ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਨ ਵਾਲਾ ਕਦੀ ਵੀ ਆਪਣੀ ਮੌਤੇ ਨਹੀ ਮਰਦਾ : ਮਾਨ

ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਨ ਵਾਲਾ ਕਦੀ ਵੀ ਆਪਣੀ ਮੌਤੇ ਨਹੀ ਮਰਦਾ : ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 08 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):- “ਸਿੱਖ ਕੌਮ ਦਾ ਫਖ਼ਰ ਵਾਲਾ ਇਤਿਹਾਸ ਇਸ ਗੱਲ ਦੀ ਪ੍ਰਤੱਖ ਗਵਾਹੀ ਭਰਦਾ ਹੈ ਕਿ ਚਹੁ ਵਰਨਾ ਅਤੇ ਬਿਨ੍ਹਾਂ ਕਿਸੇ ਤਰ੍ਹਾਂ ਦੇ ਭੇਦਭਾਵ ਤੋ ਸਮੁੱਚੀ ਮਨੁੱਖਤਾ, ਇਨਸਾਨੀਅਤ ਦੀ ਗੱਲ ਕਰਨ ਵਾਲਾ ਖ਼ਾਲਸਾ ਪੰਥ ਦਾ ਸੱਚਾ ਦਰਬਾਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਹ ਇਕੋ ਇਕ ਅਲੋਕਿਕ ਅਜਿਹਾ ਅਸਥਾਂਨ ਹੈ ਜੋ ਕਦੀ ਵੀ ਗੈਰ ਇਨਸਾਨੀ, ਅਣਮਨੁੱਖੀ ਕਾਰਵਾਈਆ ਨੂੰ ਕਤਈ ਪ੍ਰਵਾਨਗੀ ਨਹੀ ਦਿੰਦਾ । ਬਲਕਿ ਸਮੁੱਚੀ ਮਨੁੱਖਤਾ ਦੀ ਬਰਾਬਰਤਾ ਦੀ ਸੋਚ ਦੇ ਆਧਾਰ ਤੇ ਨਿਰਪੱਖਤਾ ਨਾਲ ਅਮਲ ਕਰਨ ਦਾ ਸਿੱਖਾਂ ਨੂੰ ਆਦੇਸ਼ ਦਿੰਦਾ ਹੈ । ਇਹ ਵੀ ਪ੍ਰਤੱਖ ਹੈ ਕਿ ਇਸ ਮਹਾਨ ਅਧਿਆਤਮਿਕਤਾ ਅਤੇ ਮਨੁੱਖੀ ਕਦਰਾਂ-ਕੀਮਤਾਂ ਦੇ ਸੈਂਟਰ ਸ੍ਰੀ ਦਰਬਾਰ ਸਾਹਿਬ ਉਤੇ ਜਿਸ ਕਿਸੇ ਵੀ ਬੀਤੇ ਸਮੇ ਦੇ ਜਾਂ ਅਜੋਕੇ ਸਮੇ ਦੇ ਹੁਕਮਰਾਨ, ਬਾਦਸਾਹ, ਸਰਕਾਰੀ ਅਧਿਕਾਰੀ ਆਦਿ ਨੇ ਮੰਦਭਾਵਨਾ ਅਧੀਨ ਹਮਲਾ ਕੀਤਾ, ਉਹ ਕਦੀ ਵੀ ਆਪਣੀ ਮੌਤੇ ਨਹੀ ਮਰਿਆ । ਬਲਕਿ ਉਸਦੀ ਜਾਨ ਤੜਫ-ਤੜਫ ਤਰਾਹ-ਤਰਾਹ ਕੇ ਨਿਕਲਣ ਦੇ ਅਮਲ ਅੱਜ ਤੱਕ ਸਾਹਮਣੇ ਆਏ ਹਨ । ਇਸ ਸੱਚ ਨੂੰ ਦੁਨੀਆ ਭਰ ਦੇ ਉਨ੍ਹਾਂ ਜਾਬਰਾਂ ਜੋ ਸਿੱਖਾਂ ਉਤੇ ਜਾਂ ਸਿੱਖ ਸੈਟਰਾਂ ਉਤੇ ਹਮਲੇ ਕਰਦੇ ਆਏ ਹਨ ਅਤੇ ਆਉਣ ਵਾਲੇ ਸਮੇ ਵਿਚ ਅਜਿਹਾ ਕਰਨ ਦੀਆਂ ਸਾਜਿਸਾਂ ਰਚਦੇ ਹਨ, ਉਨ੍ਹਾਂ ਨੂੰ ਸਿੱਖ ਕੌਮ ਦੇ ਇਸ ਇਤਿਹਾਸ ਦੀ ਭਰਪੂਰ ਜਾਣਕਾਰੀ ਹੋਣੀ ਜਰੂਰੀ ਹੈ ਤਾਂ ਕਿ ਕੋਈ ਵੀ ਹੁਕਮਰਾਨ, ਜਾਬਰ, ਫ਼ੌਜੀ, ਹਕੂਮਤੀ ਅਤੇ ਸਿਆਸੀ ਤਾਕਤ ਦੀ ਹਊਮੈ ਵਿਚ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਦੇ ਸਰਬਉੱਚ ਸ੍ਰੀ ਦਰਬਾਰ ਸਾਹਿਬ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਕਦੀ ਵੀ ਕੋਈ ਮੰਦਭਾਵਨਾ ਭਰੀ ਕਾਰਵਾਈ ਕਰਨ ਦੀ ਸੋਚ ਵੀ ਨਾ ਲਿਆ ਸਕੇ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਜੋਕੇ ਸਮੇ ਦੇ ਹਿੰਦੂਤਵ ਜਾਬਰ ਹੁਕਮਰਾਨਾਂ ਨੂੰ ਬੀਤੇ ਸਮੇ ਦੇ ਜਾਬਰ ਹੁਕਮਰਾਨਾਂ ਨਾਲ ਸ੍ਰੀ ਦਰਬਾਰ ਸਾਹਿਬ ਉਤੇ ਹਮਲੇ ਕਰਨ ਦੀ ਬਦੌਲਤ ਵਾਪਰੀਆ ਅਤਿ ਦੁੱਖਦਾਇਕ ਕਾਰਵਾਈਆ ਤੋ ਜਾਣੂ ਕਰਵਾਉਦੇ ਹੋਏ ਅਤੇ ਸਿੱਖ ਕੌਮ ਦੇ ਇਸ ਸੈਟਰ ਪ੍ਰਤੀ ਕਿਸੇ ਤਰ੍ਹਾਂ ਦੀ ਵੀ ਹੁਕਮਰਾਨਾਂ ਵੱਲੋ ਮੰਦਭਾਵਨਾ ਰੱਖਣ ਤੋ ਵਰਜਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਦਾਹਰਣ ਦਿੰਦੇ ਹੋਏ ਕਿਹਾ ਕਿ 1762 ਵਿਚ ਜਦੋ ਅਹਿਮਦ ਸਾਹ ਅਬਦਾਲੀ ਨੇ ਸ੍ਰੀ ਦਰਬਾਰ ਸਾਹਿਬ ਤੇ ਮੰਦਭਾਵਨਾ ਅਧੀਨ ਹਮਲਾ ਕੀਤਾ, ਤਾਂ ਕੁਦਰਤ ਪੱਖੋ ਹੀ ਉਸਦੇ ਸਰੀਰ ਨਾਲ ਐਨਾ ਬੁਰੀ ਤਰ੍ਹਾਂ ਪੀੜ੍ਹਾਂ ਤੇ ਦੁੱਖ ਉੱਠਿਆ ਕਿ ਉਸਦਾ ਕੋਈ ਵੀ ਬਾਦਸਾਹ ਦੇ ਵੈਦਾਂ ਵਿਚੋ ਇਲਾਜ ਨਾ ਕਰ ਸਕਿਆ । ਆਖਿਰ ਤੜਫ-ਤੜਫ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ । ਕਹਿਣ ਤੋ ਭਾਵ ਹੈ ਕਿ ਜੋ ਇਸ ਸਿੱਖ ਕੌਮ ਦੇ ਆਧਿਆਤਮਿਕਤਾ ਦੇ ਕੇਦਰ ਅਤੇ ਮਨੁੱਖੀ ਕਦਰਾਂ-ਕੀਮਤਾਂ ਦੇ ਸੋਮੇ ਸ੍ਰੀ ਦਰਬਾਰ ਸਾਹਿਬ ਪ੍ਰਤੀ ਈਰਖਾਵਾਦੀ ਸੋਚ ਅਧੀਨ ਕੋਈ ਗੈਰ ਕਾਨੂੰਨੀ, ਗੈਰ ਸਮਾਜਿਕ ਅਮਲ ਕਰਦਾ ਹੈ, ਤਾਂ ਉਸਦਾ ਅੰਤ ਬਹੁਤ ਹੀ ਬੁਰੀ ਤਰ੍ਹਾਂ ਕੁਦਰਤ ਵੱਲੋ ਹੀ ਹੁੰਦਾ ਆਇਆ ਹੈ । 

ਉਨ੍ਹਾਂ ਕਿਹਾ ਕਿ ਮਲੇਰਕੋਟਲਾ, ਸੰਗਰੂਰ ਇਲਾਕੇ ਦੇ ਕੁੱਪ, ਕੁਤਬ ਅਤੇ ਗਹਿਲਾ ਉਹ ਇਤਿਹਾਸਿਕ ਸਥਾਂਨ ਹਨ ਜਿਥੇ ਅਫਗਾਨਾਂ ਤੇ ਮੁਗਲਾਂ ਨਾਲ ਖ਼ਾਲਸਾ ਪੰਥ ਦੀਆਂ ਗਚਾਗਚ ਲੜਾਈਆ ਹੋਈਆ ਅਤੇ ਵੱਡੀਆ ਸ਼ਹਾਦਤਾਂ ਉਪਰੰਤ ਖ਼ਾਲਸਾ ਪੰਥ ਨੇ ਇਨ੍ਹਾਂ ਮੁਗਲਾਂ ਤੇ ਅਫਗਾਨਾਂ ਵਰਗੀ ਜਾਲਮ ਕੌਮ ਉਤੇ ਗੁਰੂ ਦੀ ਕਿਰਪਾ ਨਾਲ ਫਤਹਿ ਪਾਈ। ਇਨ੍ਹਾਂ ਲੜਾਈਆ ਉਪਰੰਤ ਕਦੀ ਵੀ ਬਾਹਰਲੇ ਧਾੜਵੀ ਅਫਗਾਨਾਂ, ਮੁਗਲਾਂ ਦੀ ਸਾਡੇ ਖ਼ਾਲਸਾ ਰਾਜ ਉਤੇ ਹਮਲਾ ਕਰਨ ਦੀ ਜੁਰਅਤ ਨਹੀ ਪਈ । ਅੱਜ ਤੱਕ ਅਜਿਹਾ ਕਦੀ ਨਹੀ ਹੋਇਆ ਸਵੈ 1962 ਦੀ ਚੀਨ ਜੰਗ ਸਮੇ ਉਹ ਵੀ ਹਿੰਦੂਤਵ ਹੁਕਮਰਾਨਾਂ ਦੀ ਹਕੂਮਤ ਦੇ ਅਧੀਨ ਹੋਇਆ ਨਾ ਕਿ ਖ਼ਾਲਸਾ ਰਾਜ ਦੇ ਅਧੀਨ । ਆਉਣ ਵਾਲੇ ਕੱਲ੍ਹ ਜੋ ਕੁੱਪ, ਕੁਤਬ, ਗਹਿਲਾ ਦੇ ਮਹਾਨ ਸਥਾਂਨ ਤੇ ਖਾਲਸਾ ਪੰਥ ਦੀ ਫਤਹਿ ਦਾ ਦਿਨ ਮਨਾਇਆ ਜਾ ਰਿਹਾ ਹੈ, ਉਸ ਵਿਚ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਾਰਟੀ ਵੱਲੋ ਉਚੇਚੇ ਤੌਰ ਤੇ ਹਾਜਰੀਆ ਲਗਾਉਦੇ ਹੋਏ ਖ਼ਾਲਸਾ ਪੰਥ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਆਪਣੀ ਅਗਲੀ ਸਿਆਸੀ, ਧਾਰਮਿਕ ਅਤੇ ਸਮਾਜਿਕ ਰਣਨੀਤੀ ਉਤੇ ਵਿਚਾਰਾਂ ਸਾਂਝੀਆ ਕਰਨਗੇ । ਸਮੁੱਚੇ ਖ਼ਾਲਸਾ ਪੰਥ ਨੂੰ ਇਸ ਮਹਾਨ ਦਿਨ ਉਤੇ ਹੁੰਮ-ਹੁੰਮਾਕੇ ਸਮੂਲੀਅਤ ਕਰਨ ਅਤੇ ਆਪਣੇ ਇਤਿਹਾਸਿਕ ਫਤਹਿ ਦੀ ਪ੍ਰਤੀਕ ਵਾਲੇ ਮਹਾਨ ਵਿਰਸੇ-ਵਿਰਾਸਤ ਉਤੇ ਪਹਿਰਾ ਦੇਣ ਲਈ ਇਸ ਸਥਾਂਨ ਤੇ ਪਹੁੰਚਕੇ ਇਸ ਵੱਡੇ ਪ੍ਰਣ ਨੂੰ ਦੁਹਰਾਉਣਾ ਬਣਦਾ ਹੈ ।