ਕੈਨੇਡਾ ਸਰਕਾਰ ਵਲੋਂ ਭਾਰਤ ਤੋਂ ਸਿੱਧੀਆਂ ਉਡਾਣਾਂ 'ਤੇ ਪਾਬੰਦੀ ਵਿਚ ਵਾਧਾ

ਕੈਨੇਡਾ ਸਰਕਾਰ ਵਲੋਂ ਭਾਰਤ ਤੋਂ ਸਿੱਧੀਆਂ ਉਡਾਣਾਂ 'ਤੇ ਪਾਬੰਦੀ ਵਿਚ ਵਾਧਾ

* ਪਾਬੰਦੀ  21 ਸਤੰਬਰ 2021 ਤਕ ਰਹੇਗੀ 

 * ਭਾਰਤ ਦੀਆਂ ਸ਼ੱਕੀ ਕੋਰੋਨਾ ਰਿਪੋਰਟਾਂ ਨੇ ਕਈ ਗੁਣਾਂ ਮਹਿੰਗਾ ਕਰ ਦਿੱਤਾ ਸਫ਼ਰ 

ਅੰਮ੍ਰਿਤਸਰ ਟਾਈਮਜ਼ ਬਿਉਰੋ

 ਟੋਰਾਂਟੋ : ਕੈਨੇਡਾ ਨੇ  ਕੋਰੋਨਾ ਮਹਾਮਾਰੀ ਕਾਰਨ ਭਾਰਤ ਤੋਂ ਸਿੱਧੀਆਂ ਉਡਾਣਾਂ 'ਤੇ ਪਾਬੰਦੀ 21 ਸਤੰਬਰ ਤਕ ਵਧਾ ਦਿੱਤੀ ਹੈ। ਕੈਨੇਡਾ ਨੇ ਆਪਣੀਆਂ ਹੱਦਾਂ ਅੰਦਰ ਕੋਰੋਨਾ ਦੇ ਪਸਾਰ ਨੂੰ ਰੋਕਣ ਲਈ ਇਹ ਫ਼ੈਸਲਾ ਲਿਆ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਸਬੰਧੀ ਦੱਖਣੀ ਏਸ਼ਿਆਈ ਦੇਸ਼ ਦੇ ਸਥਾਈ ਸੰਘਰਸ਼ ਦੌਰਾਨ ਭਾਰਤ ਤੋਂ ਸਿੱਧੀਆਂ ਉਡਾਣਾਂ 'ਤੇ ਪਾਬੰਦੀ ਹੁਣ 21 ਸਤੰਬਰ 2021 ਤਕ ਰਹੇਗੀ। ਇਹ ਜਾਣਕਾਰੀ ਕੈਨੇਡਾ ਦੇ ਟਰਾਂਸਪੋਰਟ ਮੰਤਰਾਲੇ ਵੱਲੋਂ ਦਿੱਤੀ ਗਈ ਹੈ।ਕੈਨੇਡਾ ਦੀ ਜਨਤਕ ਸਿਹਤ ਏਜੰਸੀ ਦੀ ਸਿਹਤ ਸਲਾਹ ਦੇ ਆਧਾਰ 'ਤੇ ਭਾਰਤ ਤੋਂ ਕੈਨੇਡਾ ਲਈ ਸਾਰੀਆਂ ਸਿੱਧੀਆਂ ਕਮਰਸ਼ੀਅਲ ਤੇ ਨਿੱਜੀ ਯਾਤਰੀ ਉਡਾਣਾਂ 'ਤੇ ਪਾਬੰਦੀ ਲਾਗੂ ਕੀਤੀ ਗਈ ਹੈ।