ਨਾਬਾਲਗ ਬੱਚੇ ਨੇ ਭੱਜ ਕੇ ਬਚਾਈ ਜਾਨ, ਡੇਰਾ ਮੁਖੀ ਗਰਮ  ਚਿਮਟੇ ਲਗਾ ਕਰਦਾ ਸੀ ਤਸ਼ੱਦਦ

ਨਾਬਾਲਗ ਬੱਚੇ ਨੇ ਭੱਜ ਕੇ ਬਚਾਈ ਜਾਨ, ਡੇਰਾ ਮੁਖੀ ਗਰਮ  ਚਿਮਟੇ ਲਗਾ ਕਰਦਾ ਸੀ ਤਸ਼ੱਦਦ

ਅੰਮ੍ਰਿਤਸਰ ਟਾਈਮਜ਼ ਬਿਉਰੋ 

ਭਗਤਾ ਭਾਈ: ਦਿੱਲੀ ਦੇ ਰਹਿਣ ਵਾਲੇ 16 ਸਾਲਾ ਬੱਚੇ ਨੇ ਡੇਰੇ ਵਿਚੋਂ ਭੱਜ ਕੇ ਆਪਣੀ ਜਾਨ ਬਚਾਈ। ਬੱਚੇ ਨੇ ਦੱਸਿਆ ਕਿ ਉਸ ਨੂੰ ਪਿੰਡ ਗੁਰੂਸਰ ਵਿਖੇ ਦੋ ਕਮਰਿਆਂ ਦੀ ਇਮਾਰਤ ਵਿਚ ਬਣਾਏ ਗਏ ਇਕ ਡੇਰੇ ਵਿਚ ਰੱਖਿਆ ਗਿਆ ਸੀ ਤੇ ਡੇਰੇ ਦਾ ਸੰਚਾਲਕ ਜਗਰਾਜ ਸਿੰਘ ਰਾਜੂ ਜਿੱਥੇ ਗਰਮ ਸਰੀਏ ਤੇ ਚਿਮਟੇ ਲਗਾ ਕੇ ਉਸ ’ਤੇ ਤਸ਼ੱਦਦ ਕਰਦਾ ਸੀ, ਉਥੇ ਉਸ ਨਾਲ ਬਦਫੈਲੀ ਕਰਨ ਦੀ ਵੀ ਕੋਸ਼ਿਸ਼ ਕਰਦਾ ਸੀ। ਜਿੱਥੋਂ ਕਿ ਉਹ ਅੱਖ ਬਚਾ ਕੇ ਭੱਜ ਆਇਆ ਅਤੇ ਆਪਣੀ ਜਾਨ ਬਚਾਈ।ਪੁਲਸ ਨੂੰ ਦਿੱਤੇ ਬਿਆਨਾਂ ਵਿਚ ਗੁਰਲਾਲ ਸਿੰਘ ਵਾਸੀ ਕੋਠਾ ਗੁਰੂ ਨੇ ਦੱਸਿਆ ਕਿ ਉਹ ਕਿਸੇ ਕੰਮ ਆਪਣੇ ਦੁਕਾਨ ਤੋਂ ਭਗਤਾ ਭਾਈ ਸ਼ਹਿਰ ਵਿਖੇ ਆ ਰਿਹਾ ਸੀ ਕਿ ਉਸ ਨੂੰ ਇਕ ਬੱਚਾ ਨੰਗੇ ਪੈਰੀਂ ਘਬਰਾਈ ਹੋਈ ਹਾਲਤ ਵਿਚ ਭੱਜਿਆ ਜਾਂਦਾ ਮਿਲਿਆ। ਉਸ ਨੇ ਬੱਚੇ ਨੂੰ ਰੋਕਿਆ ਅਤੇ ਪਿਆਰ ਨਾਲ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਇਸ ਬੱਚੇ ਦਾ ਨਾਂ ਕੁਨਾਲ ਸ਼ਰਮਾ ਹੈ ਅਤੇ ਕਰੀਬ ਪੰਜ ਸਾਲ ਪਹਿਲਾਂ 12 ਸਾਲ ਦੀ ਉਮਰ ਵਿਚ ਉਹ ਆਪਣੇ ਸ਼ਾਦਰਾ ਦਿੱਲੀ ਵਿਚਲੇ ਘਰੋਂ ਭੱਜ ਕੇ ਪੰਜਾਬ ਆ ਗਿਆ ਸੀ। ਉਹ ਪਹਿਲਾਂ  ਅੰਮ੍ਰਿਤਸਰ ਸਾਹਿਬ ਵਿਖੇ ਰਿਹਾ ਅਤੇ ਉਥੋਂ ਜਗਰਾਜ ਸਿੰਘ ਰਾਜੂ ਆਪਣੇ ਨਾਲ ਲੈ ਆਇਆ ਸੀ।ਗੁਰਲਾਲ ਸਿੰਘ ਨੇ ਆਪਣੇ ਕੁਝ ਦੋਸਤਾਂ ਦੀ ਮਦਦ ਨਾਲ ਦਿੱਲੀ ਵਿਖੇ ਸੰਸਥਾ ਨਾਲ ਰਾਬਤਾ ਕੀਤਾ ਅਤੇ ਉਸ ਦੀ ਮਾਤਾ ਤਕ ਪਹੁੰਚ ਕੀਤੀ।ਗੁਰਲਾਲ ਸਿੰਘ ਨੇ ਦੱਸਿਆ ਕਿ ਸੰਸਥਾ ਦੇ ਮੈਂਬਰ ਜਲਦ ਹੀ ਕੁਨਾਲ ਸ਼ਰਮਾ ਨੂੰ ਲੈਣ ਆ ਰਹੇ ਹਨ, ਉਸ ਤੋਂ ਬਾਅਦ ਕੁਨਾਲ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਜਾਵੇਗਾ। ਥਾਣਾ ਮੁਖੀ ਹਰਬੰਸ ਸਿੰਘ ਨੇ ਦੱਸਿਆ ਕਿ ਗੁਰਲਾਲ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਮੁਕੱਦਮਾ ਦਰਜ ਕੇ ਜਗਰਾਜ ਸਿੰਘ ਉਰਫ਼ ਰਾਜੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।   

                    ਸਾਡੇ ਪਤਰਕਾਰ ਦਾ ਮੰਨਣਾ ਹੈ ਕਿ ਪਖੰਡੀ ਡੇਰੇਦਾਰ ਬਲਾਤਕਾਰੀ ,ਕੁਕਰਮੀ ਤੇ ਅਪਰਾਧੀ ਹਨ।ਆਪਣਾ ਡੇਰਾ ਲੋਕਾਂ ਨੂੰ ਅਖੌਤੀ ਚਮਤਕਾਰ ਦਿਖਾਕੇ ਪ੍ਰਭਾਵਿਤ ਕਰਦੇ ਹਨ ਤੇ ਮਾਇਆ ਠਗਦੇ ਹਨ।ਪੰਜਾਬ ਸਰਕਾਰ ਨੂੰ ਇਹਨਾਂ ਵਿਰੁਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ।