ਨਿਊਯਾਰਕ ਤੇ ਨਿਊਜਰਸੀ ਵਿਚ ਏਸ਼ੀਅਨਾਂ 'ਤੇ ਹਮਲਿਆਂ ਵਿਰੁੱਧ ਵਿਸ਼ਾਲ ਰੈਲੀਆਂ

ਨਿਊਯਾਰਕ ਤੇ ਨਿਊਜਰਸੀ ਵਿਚ ਏਸ਼ੀਅਨਾਂ 'ਤੇ ਹਮਲਿਆਂ ਵਿਰੁੱਧ ਵਿਸ਼ਾਲ ਰੈਲੀਆਂ
ਨਿਊਯਾਰਕ ਵਿਚ ਏਸ਼ੀਅਨ ਮੂਲ ਦੇ ਅਮਰੀਕੀਆਂ 'ਤੇ ਹੋ ਰਹੇ ਹਮਲਿਆਂ ਵਿਰੁੱਧ ਕੱਢੀ ਰੈਲੀ ਵਿਚ ਸ਼ਾਮਿਲ ਲੋਕ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ:  (ਹੁਸਨ ਲੜੋਆ ਬੰਗਾ)- ਨਿਊਯਾਰਕ ਤੇ ਨਿਊਜਰਸੀ ਵਿਚ 'ਸਟਾਪ ਏਸ਼ੀਅਨ ਹੇਟ' ਰੈਲੀਆਂ ਕੱਢੀਆਂ ਗਈਆਂ ਜਿਨਾਂ ਵਿਚ ਹਜਾਰਾਂ ਲੋਕਾਂ ਨੇ ਸ਼ਿਰਕਤ ਕੀਤੀ। ਨਿਊਯਾਰਕ ਵਿਚ 10000 ਤੋਂ ਵਧ ਏਸ਼ੀਅਨ ਮੂਲ ਦੇ ਅਮਰੀਕੀ ਲੋਕ ਇਕੱਠੇ ਹੋਏ ਜਿਨਾਂ ਵਿਚ ਸਥਾਨਕ ਅਧਿਕਾਰੀ, ਨਫਰਤੀ ਹਿੰਸਾ ਦੇ ਪੀੜਤਾਂ ਤੋਂ ਇਲਾਵਾ ਵੱਖ ਵੱਖ ਭਾਈਚਾਰਿਆਂ ਨਾਲ ਸਬੰਧਤ ਲੋਕ ਵੀ ਸ਼ਾਮਿਲ ਸਨ। ਪ੍ਰਦਰਸ਼ਨਕਾਰੀ ਲੋਅਰ ਮੈਨਹਟਨ ਵਿਚ ਫੋਲੇ ਸਕੁਏਅਰ ਵਿਖੇ ਇਕੱਠੇ ਹੋਏ ਤੇ ਸਿਟੀ ਹਾਲ ਪਾਰਕ ਵੱਲ ਮਾਰਚ ਕੀਤਾ। ਮਾਰਚ ਬਰੁਕਲਿਨ ਪੁਲ ਉਪਰ ਦੀ ਹੁੰਦਾ ਹੋਇਆ ਕੈਡਮੈਨ ਪਲਾਜ਼ਾ ਵਿਖੇ ਸਮਾਪਤ ਹੋਇਆ।  ਕੋਲੀਸ਼ਨ ਆਫ ਏਸ਼ੀਅਨ-ਅਮੈਰੀਕਨਜ ਫਾਰ ਸਿਵਲ ਰਾਈਟਸ ਦੇ ਕਨਵੀਨਰ ਤੇ ਏਸ਼ੀਅਨ ਅਮੈਰੀਕਨ ਕਮਿਊਨਿਟੀ ਐਮਪਾਵਰਮੈਂਟ ਦੇ ਚੇਅਰਮੈਨ ਜੌਹਨ ਚਾਨ ਨੇ ਨਿਊਯਾਰਕ ਵਿਚ ਏਸ਼ੀਅਨਾਂ ਵਿਰੁੱਧ ਵਧ ਰਹੇ ਨਫਰਤੀ ਅਪਰਾਧਾਂ ਦੇ ਬਾਵਜੂਦ ਕੋਈ ਕਾਰਵਾਈ ਨਾ ਕਰਨ ਲਈ ਸਰਕਾਰ ਦੀ ਕਰੜੀ ਨਿੰਦਾ ਕੀਤੀ। ਏਸ਼ੀਅਨਾਂ ਵਿਰੁੱਧ ਵਧ ਰਹੇ ਅਪਰਾਧਾਂ 'ਤੇ ਧਾਰੀ ਚੁੱਪੀ ਦੀ ਨਿੰਦਾ ਕਰਦਿਆਂ ਚਾਨ ਨੇ ਏਸ਼ੀਅਨ ਮੂਲ ਦੇ ਅਮਰੀਕੀਆਂ ਨੂੰ ਆਪਣੀਆਂ ਵੋਟਾਂ ਬਣਾਉਣ ਤੇ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ।

