ਖ਼ਾਲਸਾ ਪੰਥ ਦੀ ਸਿਰਜਣਾ ਦਾ ਇਤਿਹਾਸਕ ਪੁਰਬ - ਵਿਸਾਖੀ

ਖ਼ਾਲਸਾ ਪੰਥ ਦੀ ਸਿਰਜਣਾ ਦਾ ਇਤਿਹਾਸਕ ਪੁਰਬ - ਵਿਸਾਖੀ

ਡਾਕਟਰ ਜਸਪਾਲ ਸਿੰਘ

 

ਖ਼ਾਲਸਾ ਪੰਥ ਦੀਆਂ ਖ਼ੂਬੀਆਂ ਦੱਸਦਿਆਂ ਗਿਆਨੀ ਗਿਆਨ ਸਿੰਘ ਦਾ ਕਥਨ ਹੈ ਕਿ ਖ਼ਾਲਸਾ ਪੰਥ ਇਕ ਅਕਾਲ ਪੁਰਖ ਦਾ ਉਪਾਸਕ ਹੈ ਅਤੇ ਸ਼ਸਤਰ ਵਿਦਿਆ ਨਾਲ ਉਸ ਨੂੰ ਗਹਿਰਾ ਪਿਆਰ ਹੈ। ਆਪਣੇ ਸਮੂਹਕ ਉਦੇਸ਼ ਦੀ ਪ੍ਰਾਪਤੀ ਲਈ ਖ਼ਾਲਸਾ ਪੰਥ ਸਾਰੇ ਸੰਸਾਰਕ ਬੰਧਨਾਂ ਦਾ ਤਿਆਗ ਕਰ ਦਿੰਦਾ ਹੈ।

1699 ਈ: ਦੀ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਇਕ ਐਸੀ ਬਚਿੱਤਰ ਅਤੇ ਕ੍ਰਿਸ਼ਮਾਈ ਘਟਨਾ ਵਾਪਰੀ ਜਿਸ ਨੇ ਇਤਿਹਾਸ ਦੇ ਨਕਸ਼ ਅਤੇ ਭਵਿੱਖ ਦਾ ਮੁਹਾਂਦਰਾ ਬਦਲ ਦਿੱਤਾ ਸੀ। ਹੱਥ ਵਿਚ ਕਿਰਪਾਨ ਲਈ ਹਜ਼ਾਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰੰਘ ਪਾਤਸ਼ਾਹ ਨੇ ਆਪਣੇ ਸਿੱਖਾਂ ਪਾਸੋਂ ਪੰਜ ਵਾਰ ਸਿਰਾਂ ਦੀ ਮੰਗ ਕੀਤੀ ਅਤੇ ਪੰਜੇ ਵਾਰ ਸੰਗਤਾਂ ਦੇ ਇਕੱਠ ਵਿਚੋਂ ਉਠ ਕੇ ਮਰਜੀਵੜੇ ਸਿੱਖਾਂ ਨੇ ਆਪਣਾ ਸੀਸ ਭੇਟ ਕਰ ਦਿੱਤਾ। ਲਾਹੌਰ ਦਾ ਰਹਿਣ ਵਾਲਾ ਦਇਆ ਰਾਮ, ਹਸਤਨਾਪੁਰ ਦਾ ਧਰਮ ਚੰਦ, ਦਵਾਰਕਾ ਦਾ ਮੋਹਕਮ ਚੰਦ, ਬਿਦਰ ਦਾ ਸਾਹਿਬ ਚੰਦ ਅਤੇ ਜਗਨਨਾਥ ਪੁਰੀ ਦਾ ਹਿੰਮਤ ਰਾਇ ਵਾਰੋ-ਵਾਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਨਮੁਖ ਪੇਸ਼ ਹੋ ਕੇ, ਆਪਣਾ ਸੀਸ ਭੇਟ ਕਰ ਕੇ ਗੁਰੂ ਦੇ ਪਿਆਰੇ ਬਣ ਗਏ। ਗੁਰੂ ਸਾਹਿਬ ਨੇ ਪੰਜਾਂ ਨੂੰ ਖੰਡੇ-ਬਾਟੇ ਦਾ ਅੰਮ੍ਰਿਤ ਛਕਾ ਕੇ ਅਤੇ ਉਨ੍ਹਾਂ ਨੂੰ 'ਪੰਜ ਪਿਆਰੇ' ਦਾ ਖਿਤਾਬ ਦੇ ਕੇ ਖ਼ਾਲਸਾ ਪੰਥ ਦੀ ਸਿਰਜਣਾ ਕਰ ਦਿੱਤੀ। ਫਿਰ 'ਆਪੇ ਗੁਰ ਚੇਲਾ' ਕਹਾਉਣ ਵਾਲੇ ਗੁਰੂ ਜੀ ਨੇ ਇਨ੍ਹਾਂ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਆਪਣੇ-ਆਪ ਨੂੰ ਖ਼ਾਲਸੇ ਵਿਚ ਅਭੇਦ ਕਰ ਦਿੱਤਾ।