ਦੱਸ ਦੇਈਏ ਕਿ ਇਸ ਸਾਲ ਪਹਿਲੀ ਵਾਰ ਇਹ ਪਾਬੰਦੀ 22 ਅਪ੍ਰੈਲ ਨੂੰ ਲਗਾਈ ਗਈ ਸੀ ਤੇ ਇਸ ਨੂੰ ਕਈ ਵਾਰ ਹਟਾਇਆ ਜਾ ਚੁੱਕਾ ਹੈ। ਇਹ ਪੰਜਵੀਂ ਵਾਰ ਹੈ ਜਿਹੜੀ ਪਾਬੰਦੀ ਵਧਾਈ ਗਈ ਹੈ। ਭਾਰਤ ਤੋਂ ਕੈਨੇਡਾ ਜਾਣ ਵਾਲੀਆਂ ਉਡਾਣਾਂ 'ਤੇ ਪਾਬੰਦੀ 21 ਅਗਸਤ ਨੂੰ ਖ਼ਤਮ ਹੋਣ ਵਾਲੀ ਸੀ, ਪਰ ਹੁਣ ਇਹ 21 ਸਤੰਬਰ ਤਕ ਲਾਗੂ ਰਹੇਗੀ।ਕਾਬਿਲੇਗ਼ੌਰ ਹੈ ਕਿ ਭਾਰਤ 'ਚ ਕੋਰੋਨਾ ਦੇ ਨਵੇਂ ਮਾਮਲੇ 35 ਹਜ਼ਾਰ ਦੇ ਆਸਪਾਸ ਆ ਰਹੇ ਹਨ।  ਇੱਥੇ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ 500 ਦੇ ਕਰੀਬ ਹੈ। ਸਭ ਤੋਂ ਜ਼ਿਆਦਾ ਬੁਰਾ ਹਾਲ ਦੱਖਣੀ ਭਾਰਤ ਦੇ ਸੂਬੇ ਕੇਰਲ ਦਾ ਹੈ। ਦੇਸ਼ ਵਿਚ ਕੋਰੋਨਾ ਦੇ ਸਰਗਰਮ ਮਾਮਲੇ 4 ਲੱਖ 2 ਹਜ਼ਾਰ 188 ਹਨ। ਹੁਣ ਤਕ ਭਾਰਤ ਵਿਚ ਕੁੱਲ ਰਿਕਵਰੀ 3 ਕਰੋੜ 11 ਲੱਖ 39 ਹਜ਼ਾਰ 457 ਹੋ ਚੁੱਕੀ ਹੈ। ਭਾਰਤ 'ਚ ਹੁਣ ਤਕ 4 ਲੱਖ 28 ਹਜ਼ਾਰ 309 ਮੌਤਾਂ ਹੋ ਚੁੱਕੀਆਂ ਹਨ।                  ਕੈਨੇਡਾ ਜਾਣ ਨੂੰ ਲੱਗ ਰਿਹੈ ‘ਮੋਟਾ ਪੈਸਾ’   ਵਿਦੇਸ਼ ਜਾਣ ਲਈ ਦੇਸ਼ ਦੀਆਂ ਸ਼ੱਕੀ ਕੋਰੋਨਾ ਰਿਪੋਰਟਾਂ ਨੇ ਸਫਰ ਕਈ ਗੁਣਾਂ ਮਹਿੰਗਾ ਕਰ ਦਿੱਤਾ। ਅਜਿਹੇ ’ਚ ਟਿਕਟ ਸਸਤੀ ਹੋਣ ਦੀ ਉਡੀਕ ਕਰ ਰਹੇ ਸੈਂਕੜੇ ਪ੍ਰਵਾਸੀ ਪੰਜਾਬੀ ਵਿਦੇਸ਼ ਉਡਾਰੀ ਮਾਰਨ ਲਈ ਤਰਸ ਰਹੇ ਹਨ ਪਰ ਕੋਰੋਨਾ ਦੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਅਜੇ ਕੋਈ ਢਿੱਲ ਹੁੰਦੀ ਨਜ਼ਰ ਨਹੀਂ ਆ ਰਹੀ।