ਉਨਾਂ ਕਿਹਾ ਕਿ ਅਸੀਂ ਆਪਣੇ ਸਨਮਾਨ ਦੀ ਕੋਈ ਭੀਖ ਨਹੀਂ ਮੰਗ ਰਹੇ। ਸਾਨੂੰ ਇਕ ਜੁੱਟ ਹੋਣਾ ਪਵੇਗਾ ਤੇ ਆਪਣੇ ਤੌਰ 'ਤੇ ਨਿਰਨੇ ਲੈਣੇ ਪੈਣਗੇ। ਉਨਾਂ ਕਿਹਾ ਕਿ ਬਹੁਤ ਸਾਰੇ ਲੋਕ ਹੁੰਦੇ ਨਫਰਤੀ ਹਮਲਿਆਂ ਕਾਰਨ ਘਰਾਂ ਤੋਂ ਬਾਹਰ ਨਿਕਲਣ ਤੋਂ ਡਰਦੇ ਹਨ। ਰੈਲੀ ਦੇ ਪ੍ਰਬੰਧਕਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਨਫਰਤੀ ਹਮਲਿਆਂ ਦੀ ਤਰਜੀਹ ਦੇ ਆਧਾਰ 'ਤੇ ਜਾਂਚ ਪੜਤਾਲ ਕਰਵਾਏ। ਐਟਲਾਂਟਾ, ਜਾਰਜੀਆ ਵਿਚ 16 ਮਾਰਚ ਦੀ ਗੋਲੀਬਾਰੀ ਦੀ ਘਟਨਾ ਜਿਸ ਵਿਚ ਏਸ਼ੀਅਨ ਮੂਲ ਦੇ 6 ਲੋਕ ਮਾਰੇ ਗਏ ਸਨ, ਤੋਂ ਬਾਅਦ ਨਿਊਯਾਰਕ ਵਿਚ 10ਤੋਂ ਵਧ ਰੈਲੀਆਂ ਹੋ ਚੁੱਕੀਆਂ ਹਨ। ਨਿਊਜਰਸੀ ਵਿਚ ਲੋਕ ਸਿਟੀ ਹਾਲ ਵਿਚ ਇਕੱਠੇ ਹੋਏ ਜਿਨਾਂ ਨੂੰ ਰਾਜ ਦੇ ਆਗੂਆਂ ਨੇ ਸੰਬੋਧਨ ਕੀਤਾ। ਨਿਊਜਰਸੀ ਦੇ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਨੇ ਰੈਲੀ ਦੀ ਇਤਿਹਾਸਕ ਮਹੱਤਤਾ ਦਾ ਜਿਕਰ ਕਰਦਿਆਂ ਕਿਹਾ ਕਿ ਮੈਨੂੰ ਯਾਦ ਹੈ ਮੇਰੇ ਬਚਪਨ ਵਿਚ ਗਲਤ ਅਨਸਰਾਂ ਨੇ ਨਵਰੋਜ ਮੋਦੀ ਦੀ ਹੱਤਿਆ ਕਰ ਦਿੱਤੀ ਸੀ, ਹੋਰ ਏਸ਼ੀਅਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤੇ ਲੋਕ ਡਰ ਦੇ ਮਾਰੇ ਆਪਣੇ ਘਰ ਬਾਰ ਛੱਡ ਕੇ ਮੰਦਰਾਂ ਵਿਚ ਚਲੇ ਗਏ ਸਨ ਪਰੰਤੂ ਹੁਣ ਅਜਿਹਾ ਨਹੀਂ ਹੈ। ਹੁਣ ਲੋਕ ਹਿੰਸਾ ਦਾ ਜਵਾਬ ਦੇ ਰਹੇ ਹਨ। ਉਹ ਇਕਜੁੱਟ ਹੋ ਰਹੇ ਹਨ। ਰੈਲੀ ਨੂੰ ਅਮੋਲ ਸਿਨਹਾ, ਹੋਬੋਕਨ ਮੇਅਰ ਰਵੀ ਭੱਲਾ ਤੇ ਵਿਧਾਨ ਸਭਾ ਮੈਂਬਰ ਰਾਜ ਮੁਖਰਜੀ ਨੇ ਵੀ ਸੰਬੋਧਨ ਕੀਤਾ। ਰਾਜ ਮੁਖਰਜੀ ਨੇ ਕਿਹਾ ਕਿ ਏਸ਼ੀਅਨ ਮੂਲ ਦੇ ਅਮਰੀਕੀ ਭਾਈਚਾਰੇ ਨੂੰ ਪਿਛਲੇ ਸਾਲ ਦੌਰਾਨ ਦੋ ਮਹਾਂਮਾਰੀਆਂ ਕੋਵਿਡ-19 ਤੇ ਨਫਰਤ ਦਾ ਸਾਹਮਣਾ ਕਰਨਾ ਪਿਆ ਹੈ। ਜਦੋਂ ਤੋਂ ਜਨਤਿਕ ਸਿਹਤ ਹੰਗਾਮੀ ਸਥਿੱਤੀ ਐਲਾਨੀ ਹੈ 4000 ਨਫਰਤੀ ਹਿੰਸਾ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ। ਉਨਾਂ ਕਿਹਾ ਕਿ ਅਸਲ ਵਿਚ ਏਸ਼ੀਅਨ ਪ੍ਰਵਾਸੀਆਂ ਨਾਲ ਲੰਬੇ ਸਮੇਂ ਤੋਂ ਭੇਦ ਭਾਵ ਹੋ ਰਿਹਾ ਹੈ ਜਿਸ ਨੂੰ ਬੰਦਾ ਕਰਨਾ ਹੋਵੇਗਾ। ਰੈਲੀ ਵਿਚ ਸ਼ਾਮਿਲ ਲੋਕਾਂ ਨੇ ਨਫਰਤੀ ਹਿੰਸਾ ਵਿਰੁੱਧ ਬੈਨਰ ਚੁੱਕੇ ਹੋਏ ਸਨ ਤੇ ਉਨਾਂ ਨੇ ਇਨਸਾਫ ਲਈ ਗੁਹਾਰ ਲਾਈ।