ਇਤਿਹਾਸ ਗਵਾਹ ਹੈ ਕਿ ਖ਼ਾਲਸਾ ਪੰਥ ਦੀ ਜਥੇਬੰਦੀ ਵਿਚ ਸ਼ਾਮਿਲ ਲੋਕਾਂ ਦੇ ਸਾਰੇ ਬੰਧਨ ਗੁਰੂ ਸਾਹਿਬ ਨੇ ਤੋੜ ਦਿੱਤੇ ਸਨ, ਖ਼ਾਸ ਤੌਰ 'ਤੇ ਉਹ ਬੰਧਨ ਜਿਹੜੇ ਮਨੁੱਖ ਤੇ ਮਨੁੱਖ ਵਿਚਕਾਰ ਭੇਦ ਉਤਪੰਨ ਕਰਦੇ ਹਨ। ਇਕ ਜਾਤੀਹੀਨ, ਵਰਗਹੀਨ ਸਮਾਜ ਦੀ ਸਥਾਪਨਾ ਦੀ ਨੀਂਹ ਰੱਖ ਦਿੱਤੀ ਸੀ-ਗੁਰੂ ਸਾਹਿਬ ਨੇ। ਗੁਰੂ ਸਾਹਿਬ ਦਾ ਸਪੱਸ਼ਟ ਇਰਾਦਾ ਸੀ ਕਿ ਉਨ੍ਹਾਂ ਦੇ ਪੈਰੋਕਾਰ ਪੁਰਾਣੀ ਵਿਤਕਰੇ-ਭਰਪੂਰ ਵਿਵਸਥਾ ਨਾਲੋਂ ਨਾਤਾ ਤੋੜ ਲੈਣ। ਪੰਜਾਂ ਪਿਆਰਿਆਂ ਦੇ ਅੰਮ੍ਰਿਤ ਛਕਣ ਤੋਂ ਬਾਅਦ, ਇਸ ਦ੍ਰਿੜ੍ਹ ਇਰਾਦੇ ਦਾ ਪ੍ਰਗਟਾਅ ਕਰਦਿਆਂ, ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਅਨੁਸਾਰ-ਗੁਰੂ ਸਾਹਿਬ ਨੇ ਫ਼ਰਮਾਇਆ ਸੀ :

