇ ਬੋਲਦਿਆਂ ਦਿਨਕਰ ਗੁਪਤਾ ਨੇ ਕਿਹਾ ਕਿ ਪੰਜਾਬ ਪੁਲਸ ਵੱਲੋਂ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਜਿੱਥੇ ਏ ਕੈਟਾਗਿਰੀ ਦੇ 20 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਉੱਥੇ ਹੀ 7 ਗੈਂਗਸਟਰ ਮਾਰੇ ਜਾ ਚੁੱਕੇ ਹਨ। ਡੀਜੀਪੀ ਨੇ ਕਿਹਾ ਕਿ ਖਾੜਕੂਆਂ ਵੱਲੋਂ ਗੈਂਗਸਟਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤੇ ਸਰਹੱਦ ਪਾਰ ਤੋਂ ਲਗਾਤਾਰ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੰਜਾਬ ਵਿਚ ਹਾਈ ਅਲਰਟ
 
ਅੰਮ੍ਰਿਤਸਰ ਇਲਾਕੇ ਦੇ ਸਰਹੱਦੀ ਪਿੰਡ ਡਾਲੇਕੇ ’ਚੋਂ ਟਿਫਿਨ ਬੰਬ ਬਰਾਮਦ ਹੋਣ ਮਗਰੋਂ ਸੂਬੇ ਵਿੱਚ ਪੁਲੀਸ ਚੌਕਸ ਹੋ ਗਈ ਹੈ। ਆਜ਼ਾਦੀ ਦਿਹਾੜੇ ਸਬੰਧੀ ਸਮਾਗਮਾਂ ਮੌਕੇ ਸੁਰੱਖਿਆ ਦੇ ਮੱਦੇਨਜ਼ਰ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਦੇ ਪੁਲੀਸ ਕਮਿਸ਼ਨਰਾਂ ਅਤੇ ਸੂਬੇ ਭਰ ’ਚ ਸਾਰੇ ਜ਼ਿਲ੍ਹਾ ਪੁਲੀਸ ਮੁਖੀਆਂ ਨਾਲ ਐੱਸਪੀ ਪੱਧਰ ਦੇ 22 ਹੋਰ ਨਵੇਂ ਅਧਿਕਾਰੀ ਲਗਾ ਦਿੱਤੇ ਗਏ ਹਨ। ਸ਼ੱਕੀਆਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਵਿਭਾਗ ਅਤੇ ਖੁਫੀਆ ਏਜੰਸੀਆਂ ਸੁਚੇਤ ਹਨ। ਪੰਜਾਬ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ।ਇਸ ਨੂੰ ਮੁੱਖ ਰੱਖਦੇ ਹੋਏ ਅੰੰਮ੍ਰਿਤਸਰ ਦਿਹਾਤੀ ਦੇ ਐੱਸਐੱਸਪੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ ਅਨੁਸਾਰ ਜੰਡਿਆਲਾ ਗੁਰੂ ਸ਼ਹਿਰ ਵਿੱਚ ਐੱਸਪੀ ਕੰਵਲਪ੍ਰੀਤ ਸਿੰਘ ਚਾਹਲ ਦੀ ਅਗਵਾਈ ਵਿੱਚ ਸਰਚ ਓਪਰੇਸ਼ਨ ਚਲਾਇਆ ਗਿਆ। ਜ਼ਿਲ੍ਹਾ ਗੁਰਦਾਸਪੁਰ ਵਿਚ ਵੀ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ। ਪੁਲਿਸ ਵੱਲੋਂ  ਸ਼ਹੀਦ ਨਵਦੀਪ ਸਿੰਘ ਸਟੇਡੀਅਮ ਦੇ  ਦੀ ਜਾਂਚ ਕੀਤੀ ਗਈ ਜਿਸ ਜਗ੍ਹਾ ਆਜ਼ਾਦੀ ਦਿਹਾੜੇ ਸੰਬੰਧੀ ਸਮਾਗਮ ਕੀਤਾ ਜਾਣਾ ਹੈ । ਸ਼ਹਿਰ ਵਿੱਚ ਵੱਖ-ਵੱਖ ਥਾਂਵਾਂ'ਤੇ ਚੈਕਿੰਗ ਮੁਹਿੰਮ ਚਲਾਈ ਗਈ । ਸ਼ਹਿਰ ਆਉਣ ਵਾਲੇ ਵਾਹਨਾਂ ਦੀ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਜਾਂਚ ਕੀਤੀ ਗਈ ।  ਗੁਰਦਾਸਪੁਰ ਜ਼ਿਲ੍ਹੇ ਦੀ ਸਰਹੱਦ ਤੇ ਬੀਐੱਸਐੱਫ ਦੇ ਨਾਲ ਚੈਕਿੰਗ ਆਪ੍ਰੇਸ਼ਨ ਵੀ ਸ਼ੁਰੂ ਕਰ ਦਿੱਤਾ ਹੈ ।