ਜੇ ਸ਼੍ਰੋਮਣੀ ਕਮੇਟੀ ਦਾ ਬੋਰਡ ਬਣਿਆ ਤਾਂ ਕੁਝ ਨਹੀਂ ਕਰ ਸਕਾਂਗੇ

 ਜੇ ਸ਼੍ਰੋਮਣੀ ਕਮੇਟੀ ਦਾ ਬੋਰਡ ਬਣਿਆ ਤਾਂ ਕੁਝ ਨਹੀਂ ਕਰ ਸਕਾਂਗੇ

*ਜਥੇਦਾਰ ਹਰਪ੍ਰੀਤ ਸਿੰਘ ਨੇ ਪੰਥ ਨੂੰ ਕੀਤੀ ਅਪੀਲ

* ਨਕਲੀ ਗਾਤਰੇਧਾਰੀਆਂ ਦਾ ਵਿਰੋਧ ਕਰਨ ਬਾਰੇ ਸਿਖਾਂ ਉਪਰ ਕੇਸ ਦਰਜ ਕਾਰਣ  ਹਰਿਆਣਾ ਪੁਲੀਸ ਨੂੰ ਦਿਤੀ ਚਿਤਾਵਨੀ     

 *ਕਿਹਾ ਕਿ ਸਿੱਖ ਭਾਵਨਾਵਾਂ ਭੜਕਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰੇ ਹਰਿਆਣਾ ਸਰਕਾਰ

  ਅੰਮ੍ਰਿਤਸਰ ਟਾਈਮਜ਼ ਬਿਉਰੋ

ਅੰਮ੍ਰਿਤਸਰ  : ਪਿਛਲੇ ਦਿਨੀਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬਣਾਏ ਜਾ ਰਹੇ ਜੋੜਾ ਘਰ ਅਤੇ ਵਹੀਕਲ ਸਟੈਂਡ ਲਈ ਖੁਦਾਈ ਸਮੇਂ ਨਿਕਲੀ ਸੁਰੰਗਨੁਮਾ ਇਮਾਰਤ ਦੇ ਮਾਮਲੇ 'ਚ ਕਈ ਪੰਥਕ ਧਿਰਾਂ ਇਮਾਰਤ ਨੂੰ ਤੋੜਨ ਦੇ ਖ਼ਦਸ਼ੇ ਦਰਮਿਆਨ ਲਗਾਤਾਰ ਸ਼੍ਰੋਮਣੀ ਕਮੇਟੀ ਦਾ ਵਿਰੋਧ ਕਰ ਰਹੀਆਂ ਹਨ। ਇਸੇ ਦੌਰਾਨ ਜਥੇਦਾਰ ਹਰਪ੍ਰੀਤ ਸਿੰਘ ਨੇ ਵਿਰੋਧੀਆਂ ਨੂੰ ਤਾਕੀਦ ਕਰਦਿਆਂ  ਬਿਆਨ ਦਿੱਤਾ ਹੈ ਕਿ ਜੇਕਰ ਜੇ ਸ਼੍ਰੋਮਣੀ ਕਮੇਟੀ ਦਾ ਬੋਰਡ ਬਣ ਗਿਆ ਤਾਂ ਫਿਰ ਕੁਝ ਨਹੀਂ ਕਰ ਸਕਾਂਗੇ। ਉਨ੍ਹਾਂ ਕਿਹਾ ਕਿ ਸਰਕਾਰੀ ਏਜੰਸੀਆਂ ਸ਼੍ਰੋਮਣੀ ਕਮੇਟੀ ਨੂੰ ਤੋੜਨਾ ਚਾਹੁੰਦੀਆਂ ਹਨ। ਸੰਸਥਾਵਾਂ ਕੌਮ ਦਾ ਮਾਣ ਹੁੰਦੀਆਂ ਹਨ ਤੇ ਇਨ੍ਹਾਂ ਨੂੰ ਸੰਭਾਲ ਕੇ ਰੱਖਣਾ ਕੌਮਾਂ ਦਾ ਫ਼ਰਜ਼ ਹੁੰਦਾ ਹੈ। ਜਿਹੜੇ ਵਿਰੋਧ ਕਰਦੇ ਹਨ ਉਹ ਸੰਸਥਾ ਦੇ ਅਕਸ ਨੂੰ ਖ਼ਰਾਬ ਕਰਨਾ ਚਾਹੁੰਦੇ ਹਨ। ਜਥੇਦਾਰ ਸਾਹਿਬ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਬੋਰਡ ਬਣਿਆ, 17 ਮੈਂਬਰ ਚੁਣ ਕੇ ਆਉਂਦੇ ਸੀ ਤੇ ਆਪਣਾ ਪ੍ਰਧਾਨ ਚੁਣਦੇ ਸੀ, ਪਰ ਮਹਾਰਾਸ਼ਟਰ ਸਰਕਾਰ ਨੇ ਆਪਣਾ ਪ੍ਰਧਾਨ ਥਾਪਣਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਤਖ਼ਤ ਸ੍ਰੀ ਪਟਨਾ ਸਾਹਿਬ ਦਾ ਨਵਾਂ ਬੋਰਡ ਬਣ ਰਿਹਾ ਹੈ, ਸ਼ਾਇਦ ਉਸ ਵਿਚ ਵੀ ਅਜਿਹੀਆਂ ਤਬਦੀਲੀਆਂ ਆ ਜਾਣ ਕਿ ਉਹ ਵੀ ਸਰਕਾਰ ਦੀ ਗ੍ਰਿਫ਼ਤ ਵਿੱਚ ਆ ਜਾਵੇ। ਉਨ੍ਹਾਂ ਵਿਰੋਧੀਆਂ ਨੂੰ ਤਾਕੀਦ ਕਰਦਿਆਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਦਾ ਵੀ ਬੋਰਡ ਬਣ ਗਿਆ ਤਾਂ ਇਹ ਵੀ ਸਰਕਾਰ ਦੀ ਗ੍ਰਿਫ਼ਤ ਵਿਚ ਆ ਜਾਵੇਗੀ। ਉਨ੍ਹਾਂ ਕਿਹਾ ਕਿ ਕੱਲ੍ਹ ਨੂੰ ਤੁਸੀਂ ਵੀ ਇਸਦੇ ਪ੍ਰਧਾਨ ਬਣ ਸਕਦੇ ਹੋ, ਇਸ ਲਈ ਵਿਰੋਧ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੁਝ ਲੋਕ ਖੁਦਾਈ ਸਮੇਂ ਨਿਕਲੀ ਸੁਰੰਗਨੁਮਾ ਇਮਾਰਤ ਕਾਰਨ ਵਿਰੋਧ ਕਰ ਰਹੇ ਹਨ ਜਦ ਪਹਿਲਾਂ ਹੀ ਮੈਨੇਜਰ ਸ੍ਰੀ ਦਰਬਾਰ ਸਾਹਿਬ ਵੱਲੋਂ ਕਹਿ ਦਿੱਤਾ ਗਿਆ ਸੀ ਕਿ ਇਸ ਨੂੰ ਬਿਲਕੁਲ ਨਹੀਂ ਛੇੜਿਆ ਜਾਵੇਗਾ ਤਾਂ ਫਿਰ ਇਸ ਦਾ ਵਿਰੋਧ ਕਰਨਾ ਤੇ ਬੇਲੋੜਾ ਵਿਵਾਦ ਕਰਨਾ ਨਹੀਂ ਬਣਦਾ। ਇਸੇ ਤਰ੍ਹਾਂ ਗੁਰੂ ਰਾਮਦਾਸ ਸਰਾਂ ਦਾ ਮਸਲਾ ਉੱਠਿਆ ਜਿਸ ਲਈ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਹਿ ਦਿੱਤਾ ਹੈ ਕਿ ਇਸ ਇਮਾਰਤ ਦੀ ਹਾਲਤ ਖਸਤਾ ਹੋ ਚੁੱਕੀ ਹੈ ਤੇ ਇਸ ਨੂੰ ਠੀਕ ਕਰਨ ਲਈ ਸੰਗਤਾਂ ਦੀਆਂ ਭਾਵਨਾਵਾਂ ਤੇ ਮਰਿਆਦਾ ਦਾ ਖਿਆਲ ਰੱਖਿਆ ਜਾਵੇਗਾ।: 