ਗੁਰੂ ਘਰ ਜਨਮ ਤੁਮਾਰੇ ਹੋਏ।

ਪਿਛਲੇ ਜਾਤਿ-ਵਰਨ ਸਬ ਖੋਏ।

ਜਨਮ ਕੇਸਗੜ੍ਹ ਵਾਸਿ ਅਨੰਦ ਪੁਰ।

ਹੋਏ ਪੂਤ ਜਾਤਿ ਤੁਲਿ ਸਤਿਗੁਰ।

ਚਾਰ ਵਰਨ ਦੇ ਏਕੋ ਭਾਈ।

ਧਰਮ ਖ਼ਾਲਸਾ ਪਦਵੀ ਪਾਈ।

ਹਿੰਦੂ ਤੁਰਕ ਤੈ ਯਾਹਿ ਨਿਆਰਾ।

ਸਿੰਘ ਮਜਬ ਅਬ ਤੁਮਨੇ ਧਾਰਾ।

ਖ਼ਾਲਸਾ ਕੌਣ ਹੈ? ਉਸ ਦੀ ਪਛਾਣ ਕੀ ਹੈ? ਖ਼ਾਲਸਾ ਹੋ ਜਾਣ ਲਈ ਕਿਹੜੇ ਗੁਣ ਜ਼ਰੂਰੀ ਹਨ? ਖ਼ਾਲਸੇ ਦੇ ਵਿਲੱਖਣ ਗੁਣਾਂ ਦੀ ਇਕ ਲੰਮੀ ਫਹਿਰਿਸ਼ਤ ਭਾਈ ਨੰਦ ਲਾਲ ਜੀ ਨੇ ਆਪਣੀ ਰਚਨਾ 'ਤਨਖ਼ਾਹਨਾਮਾ' ਵਿਚ ਦਰਜ ਕੀਤੀ ਹੈ। ਰਚਨਾ ਦੀਆਂ ਇਹ ਸਤਰਾਂ ਖ਼ਾਸ ਤੌਰ 'ਤੇ ਪੜ੍ਹਨ ਵਾਲੀਆਂ ਹਨ :

ਖਾਲਸਾ ਸੋਇ ਨਿਰਧਨ ਕੋ ਪਾਲੈ।

ਖਾਲਸਾ ਸੋਇ ਦੁਸਟ ਕੋ ਗਾਲੈ।

ਖਾਲਸਾ ਸੋਇ ਨਾਮ ਜਪ ਕਰੈ।

ਖਾਲਸਾ ਸੋਇ ਮਲੇਛ ਪਰ ਚੜ੍ਹੈ।

ਖਾਲਸਾ ਸੋਇ ਨਾਮ ਸਿਉਂ ਜੋੜੈ।

ਖਾਲਸਾ ਸੋਇ ਬੰਧਨ ਕਉ ਤੋੜੈ।

ਖਾਲਸਾ ਸੋਇ ਜੋ ਚੜ੍ਹੈ ਤੁਰੰਗ।

ਖਾਲਸਾ ਸੋ ਜੋ ਕਰੈ ਨਿਤ ਜੰਗ।

ਖਾਲਸਾ ਸੋਇ ਸ਼ਸਤਰ ਕੋ ਧਾਰੈ।

ਖਾਲਸਾ ਸੋਇ ਦੁਸ਼ਟਿ ਕੋ ਮਾਰੈ।

ਕਵੀ ਸੈਨਾਪਤੀ ਅਨੁਸਾਰ ਖ਼ਾਲਸਾ ਉਹ ਹੈ ਜਿਸ ਦੇ ਹਿਰਦੇ ਵਿਚ ਕਿਸੇ ਕਿਸਮ ਦਾ ਭਰਮ ਨਹੀਂ। ਭਰਮ ਭੇਖ ਤੋਂ ਨਿਆਰਾ ਵਿਅਕਤੀ ਹੀ ਖ਼ਾਲਸਾ ਅਖਵਾ ਸਕਦਾ ਹੈ :

ਖਾਲਸਾ ਖਾਸ ਕਹਾਵੈ ਸੋਈ,

ਜਾ ਕੈ ਹਿਰਦੈ ਭਰਮ ਨ ਹੋਈ।

ਭਰਮ ਭੇਖ ਤੇ ਰਹੈ ਨਿਆਰਾ,

ਸੋ ਖਾਲਸਾ ਸਤਿਗੁਰੂ ਹਮਾਰਾ।

ਭਈ ਰਤਨ ਸਿੰਘ ਭੰਗੂ ਨੇ ਖ਼ਾਲਸਾ ਸ਼ਬਦ ਨੂੰ ਵੱਖਰੇ ਢੰਗ ਨਾਲ ਪਰਭਾਸ਼ਿਤ ਕੀਤਾ ਹੈ। ਉਸ ਅਨੁਸਾਰ ਖ਼ਾਲਸਾ ਪੂਰਨ ਪ੍ਰਭੂਸੱਤਾ ਦਾ ਮਾਲਕ ਹੈ। ਖ਼ੁਦਮੁਖਤਿਆਰ ਹੈ। ਕਿਸੇ ਦੀ ਈਨ ਮੰਨਣਾ ਉਸ ਦੇ ਸੁਭਾਅ ਵਿਚ ਸ਼ਾਮਿਲ ਨਹੀਂ। ਉਹ ਆਪ ਖੁਦਾਈ ਸ਼ਕਤੀ ਦਾ ਪ੍ਰਤੀਕ ਹੈ ਅਤੇ ਖੁਦਾਈ ਗੁਣਾਂ ਦਾ ਧਾਰਨੀ ਹੈ :