ਕੋਰੋਨਾ ਕਾਰਨ ਜਿੱਥੇ ਇਕ ਵਾਰ ਅੰਤਰਰਾਸ਼ਟਰੀ ਫਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਸਨ ਪਰ ਲੰਮੇਂ ਅਰਸੇ ਬਾਅਦ ਜਿਵੇਂ-ਜਿਵੇਂ ਮਾਹੌਲ ਸੁਖਾਵਾ ਹੋਇਆ ਤਾਂ ਕਈ ਦੇਸ਼ਾਂ ਵੱਲੋਂ ਫਲਾਈਟਾਂ ’ਤੇ ਲਾਈ ਰੋਕ ਹਟਣ ਦੇ ਨਾਲ ਹੀ ਦੇਸ਼ ਦੇ ਏਅਰਪੋਰਟਾਂ ’ਤੇ ਰੌਣਕਾਂ ਨਜ਼ਰ ਆਉਣ ਲੱਗੀਆਂ। ਅਜਿਹੇ ਵਿਚ ਇਕ ਵਾਰ ਤਾਂ ਕੈਨੇਡਾ, ਅਮਰੀਕਾ ਸਮੇਤ ਹੋਰਾਂ ਦੇਸ਼ਾਂ ਵਿਚ ਕੋਰੋਨਾ ਨੂੰ ਲੈ ਕੇ ਲੱਗੀਆਂ ਪਾਬੰਦੀਆਂ ਹਟਣ ਕਾਰਨ ਆਵਾਜਾਈ ਆਮ ਹੋ ਗਈ।ਅਜਿਹੇ ਵਿਚ ਇੰਡੀਆ ਤੋਂ ਹੋਰਨਾਂ ਦੇਸ਼ਾਂ ਖਾਸ ਕਰ ਕੈਨੇਡਾ ਜਾਣ ਲਈ 72 ਘੰਟੇ ਪਹਿਲਾਂ ਕੋਰੋਨਾ ਦੀ ਆਰਟੀ-ਪੀਸੀਆਰ ਰਿਪੋਰਟ ਦੀ ਸ਼ਰਤ ਨੂੰ ਵਿਦੇਸ਼ ਜਾਣ ਦੇ ਉਤਾਵਲਿਆਂ ਨੇ ਜੁਗਾੜ ਰਾਹੀਂ ਸ਼ੱਕੀ ਬਣਾ ਦਿੱਤਾ। ਹੋਇਆ ਇੰਝ ਕਿ ਭਾਰਤ ਦੀਆਂ ਲੈਬਾਰਟਰੀਆਂ ’ਤੇ ਹੋਏ ਆਰਟੀ-ਪੀਸੀਆਰ ਟੈਸਟ ਵਿਦੇਸ਼ ਵਿਚ ਗਲਤ ਸਾਬਤ ਹੋਣ ’ਤੇ ਉਥੋਂ ਦੀਆਂ ਸਰਕਾਰਾਂ ਨੂੰ ਬਿਪਤਾ ਵਿਚ ਪਾ ਦਿੱਤਾ। ਅਜਿਹੀਆਂ ਸ਼ੱਕੀ ਰਿਪੋਰਟਾਂ ਦੀ ਭਰਮਾਰ ਦੇ ਚੱਲਦਿਆਂ ਇਕ ਵਾਰ ਫਿਰ ਕੋਰੋਨਾ ਰਿਪੋਰਟਾਂ ਖਾਸ ਕਰ ਇੰਡੀਆ ਦੀ ਕੋਰੋਨਾ ਰਿਪੋਰਟਾਂ ਨੂੰ ਲੈ ਕੇ ਵਿਦੇਸ਼ਾਂ ਨੇ ਸਖਤ ਰੁਖ ਅਪਣਾਇਆ ਅਤੇ ਸੱਚ ਕਹੀਏ ਤਾਂ ਉਨ੍ਹਾਂ ਵੱਲੋਂ ਇੰਡੀਆ ਦੀ ਰਿਪੋਰਟਾਂ ਨੂੰ ਮੰਨਣ ਤੋਂ ਹੀ ਸਾਫ ਇਨਕਾਰ ਕਰ ਦਿੱਤਾ। ਅਜਿਹੇ ਹਾਲਾਤ ਵਿਚ ਗਲਤ ਦੇ ਨਾਲ-ਨਾਲ ਸਹੀ ਐੱਨਆਰਆਈ ਵੀ ਇੰਡੀਆ ਫਸ ਗਏ ਹਨ। ਇੰਝ ਕੱਢਿਆ ਕੈਨੇਡਾ ਜਾਣ ਦਾ ਰਾਹ ਜਗਰਾਓਂ ਦੇ ਸੂਆ ਰੋਡ ’ਤੇ ਸਥਿਤ ਨਾਮੀ ਗੋਇਲ ਟਰੈਵਲਜ਼ ਐਂਡ ਇਮੀਗੇ੍ਰਸ਼ਨ ਦੇ ਡਾਇਰੈਕਟਰ ਰਿਸ਼ੀ ਪੁਰੀ ਨੇ ਮੰਨਿਆ ਕਿ ਇਥੋਂ ਦੀਆਂ ਕੋਰੋਨਾ ਰਿਪੋਰਟਾਂ ’ਚ ਵੱਡੇ ਪੱਧਰ ’ਤੇ ਫੇਕ ਹੋਣ ਕਾਰਨ ਵਿਦੇਸ਼ਾਂ ਨੇ ਪੂਰੀ ਪਾਬੰਦੀ ਲਾ ਦਿੱਤੀ ਹੈ। ਹੁਣ ਕੈਨੇਡਾ ਜਾਣ ਲਈ ਐੱਨਆਰਆਈ ਵਾਇਆ ਮਾਲਦੀਪ, ਕੈਰੋਂ, ਬੈਲਾਗਰੇਡ ਤੇ ਮੈਕਸੀਕੋ ਸਟੇਅ ਤੋਂ ਬਾਅਦ ਕੈਨੇਡਾ ਦੀ ਫਲਾਈਟ ਲੈ ਰਹੇ ਹਨ। ਇਸ ਦਾ ਕਾਰਨ ਉਕਤ ਦੇਸ਼ਾਂ ਵਿਚ ਐੱਨਆਰਆਈਜ਼ ਦੀ ਕੋਰੋਨਾ ਰਿਪੋਰਟ ਹੁੰਦੀ ਹੈ ਜਿਸ ਦੀ ਰਿਪੋਰਟ ਆਉਣ ਨੂੰ 24 ਤੋਂ 48 ਘੰਟੇ ਲੱਗ ਜਾਂਦੇ ਹਨ। ਅਜਿਹੇ ਵਿਚ ਯਾਤਰੀ ਨੂੰ ਉਕਤ ਦੇਸ਼ਾਂ ਵਿਚ ਹੀ ਸਟੇਅ ਕਰਨੀ ਪੈਂਦੀ ਹੈ। ਰਿਪੋਰਟ ਤੋਂ ਲੈ ਕੇ ਸਟੇਅ ਦਾ ਸਾਰਾ ਖਰਚ ਉਕਤ ਯਾਤਰੀ ਨੂੰ ਪੈਂਦਾ ਹੈ। ਉਨਾਂ ਦੱਸਿਆ ਕਿ ਹੁਣ ਕੈਨੇਡਾ ਜਾਣ ਲਈ ਟਿਕਟ ਢਾਈ ਲੱਖ ਤੋਂ ਲੈ ਕੇ ਸਵਾ ਤਿੰਨ ਲੱਖ ਰੁਪਏ ਤਕ ਮਿਲ ਰਹੀ ਹੈ। ਇੰਨੇ ਰੁਪਏ ਖਰਚ ਕਰਨ ਤੋਂ ਬਾਅਦ ਉਕਤ ਦੇਸ਼ਾਂ ਤੋਂ ਯਾਤਰੀ ਏਅਰਲਾਈਨ, ਏਅਰ ਕੈਨੇਡਾ, ਲਫਥਾਨਸਾ, ਕਤਰ ਸਮੇਤ ਵੱਡੀ ਫਲਾਈਟਾਂ ਦਾ ਸਫਰ ਕਰ ਸਕਦੇ ਹਨ।

ਕੁੱਝ ਦੇਸ਼ਾਂ ਨੇ ਇੰਡੀਆ ਤੋਂ ਖੋਲ੍ਹੀਆਂ ਫਲਾਈਟਾਂ

ਡਾਇਰੈਕਟਰ ਰਿਸ਼ੀ ਪੁਰੀ ਅਨੁਸਾਰ ਇੰਡੀਆ ਤੋਂ ਇੰਗਲੈਂਡ, ਜਰਮਨ, ਪੈਰਿਸ, ਅਮਰੀਕਾ, ਦੁਬਈ ਤੇ ਕੁਝ ਹੋਰ ਦੇਸ਼ਾਂ ਨੇ ਸਿੱਧੀਆਂ ਫਲਾਈਟਾਂ ਖੋਲ੍ਹੀਆਂ ਹਨ ਪਰ ਇਨ੍ਹਾਂ ਵਾਸਤੇ ਲਈ ਵੀ ਇਨ੍ਹਾਂ ਦੇਸ਼ਾਂ ਦੇ ਵੱਖੋ-ਵੱਖਰੇ ਨਿਯਮ ਹਨ। ਜਿਨ੍ਹਾਂ ਵਿਚ ਵਿਦੇਸ਼ ਪਹੁੰਚ ਕੇ ਕੋਰੋਨਾ ਟੈਸਟ, ਹੋਟਲ ਵਿਚ ਕੁਆਰੰਟਾਈਨ ਸਮੇਤ ਹੋਰ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ। ਉਨ੍ਹਾਂ ਦੱਸਿਆ ਕਿ ਦੁਬਈ 10 ਸਤੰਬਰ ਤਕ ਵਿਜਟਰ ਲਈ ਬੰਦ ਕਰ ਦਿੱਤਾ ਗਿਆ ਹੈ, ਜਦ ਕਿ ਸਿਟੀਜ਼ਨ ਤੇ ਕੁਝ ਹੋਰ ਕੈਟਾਗਿਰੀ ਦੇ ਯਾਤਰੀ ਜਾ ਸਕਦੇ ਹਨ।

ਅਮਰੀਕਾ ਦੀ ਟਿਕਟ ਸਿਰਫ 80 ਹਜ਼ਾਰ

ਕੈਨੇਡਾ ਜਾਣ ਲਈ ਕਈ ਤਰ੍ਹਾਂ ਦੇ ਪਾਪੜ ਵੇਲਣ ਦੇ ਬਾਵਜੂਦ ਢਾਈ ਤੋਂ ਸਵਾ ਤਿੰਨ ਲੱਖ ਰੁਪਏ ਟਿਕਟ ’ਤੇ ਲੱਗ ਰਹੇ ਹਨ ਜਦ ਕਿ ਅਮਰੀਕਾ ਜਾਣ ਲਈ ਸਿਰਫ 80 ਤੋਂ 85 ਹਜ਼ਾਰ ਰੁਪਏ ਦੀ ਟਿਕਟ ਮਿਲ ਰਹੀ ਹੈ। ਇਸ ਦਾ ਕਾਰਨ ਕੈਨੇਡਾ ਜਾਣ ਵਾਲੇ ਐੱਨਆਰਆਈਜ਼ ਦੀ ਬਹੁਤ ਵੱਡੀ ਗਿਣਤੀ ਦਾ ਹੋਣਾ ਹੈ। ਮਜਬੂਰਨ ਸਟੂਡੈਂਟਸ ਤੇ ਸਿਟੀਜ਼ਨ ਸਮੇਤ ਹੋਰ ਕੈਟਾਗਿਰੀ ਵਾਲੇ ਮਹਿੰਗੀ ਟਿਕਟ ਲੈ ਰਹੇ ਹਨ।

ਪਰਿਵਾਰ ਸਮੇਤ ਫਸੇ ਰਜਿੰਦਰ ਸਿੰਘ

ਸ਼ੇਖੂਪੁਰਾ ਪਿੰਡ ਦੇ ਸਾਬਕਾ ਸਰਪੰਚ ਤੇ ਐੱਨਆਰਆਈ ਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਅਪ੍ਰੈਲ ’ਚ ਵਾਪਸੀ ਦੀ ਕੈਨੇਡਾ ਲਈ ਟਿਕਟ ਲੈ ਕੇ ਆਏ ਸਨ ਪਰ ਹਾਲਾਤ ਦੇ ਕਾਰਨ ਫਸੇ ਬੈਠੇ ਹਨ। ਮਹਿੰਗੀ ਟਿਕਟ ਲੈਣਾ ਮੁਸ਼ਕਲ ਹੈ। ਅਜਿਹੇ ਵਿਚ ਹੁਣ ਪਹਿਲਾਂ ਹੀ ਖਰੀਦੀ ਹੋਈ ਏਅਰਲਾਈਨ ਦੇ ਚੱਲਣ ਦਾ ਇੰਤਜ਼ਾਰ ਕਰ ਰਹੇ ਹਨ।