ਮਾਮਲਾ ਕੋਟਕਪੂਰਾ ਗੋਲੀ ਕਾਂਡ ਦਾ, ਨੌਂ ਉੱਚ ਪੁਲੀਸ ਅਫ਼ਸਰਾਂ ਕੋਲੋਂ ਪੁੱਛ-ਪੜਤਾਲ "ਦੂਸਰੇ ਦਿਨ ਪੰਜ ਪੁਲੀਸ ਅਧਿਕਾਰੀਆਂ ਦੀ ਪੁਛਗਿੱਛ

ਮਾਮਲਾ ਕੋਟਕਪੂਰਾ ਗੋਲੀ ਕਾਂਡ ਦਾ, ਨੌਂ ਉੱਚ ਪੁਲੀਸ ਅਫ਼ਸਰਾਂ ਕੋਲੋਂ ਪੁੱਛ-ਪੜਤਾਲ

‘ਸਿਟ’ ਅੱਗੇ ਪੇਸ਼ੇ ਹੋਏ ਤਤਕਾਲੀ ਐੱਸਐੱਸਪੀ, ਡੀਐੱਸਪੀ ਤੇ ਇੰਸਪੈਕਟਰ

*ਆਈਜੀ ਪਰਮਰਾਜ ਸਿੰਘ ਉਮਰਾਨੰਗਲ ਵੀ ਨਾਰਕੋ ਟੈਸਟ ਹੋਣ ਦੀ ਸੰਭਾਵਨਾ 

ਅੰਮ੍ਰਿਤਸਰ ਟਾਈਮਜ਼ ਬਿਉਰੋ

ਫ਼ਰੀਦਕੋਟ; ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ  ਇੱਥੇ ਟੀਮ ਦੇ ਦਫ਼ਤਰ ਵਿੱਚ ਪੰਜਾਬ ਪੁਲੀਸ ਦੇ 9 ਉੱਚ ਅਫ਼ਸਰਾਂ ਕੋਲੋਂ ਪੁੱਛ-ਪੜਤਾਲ ਕੀਤੀ, ਜਿਨ੍ਹਾਂ ਜੇਲ੍ਹ ਵਿਭਾਗ ਦੇ ਡੀਆਈਜੀ ਸੁਖਮਿੰਦਰ ਸਿੰਘ ਮਾਨ ਵੀ ਸ਼ਾਮਲ ਹਨ, ਜੋ ਕੋਟਕਪੂਰਾ ਗੋਲ਼ੀਕਾਂਡ ਸਮੇਂ ਫ਼ਰੀਦਕੋਟ ਦੇ ਐੱਸਐੱਸਪੀ ਸਨ। ਜਾਂਚ ਟੀਮ ਨੇ ਇਸ ਤੋਂ ਇਲਾਵਾ ਡੀਐੱਸਪੀ ਹਰਜਿੰਦਰ ਸਿੰਘ, ਡੀਐੱਸਪੀ ਅਮਰਜੀਤ ਸਿੰਘ, ਇੰਸਪੈਕਟਰ ਕੁਲਦੀਪ ਚੰਦ, ਇੰਸਪੈਕਟਰ ਬਚਨ ਸਿੰਘ ਅਤੇ ਇੰਸਪੈਕਟਰ ਪਰਮਜੀਤ ਸਿੰਘ ਤੋਂ ਵੀ ਪੁੱਛ-ਪੜਤਾਲ ਕੀਤੀ। ਇਹ ਸਾਰੇ ਪੁਲੀਸ ਅਧਿਕਾਰੀ ਕੋਟਕਪੂਰਾ ਗੋਲੀਕਾਂਡ ਦੀ ਘਟਨਾ ਸਮੇਂ ਕੋਟਕਪੂਰਾ ਵਿੱਚ ਹਾਜ਼ਰ ਸਨ। ਫ਼ਰੀਦਕੋਟ ਦੇ ਡੀਆਈਜੀ ਸੁਰਜੀਤ ਸਿੰਘ ਨੇ ਪੁਲੀਸ ਅਧਿਕਾਰੀਆਂ ਤੋਂ ਕੋਟਕਪੂਰਾ ਗੋਲੀ ਕਾਂਡ ਬਾਰੇ ਪੁੱਛ-ਪੜਤਾਲ ਕੀਤੀ ਅਤੇ ਬਕਾਇਦਾ ਤੌਰ ’ਤੇ ਉਨ੍ਹਾਂ ਦੇ ਬਿਆਨ ਕਲਮਬੰਦ ਕੀਤੇ। ਜਾਂਚ ਟੀਮ ਇਸ ਮਾਮਲੇ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਾਬਕਾ, ਡੀਜੀਪੀ ਸੁਮੇਧ ਸੈਣੀ ਸਮੇਤ 200 ਵਿਅਕਤੀਆਂ ਦੇ ਬਿਆਨ ਕਲਮਬੰਦ ਕਰ ਚੁੱਕੀ ਹੈ। ਜਾਂਚ ਟੀਮ ਨੇ ਇਸ ਮਾਮਲੇ ਵਿੱਚ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੇ ਨਾਰਕੋ ਟੈਸਟ ਦੀਆਂ ਵੀ ਤਿਆਰੀਆਂ ਕਰ ਲਈਆਂ ਹਨ। ਇਸ ਟੈਸਟ ਲਈ ਇਲਾਕਾ ਮੈਜਿਸਟ੍ਰੇਟ ਨੇ ਦੋ ਹਫਤੇ ਪਹਿਲਾਂ ਹੀ ਮਨਜ਼ੂਰੀ ਦਿੱਤੀ ਹੈ। ਜਦੋਂ ਕਿ ਸਾਬਕਾ ਡੀਜੀਪੀ ਸੁਮੇਧ ਸੈਣੀ ਨੇ ਕੋਟਕਪੂਰਾ ਗੋਲ਼ੀਕਾਂਡ ਵਿੱਚ ਆਪਣਾ ਨਾਰਕੋ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਕੋਟਕਪੂਰਾ ਗੋਲੀ ਕਾਂਡ ਦੀ ਪਹਿਲੀ ਜਾਂਚ ਪੜਤਾਲ ਰੱਦ ਹੋਣ ਤੋਂ ਬਾਅਦ ਜਾਂਚ ਟੀਮ ਨੇ ਦੂਸਰੀ ਚਾਰਜਸ਼ੀਟ ਤਿਆਰ ਕਰਨ ਲਈ ਸਾਰੇ ਗਵਾਹਾਂ ਨੂੰ ਦੁਬਾਰਾ ਪੜਤਾਲ ਵਿੱਚ ਸ਼ਾਮਲ ਕੀਤਾ ਹੈ।                                                             ਪੰਜ ਪੁਲੀਸ ਅਧਿਕਾਰੀਆਂ ਤੋਂ ਪੁੱਛ-ਪੜਤਾਲ

ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਫਰੀਦਕੋਟ ਵਿਖੇ ਟੀਮ ਦੇ ਕੈਂਪ ਦਫ਼ਤਰ ਵਿੱਚ ਪੰਜਾਬ ਪੁਲੀਸ ਦੇ ਪੰਜ ਅਧਿਕਾਰੀਆਂ ਕੋਲੋਂ ਪੁੱਛ ਪੜਤਾਲ ਕੀਤੀ। ਸੂਚਨਾ ਅਨੁਸਾਰ ਜਾਂਚ ਟੀਮ ਨੇ ਇੰਸਪੈਕਟਰ ਜਤਿੰਦਰ ਸਿੰਘ, ਗੁਰਵਿੰਦਰ ਸਿੰਘ, ਅਭਿਨਵ, ਅਸ਼ੋਕ ਕੁਮਾਰ ਅਤੇ ਪ੍ਰਗਟ ਸਿੰਘ ਤੋਂ ਪੁੱਛ-ਪੜਤਾਲ ਕੀਤੀ।ਜਾਂਚ ਟੀਮ ਨੇ ਇਨ੍ਹਾਂ ਪੁਲੀਸ ਅਧਿਕਾਰੀਆਂ ਦੇ ਬਿਆਨ ਵੀ ਕਲਮਬੰਦ ਕੀਤੇ। ਇਸੇ ਦੌਰਾਨ ਪਤਾ ਲੱਗਾ ਹੈ ਕਿ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਵੀ ਨਾਰਕੋ ਟੈਸਟ ਲਈ ਜਾਂਚ ਟੀਮ ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿੱਚ ਹਾਜ਼ਰ ਹੋਏ ਹਨ ਅਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਉਨ੍ਹਾਂ ਦਾ ਨਾਰਕੋ ਟੈਸਟ ਹੋਣ ਦੀ ਸੰਭਾਵਨਾ ਹੈ। ਸੂਚਨਾ ਅਨੁਸਾਰ ਆਈਜੀ ਉਮਰਾਨੰਗਲ ਦਾ ਨਾਰਕੋ ਟੈਸਟ ਪੰਜਾਬ ਤੋਂ ਬਾਹਰ ਕਿਸੇ ਹੋਰ ਸੂਬੇ ਵਿੱਚ ਹੋਵੇਗਾ।

ਪ੍ਰੇਮੀਆਂ ਦੀ ਨਹੀਂ ਹੋਈ ਰਿਹਾਈ

ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਗਲੀਆਂ ਵਿੱਚ ਖਿਲਾਰਨ ਅਤੇ ਉਸ ਤੋਂ ਬਾਅਦ ਪਿੰਡ ਬਰਗਾੜੀ ਵਿੱਚ ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਡੇਰਾ ਪ੍ਰੇਮੀਆਂ ਨੂੰ ਭਾਵੇਂ ਇਲਾਕਾ ਮੈਜਿਸਟਰੇਟ ਨੇ ਜ਼ਮਾਨਤ ’ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ, ਇਸ ਦੇ ਬਾਵਜੂਦ ਅੱਜ ਚੌਥੇ ਦਿਨ ਵੀ ਡੇਰਾ ਪ੍ਰੇਮੀਆਂ ਦੀ ਰਿਹਾਈ ਨਹੀਂ ਹੋ ਸਕੀ। ਅਦਾਲਤ ਨੇ ਸਾਰੇ ਡੇਰਾ ਪ੍ਰੇਮੀਆਂ ਨੂੰ 90 ਹਜ਼ਾਰ ਰੁਪਏ ਦਾ ਜ਼ਮਾਨਤਨਾਮਾ ਤੇ ਮੁਚੱਲਕਾ ਅਦਾਲਤ ਵਿੱਚ ਭਰਨ ਲਈ ਕਿਹਾ ਸੀ, ਜੋ ਅਜੇ ਤੱਕ ਨਹੀਂ ਭਰਿਆ ਗਿਆ।