ਖਾਲਸੋ ਹੋਵੇ ਖੁਦ ਖੁਦਾ,

ਜਿਸ ਖੂਬੀ ਖੂਬ ਖੁਦਾਇ।

ਆਨ ਨ ਮਾਨੇ ਆਨ ਕੀ,

ਇਕ ਸਚੇ ਬਿਨ ਪਾਤਿਸਾਹੁ।

ਖ਼ਾਲਸਾ ਪੰਥ ਦੀਆਂ ਖ਼ੂਬੀਆਂ ਦਸਦਿਆਂ ਗਿਆਨੀ ਗਿਆਨ ਸਿੰਘ ਦਾ ਕਥਨ ਹੈ ਕਿ ਖ਼ਾਲਸਾ ਪੰਥ ਇਕ ਅਕਾਲ ਪੁਰਖ ਦਾ ਉਪਾਸ਼ਕ ਹੈ ਅਤੇ ਸ਼ਸਤਰ ਵਿੱਦਿਆ ਨਾਲ ਉਸ ਨੂੰ ਗਹਿਰਾ ਪਿਆਰ ਹੈ। ਆਪਣੇ ਸਮੂਹਿਕ ਉਦੇਸ਼ ਦੀ ਪ੍ਰਾਪਤੀ ਲਈ ਖ਼ਾਲਸਾ ਪੰਥ ਸਾਰੇ ਸੰਸਾਰਕ ਬੰਧਨਾਂ ਦਾ ਤਿਆਗ ਕਰ ਦਿੰਦਾ ਹੈ :

ਇਕ ਅਕਾਲ ਕੀ ਕਰਤ ਬੰਦਗੀ।

ਸ਼ਸਤਰ ਬਿਦਿਯਾ ਬਹੁ ਪਸ਼ਿੰਦਗੀ।

ਨਾਮ ਸਿੰਘ ਬਨ ਮਜਬ ਖਾਲਸਾ।

ਛੋਡ ਦੇਤ ਸਭ ਜਵਤ ਜਾਲਸਾ।

ਇਕ ਹੋਰ ਨੁਕਤੇ ਦਾ ਜ਼ਿਕਰ ਇਥੇ ਜ਼ਰੂਰੀ ਹੈ। ਇਸ ਇਤਿਹਾਸਕ ਹਕੀਕਤ ਨੂੰ ਹਮੇਸ਼ਾ ਚੇਤੇ ਰੱਖਣਾ ਚਾਹੀਦਾ ਹੈ ਕਿ ਜੋ ਕੁਝ 1699 ਦੀ ਵਿਸਾਖੀ ਵਾਲੇ ਦਿਨ ਵਾਪਰਿਆ ਸੀ, ਉਸ ਨੇ ਭਾਰਤ ਦੀ ਤਕਦੀਰ ਬਦਲ ਦਿੱਤੀ ਸੀ। ਜਿਹੜਾ ਹਿੰਦੁਸਤਾਨੀ ਸਮਾਜ ਸਦੀਆਂ ਤੋਂ ਗੁਲਾਮੀ ਦਾ ਸੰਤਾਪ ਭੋਗ ਰਿਹਾ ਸੀ, ਉਸ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਟੁੱਟਣੀਆਂ ਸ਼ੁਰੂ ਹੋ ਗਈਆਂ ਸਨ। ਲੋਕੀ ਆਜ਼ਾਦੀ ਅਤੇ ਖ਼ੁਦਮੁਖਤਿਆਰੀ ਦੀ ਰਾਹ 'ਤੇ ਤੁਰ ਪਏ ਸਨ। ਅਸਲ ਵਿਚ, ਦਸਮ ਪਿਤਾ ਦੇ ਮਨ-ਮੰਦਰ ਵਿਚ ਇਕ ਸੰਕਲਪ, ਇਕ ਨਿਸਚਾ, ਇਕ ਭਰੋਸਾ ਡੂੰਘਾ ਸਮੋਇਆ ਹੋਇਆ ਸੀ ਕਿ ਇਕ ਦਿਨ ਐਸਾ ਜ਼ਰੂਰ ਆਵੇਗਾ ਜਦੋਂ ਸਦੀਆਂ ਤੋਂ ਵਿਤਕਰੇ ਅਤੇ ਸ਼ੋਸ਼ਣ ਦੇ ਸ਼ਿਕਾਰ ਲੋਕਾਂ ਦੀ ਪਾਤਸ਼ਾਹੀ ਕਾਇਮ ਹੋਵੇਗੀ। ਉਨ੍ਹਾਂ ਦੀ ਪਾਤਸ਼ਾਹੀ ਸਥਾਪਤ ਹੋਵੇਗੀ, ਜਿਨ੍ਹਾਂ ਨੇ ਰਾਜਨੀਤਕ ਸੱਤਾ ਵਿਚ ਭਾਗੀਦਾਰੀ ਦਾ ਸੁਖ ਤਾਂ ਕੀ ਭੋਗਣਾ ਸੀ, ਕਦੇ ਸਮਾਜ ਵਿਚ ਸਮਾਨਤਾ ਦੇ ਅਹਿਸਾਸ ਦਾ ਸੁਖ ਵੀ ਨਹੀਂ ਸੀ ਭੋਗਿਆ। ਆਪਣੇ ਨਾਲ ਹੋ ਰਹੇ ਅਨਿਆਂ ਨੂੰ ਜਿਨ੍ਹਾਂ ਨੇ ਆਪਣੀ ਕਿਸਮਤ ਤੇ ਰੱਬੀ ਇੱਛਾ ਮੰਨ ਲਿਆ ਸੀ। ਕੁਇਰ ਸਿੰਘ ਦੇ ਗੁਰ ਬਿਲਾਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਦ੍ਰਿੜ੍ਹ ਇਰਾਦੇ ਦਾ ਜ਼ਿਕਰ ਮਿਲਦਾ ਹੈ। ਜੇ ਬਾਜ ਚਿੜੀ ਨੂੰ ਮਾਰੇ ਤਾਂ ਕੋਈ ਪ੍ਰਭੁਤਾ ਵਾਲੀ ਗੱਲ ਨਹੀਂ, ਮੇਰਾ ਇਰਾਦਾ ਤਾਂ ਚਿੜੀਆਂ ਪਾਸੋਂ ਬਾਜ ਤੁੜਾਉਣ ਦਾ ਹੈ:

