ਵਿਦੇਸ਼ ਜਾਣ ਕਾਰਣ ਦੋਸਤਾਂ ਨਾਲ ਮਿਲ ਕੇ ਪੁੱਤ ਨੇ ਕੀਤਾ ਪਿਤਾ ਦਾ ਕਤਲ

ਵਿਦੇਸ਼ ਜਾਣ ਕਾਰਣ ਦੋਸਤਾਂ ਨਾਲ ਮਿਲ ਕੇ ਪੁੱਤ ਨੇ ਕੀਤਾ ਪਿਤਾ ਦਾ ਕਤਲ

*ਪਿਤਾ ਨੇ ਵਿਦੇਸ਼ ਜਾਣ ਲਈ ਪੈਸੇ ਨਹੀਂ ਸਨ ਦਿਤੇ

ਅੰਮ੍ਰਿਤਸਰ ਟਾਈਮਜ਼

ਫਗਵਾੜਾ –ਅਪਰਾਧ ਵਾਲੀ ਥਾਂ ਤੋਂ ਮਿਲੇ ਛੋਟੇ ਸੁਰਾਗਾਂ ਤੋਂ ਬਾਅਦ ਵਿਗਿਆਨਕ ਜਾਂਚ ਨੇ ਫਗਵਾੜਾ ਪੁਲਸ ਨੂੰ ਕੁਝ ਦਿਨਾਂ ’ਚ ਅੰਨ੍ਹੇ ਕਤਲੇਆਮ ਦਾ ਪਤਾ ਲਗਾਉਣ ’ਚ ਸਹਾਇਤਾ ਕੀਤੀ। ਜਿਸ ’ਚ ਬਲਜੀਤ ਸਿੰਘ  ਭੁੱਲਾਰਾਈ ਦਾ ਅਣਪਛਾਤੇ ਬਦਮਾਸ਼ਾਂ ਨੇ ਕਤਲ ਕਰ ਦਿੱਤਾ ਤੇ ਮ੍ਰਿਤਕ ਦੇ ਪੁੱਤਰ ਸਮੇਤ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪ੍ਰੈੱਸ ਕਾਨਫ਼ਰੰਸ ਦੌਰਾਨ ਐੱਸਐੱਸਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬਲਜੀਤ ਸਿੰਘ ਦਾ ਪੁੱਤਰ ਸੁਖਰਾਜ ਸਿੰਘ, ਉਸ ਦਾ ਦੋਸਤ ਪ੍ਰਸ਼ਾਂਤ ਰਾਏ ਫਗਵਾੜਾ  ਅਤੇ ਬਲਵਿੰਦਰ ਸਿੰਘ  ਪਰਮਜੀਤ ਸਿੰਘ ਫਗਵਾੜਾ ਦੀ ਮਿਲੀਭੁਗਤ ਨਾਲ ਕਤਲ ਕੀਤਾ ਗਿਆ ਸੀ। 

ਵਿਦੇਸ਼ ਜਾਣ ਦੀ ਲਾਲਸਾ ਪਈ ਪਿਓ-ਪੁੱਤਰ ਦੇ ਰਿਸ਼ਤੇ ’ਤੇ ਭਾਰੀ

ਐੱਸ. ਐੱਸ. ਪੀ. ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਸੁਖਰਾਜ ਸਿੰਘ ਅਤੇ ਉਸ ਦੀ ਮਾਂ ਅਤੇ ਉਸ ਦੀ ਛੋਟੀ ਭੈਣ ਨੂੰ ਕਰੀਬ 4/5 ਸਾਲ ਪਹਿਲਾਂ ਉਸ ਦੇ ਪਿਤਾ ਬਲਜੀਤ ਸਿੰਘ ਨੇ ਘਰੋਂ ਬਾਹਰ ਕੱਢ ਦਿੱਤਾ ਸੀ। ਮ੍ਰਿਤਕ ਬਲਜੀਤ ਸਿੰਘ ਕੰਮ ਨਹੀਂ ਕਰਦਾ ਸੀ ਅਤੇ ਸ਼ਰਾਬ ਦਾ ਆਦੀ ਸੀ। ਇੰਨਾ ਹੀ ਨਹੀਂ ਉਹ ਸ਼ਰਾਬ ਦੇ ਨਸ਼ੇ ਵਿਚ ਹਰ ਕਿਸੇ ਨੂੰ ਕੁੱਟਦਾ-ਮਾਰਦਾ ਸੀ। ਸੁਖਰਾਜ ਸਿੰਘ ਪਿਛਲੇ ਕੁਝ ਮਹੀਨਿਆਂ ਤੋਂ ਆਪਣੇ ਪਿਤਾ ਦੇ ਸੰਪਰਕ ਵਿਚ ਸੀ ਅਤੇ ਉਸ ਤੋਂ ਬਾਅਦ ਉਹ ਆਪਣੇ ਪਿਤਾ ਤੋਂ ਵਿਦੇਸ਼ ਜਾਣ ਲਈ ਪੈਸੇ ਮੰਗਦਾ ਸੀ। ਸੁਖਰਾਜ ਸਿੰਘ ਨੇ ਆਪਣੇ ਪਿਤਾ ਨੂੰ ਕਿਹਾ ਕਿ ਉਹ ਆਪਣੀ ਦੋ ਕਨਾਲ ਮਹਿੰਗੀ ਜ਼ਮੀਨ ਵੇਚ ਕੇ ਅਦਾ ਕਰੇ ਤਾਂ ਜੋ ਉਹ ਵਿਦੇਸ਼ ਜਾ ਸਕੇ ਪਰ ਮ੍ਰਿਤਕ ਬਲਜੀਤ ਸਿੰਘ ਨੇ ਨਾ ਤਾਂ ਆਪਣੀ ਜ਼ਮੀਨ ਵੇਚੀ ਅਤੇ ਨਾ ਹੀ ਉਸ ਦੇ ਪੁੱਤਰ ਨੂੰ ਪੈਸੇ ਦਿੱਤੇ। ਇਸੇ ਗੁੱਸੇ ਵਿਚ, 24 ਅਤੇ 25 ਸਤੰਬਰ ਦੀ ਦਰਮਿਆਨੀ ਰਾਤ ਨੂੰ ਸੁਖਰਾਜ ਸਿੰਘ ਨੇ ਆਪਣੇ ਦੋ ਸਾਥੀਆਂ ਨਾਲ ਘਰ ਵਿਚ ਸੁੱਤੇ ਬਲਜੀਤ ਸਿੰਘ ਦੀ ਬੇਸ ਬਾਲ ਨਾਲ ਹੱਤਿਆ ਕਰ ਦਿੱਤੀ।