ਕੁਰੂਕਸ਼ੇਤਰ ਦੇ ਕਿਸਾਨ ਸਮਾਗਮ ਵਿੱਚ ਵਾਪਰੀ ਘਟਨਾ ਦੀ ਨਿਖੇਧੀ

ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਰਿਆਣਾ ਸਰਕਾਰ ਅਤੇ ਉੱਥੋਂ ਦੇ ਪ੍ਰਸ਼ਾਸਨ ਨੂੰ ਸਿੱਖ ਭਾਵਨਾਵਾਂ ਭੜਕਾਉਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।  ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਬੀਤੇ ਦਿਨ ਕੁਰੂਕਸ਼ੇਤਰ ਦੇ ਇੱਕ ਕਿਸਾਨ ਸਮਾਗਮ ਵਿੱਚ ਕੁਝ ਗੈਰ-ਸਿੱਖਾਂ ਨੇ ਗਾਤਰੇ ਅਤੇ ਕਿਰਪਾਨਾਂ ਪਾ ਕੇ ਸਿੱਖ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ। ਪ੍ਰਸ਼ਾਸਨ ਨੇ ਅਜਿਹੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਸਿੱਖਾਂ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਇਹ ਗ਼ੈਰ-ਸਿੱਖ ਵਿਅਕਤੀ ਦੇਵ ਸੈਨਾ ਨਾਂ ਦੀ ਜਥੇਬੰਦੀ ਨਾਲ ਸਬੰਧਤ ਹਨ, ਜਿਸ ਨੇ ਵੀਡੀਓ ਰਾਹੀਂ ਐਲਾਨ ਕੀਤਾ ਹੈ ਕਿ ਉਹ 21 ਅਗਸਤ ਨੂੰ ਮੁੜ ਗਾਤਰੇ ਤੇ ਕਿਰਪਾਨਾਂ ਪਹਿਨ ਕੇ ਗੁਰਦੁਆਰੇ ਪੁੱਜਣਗੇ। ਉਨ੍ਹਾਂ ਹਰਿਆਣਾ ਸਰਕਾਰ ਨੂੰ ਆਖਿਆ ਕਿ ਜੇ ਉਨ੍ਹਾਂ ਦੇਵ ਸੈਨਾ ਨੂੰ ਅਜਿਹਾ ਕਰਨ ਤੋਂ ਨਾ ਰੋਕਿਆ ਤਾਂ ਇਸ ਤੋਂ ਨਿਕਲਣ ਵਾਲੇ ਸਿੱਟਿਆਂ ਲਈ ਸਰਕਾਰ ਜ਼ਿੰਮੇਵਾਰ ਹੋਵੇਗਾ।