ਮੈ ਅਸਪਾਨਿਜ ਤਬ ਲਖੋ ਕਰੋ ਐਸ ਯੋ ਕਾਮ॥

ਚਿੜੀਅਨ ਬਾਜ ਤੁਰਾਯ ਹੋ ਸਸੇ ਕਰੋ ਸਿੰਘ ਸਾਮ॥

ਬਾਜ ਚਿੜੀ ਕਹੁ ਮਾਰ ਹੈ ਏ ਪ੍ਰਭੁਤਾ ਕਛੁ ਨਾਹ॥

ਤਾਤੈ ਕਾਜ ਕੀਓ ਇਹੈ ਬਾਜ ਹਨੈ ਚਿੜੀਆਹ॥

ਇਸੇੇ ਸੰਦਰਭ ਵਿਚ, ਗਿਆਨੀ ਗਿਆਨ ਸਿੰਘ ਦੇ 'ਪੰਥ ਪ੍ਰਕਾਸ਼' ਵਿਚ ਦਰਜ ਇਕ ਘਟਨਾ ਦਾ ਵੀ ਜ਼ਿਕਰ ਕਰਨਾ ਚਾਹੁੰਦਾ ਹਾਂ। ਉਨ੍ਹਾਂ ਅਨੁਸਾਰ, ਖ਼ਾਲਸਾ ਪੰਥ ਨੂੰ ਸੰਗਠਤ ਕਰਨ ਦੀ ਪ੍ਰਕਿਰਿਆ ਦੌਰਾਨ ਗੁਰੂ ਸਾਹਿਬ ਨੇ ਪਹਾੜੀ ਰਾਜਿਆਂ ਨੂੰ ਖ਼ਾਲਸਾ ਪੰਥ ਦੀ ਮੁਹਿੰਮ ਵਿਚ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਸੀ। ਪਰ ਪਹਾੜੀ ਰਾਜੇ ਆਪਣੀ ਵੱਡੀ ਕੁੱਲ ਅਤੇ ਜਾਤੀ ਦੇ ਅਹੰਕਾਰ ਕਾਰਨ ਇਸ ਪੇਸ਼ਕਸ਼ ਨੂੰ ਮੰਨਣ ਤੋਂ ਮੁਨਕਰ ਹੋ ਗਏ। ਉਨ੍ਹਾਂ ਦੀ ਦਲੀਲ ਸੀ ਕਿ ਗੁਰੂ ਖ਼ਾਲਸਾ ਪੰਥ, ਚਾਰੇ ਵਰਨਾਂ ਨੂੰ ਇਕੋ ਮੰਨਦਾ ਹੈ ਅਤੇ ਜਾਤ-ਭੇਦ ਵਿਚ ਵਿਸ਼ਵਾਸ ਨਹੀਂ ਰੱਖਦਾ। ਐਸੀ ਮੁਹਿੰਮ ਨੂੰ ਹੁੰਗਾਰਾ ਦੇ ਕੇ ਉਹ ਨੀਵੀਂ ਜਾਤ ਦੇ ਲੋਕਾਂ ਅਤੇ ਸ਼ੂਦਰਾਂ ਵਿਚ ਸ਼ਾਮਿਲ ਨਹੀਂ ਹੋ ਸਕਦੇ। ਇਸ ਸਥਿਤੀ ਵਿਚ ਪਹਾੜੀ ਰਾਜਿਆਂ ਨੂੰ ਚਿਤਾਵਨੀ ਦਿੰਦਿਆਂ ਗੁਰੂ ਸਾਹਿਬ ਨੇ ਆਪਣੇ ਦ੍ਰਿੜ੍ਹ ਨਿਸ਼ਚੇ ਦਾ ਪ੍ਰਗਟਾਵਾ ਕਰਦਿਆਂ ਕਿਹਾ ਸੀ ਕਿ ਜਿਨ੍ਹਾਂ ਨੂੰ ਤੁਸੀਂ ਸ਼ੂਦਰ ਕਹਿੰਦੇ ਹੋ, ਉਨ੍ਹਾਂ ਦੀਨਾਂ ਨੂੰ ਰਾਜ-ਸ਼ਕਤੀ ਦਾ ਮਾਲਕ ਬਣਾਉਣਾ ਹੀ ਮੇਰਾ ਮੁੱਖ ਉਦੇਸ਼ ਹੈ। ਇਕ ਦਿਨ ਸਮਾਜ ਦੇ ਹਾਸ਼ੀਏ 'ਤੇ ਰਹਿ ਗਏ ਇਨ੍ਹਾਂ ਲੋਕਾਂ ਦਾ, ਯਮੁਨਾ ਤੋਂ ਕਾਬਲ ਤੱਕ ਰਾਜ ਕਾਇਮ ਹੋਵੇਗਾ ਅਤੇ ਜਿਨ੍ਹਾਂ ਨੂੰ ਤੁਸੀਂ ਨੀਵਾਂ ਕਹਿੰਦੇ ਹੋ, ਉਹ ਰਾਜੇ ਹੋਣਗੇ ਅਤੇ ਤੁਸੀਂ ਉਨ੍ਹਾਂ ਦੀ ਪਰਜਾ ਬਣ ਕੇ ਰਹੋਗੇ :

ਪਰਜਾ ਤੇ ਹਾਕਮ ਕਰ ਦੀਨੇ,

ਹਿੰਦੂ ਤੁਰਕ ਤੈਂ ਨਿਆਰੇ।

ਜਮਨਾ ਤੇ ਕਾਬਲ ਲੋ ਇਨ ਕਾ,

ਰਾਜ ਹੋਇ ਹੈ ਸਾਰੇ।

ਤੁਮ ਭੀ ਇਨਕੀ ਪਰਜਾ ਥੈਹੋ,

ਸੂਦ੍ਰ ਜਿਨੈ ਬਤੈ ਹੋ।

ਦੀਨ ਬੰਧ ਮੈਂ ਤਬੈਂ ਸਦਾਓਂ,

ਦੀਨਨ ਰਾਜ ਭੁਗੈ ਹੋ।

ਆਖ਼ਿਰ ਵਿਚ, ਭਾਈ ਵੀਰ ਸਿੰਘ ਦੀਆਂ ਲਿਖੀਆਂ ਇਨ੍ਹਾਂ ਸਤਰਾਂ ਨਾਲ ਆਪਣੀ ਗੱਲ ਸਮਾਪਤ ਕਰਨਾ ਚਾਹੁੰਦਾ ਹਾਂ। ਭਾਈ ਸਾਹਿਬ ਖ਼ਾਲਸਾ ਪੰਥ ਦੀ ਸਿਰਜਣਾ ਦੇ ਸਾਰੇ ਵਰਤਾਰੇ ਨੂੰ ਨਿਵੇਕਲੇ ਪ੍ਰਸੰਗ ਵਿਚ ਪੇਸ਼ ਕਰਦੇ ਹਨ। ਉਨ੍ਹਾਂ ਦੀ ਇਹ ਇਬਾਰਤ ਇਥੇ ਉਚੇਚੇ ਤੌਰ 'ਤੇ ਪੜ੍ਹਨ ਵਾਲੀ ਹੈ :

'ਅਸੀਂ ਉਨ੍ਹਾਂ ਵਿਚੋਂ ਹੀ ਨਿਕਲੇ ਹਾਂ, ਜਿਨ੍ਹਾਂ ਦੀਆਂ ਸਦੀਆਂ ਦੀਆਂ ਬੇਬਸ ਮੌਤਾਂ ਦੇ ਕਾਰਨ ਇਕ ਪਹਾੜ ਦਾ ਨਾਂਅ ਹੀ 'ਹਿੰਦੂ ਕੁਸ਼' ਰੱਖ ਦਿੱਤਾ ਗਿਆ ਹੈ। ਜਿਥੋਂ ਲੰਘਦੇ ਹਿੰਦੂ ਕੈਦੀ ਸਰਦੀ ਨਾ ਝੱਲ ਸਕਣ ਕਰ ਕੇ ਮਰ ਜਾਂਦੇ ਹਨ ਤੇ ਜਰਵਾਣਿਆਂ ਨੇ ਉਸ ਪਹਾੜ ਦਾ ਨਾਂਅ ਹਿੰਦੂ ਕੁਸ਼ ਧਰ ਦਿੱਤਾ ਹੈ। ਵਾਹ ਉਇ ਸਾਹਿਬਾ! ਸੁਹਣੇ ਕੁੰਡਿਲਆਲੇ ਕੇਸਾਂ ਵਾਲੇ ਕਲਗੀਧਰ ! ਧੰਨ ਤੇਰੀ ਜਿੰਦ! ਤੇ ਜਿੰਦ ਪਾਣ ਦੀ ਰੱਬੀ ਤਾਕਤ! ਇਨ੍ਹਾਂ ਮਰ ਮਿਟਿਆਂ ਹਿੰਦੀਆਂ ਵਿਚ ਤੂੰ ਕਿਹੜੀ ਅਮਰ, ਅਝੁੱਕ, ਸਦਾ ਬਲਦੀ ਜ਼ਿੰਦਗੀ ਫੂਕ ਦਿੱਤੀ ਹੈ ਜਿਸ ਦੇ ਬੱਚੇ ਵੀ, ਤੇਰੇ ਆਪਣੇ ਬੱਚਿਆਂ ਵਾਲੀ, ਬੀਰਤਾ ਦਿਖਾਲਦੇ ਹਨ। ਹਾਂ, ਸੋਹਣੇ ਕੇਸਾਂ ਵਾਲਿਆ! ਤੂੰ ਹੀ ਆਪਣੇ ਜਾਏ, ਸਾਡੇ ਪਾਪਾਂ ਦੀ ਜਗਵੇਦੀ ਤੇ ਬਲੀ ਦੇ ਕੇ ਆਖਿਆ ਸੀ ਕਿ ਇਹ ਮੇਰੇ ਚਾਰ ਪੁਤ੍ਰ ਸ਼ਹੀਦ ਹੋਏ ਹਨ, ਪਰ ਮੇਰੇ ਲੱਖਾਂ ਪੁਤ੍ਰ ਹੋਰ ਹਨ-ਜੋ ਖਾਲਸਾ ਕਹੀਦੇ ਹਨ ਤੇ ਇਹ ਮੇਰੇ ਖਾਲਸਾ ਜੀ ਇਕ 'ਪੁਤ੍ਰ ਸੋਮਾ' ਹੈ। ਮੇਰਾ ਇਹ ਪੁੱਤਰ-ਅਮਰ ਪੁੱਤਰ ਹੈ, ਸਦਾ ਜੀਏ ਗਾ। 'ਖਾਲਸਾ' ਅਮਰ ਹੈ।