ਨਿਹੰਗ ਸਿੰਘਾਂ ਦਾ ਸ਼ਕੀ ਪੁਲੀਸ ਮੁਕਾਬਲਾ 

ਨਿਹੰਗ ਸਿੰਘਾਂ ਦਾ ਸ਼ਕੀ ਪੁਲੀਸ ਮੁਕਾਬਲਾ 

ਰਜਿੰਦਰ ਸਿੰਘ ਪੁਰੇਵਾਲ     

 ਬੀਤੇ ਦਿਨੀ ਪਿੰਡ ਸਿੰਘਪੁਰਾ ਤਰਨਤਾਰਨ ਵਿਖੇ ਪੁਲਿਸ ਅਤੇ ਨਿਹੰਗ ਸਿੰਘਾਂ ਵਿਚਕਾਰ ਹੋਏ ਮੁਕਾਬਲੇ ਵਿਚ ਗੋਲੀਆਂ ਲੱਗਣ ਨਾਲ ਦੋ ਨਿਹੰਗ ਸਿੰਘਾਂ ਦੀ ਮੌਤ ਹੋ ਗਈ ਸੀ। ਪੁਲੀਸ ਦੀ ਕਹਾਣੀ ਮੁਤਾਬਕ  ਨਾਂਦੇੜ ’ਚ ਇਕ ਵਿਅਕਤੀ ਦਾ ਕਤਲ ਕਰਕੇ ਪਿੰਡ ਸੁਰਸਿੰਘ ਆਏ ਦੋ ਨਿਹੰਗਾਂ ਨੂੰ ਬੀਤੇ ਐਤਵਾਰ ਤਰਨਤਾਰਨ ਪੁਲਿਸ ਨੇ ਮੁਕਾਬਲੇ ’ਚ ਕਥਿਤ ਕਤਲ ਕਰ ਦਿੱਤਾ ਸੀ। ਦੋਸ਼ ਹੈ ਕਿ ਇਨ੍ਹਾਂ ਬਾਰੇ ਸੂਹ ਮਿਲਣ ਪਿੱਛੋਂ ਜਦੋਂ ਤਿੰਨ ਥਾਣਿਆਂ ਦੇ ਮੁਖੀ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਗਏ ਤਾਂ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਦੋ ਨੂੰ ਜ਼ਖ਼ਮੀ ਕਰ ਦਿੱਤਾ ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਐੱਸਐੱਸਪੀ ਨਿੰਬਾਲੇ  ਅਨੁਸਾਰ ਮਹਿਤਾਬ ਸਿੰਘ ਅਤੇ ਗੁਰਦੇਵ ਸਿੰਘ ਨਾਂ ਦੇ ਇਹ ਦੋ ਨਿਹੰਗ 11 ਮਾਰਚ ਨੂੰ ਨਾਂਦੇਡ਼ ਵਿਖੇ ਬਾਬਾ ਸੰਤੋਖ ਸਿੰਘ ਨਾਂ ਦੇ ਵਿਅਕਤੀ ਦਾ ਕਤਲ ਕਰਕੇ ਉੱਥੋਂ ਫ਼ਰਾਰ ਹੋਏ ਸਨ। ਦੋਵਾਂ ਖ਼ਿਲਾਫ਼ ਨਾਂਦੇੜ ਦੇ ਥਾਣਾ ਵਜ਼ੀਰਾਬਾਦ ਵਿਚ ਹੱਤਿਆ ਦਾ ਕੇਸ ਦਰਜ ਹੋਇਆ ਸੀ। ਨਾਂਦੇੜ ਪੁਲਿਸ ਨੇ ਸੂਚਨਾ ਦਿੱਤੀ ਸੀ ਕਿ ਇਹ ਦੋਵੇਂ ਨਿਹੰਗ ਸੁਰਸਿੰਘ ਦੇ ਡੇਰੇ ਵਿਚ ਆਏ ਹਨ। ਤਰਨਤਾਰਨ ਪੁਲਿਸ ਨੇ ਉੱਥੇ ਤਲਾਸ਼ੀ ਮੁਹਿੰਮ ਚਲਾਈ ਸੀ।

ਥਾਣਾ ਭਿੱਖੀਵਿੰਡ ਦੇ ਮੁਖੀ ਸਰਬਜੀਤ ਸਿੰਘ ਨੂੰ ਸੂਚਨਾ ਮਿਲੀ ਕਿ ਦੋਵੇਂ ਨਿਹੰਗ ਸੁਰਸਿੰਘ ਦੇ ਬਾਹਰਵਾਰ ਦਿਖਾਈ ਦਿੱਤੇ ਹਨ, ਜਿਨ੍ਹਾਂ ਕੋਲ ਦੋ ਕਿਰਪਾਨਾਂ ਤੇ ਇਕ ਖੰਡਾ ਹੈ। ਸਰਬਜੀਤ ਸਿੰਘ ਤੋਂ ਇਲਾਵਾ ਥਾਣਾ ਖੇਮਕਰਨ ਦੇ ਮੁਖੀ ਨਰਿੰਦਰ ਸਿੰਘ ਢੋਟੀ ਅਤੇ ਥਾਣਾ ਖੇਮਕਰਨ ਦੇ ਮੁਖੀ ਬਲਵਿੰਦਰ ਸਿੰਘ ਬਿਨਾ ਸੁਰੱਖਿਆ ਦਸਤੇ ਦੇ ਉਨ੍ਹਾਂ ਨੂੰ ਫੜਨ ਲਈ ਨਿਕਲੇ ਪਰ ਉਕਤ ਨਿਹੰਗਾਂ ਨੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ ਜਿਸ ਦੌਰਾਨ ਨਰਿੰਦਰ ਸਿੰਘ ਢੋਟੀ ਦਾ ਗੁੱਟ ਬੁਰੀ ਤਰ੍ਹਾਂ ਨਾਲ ਵੱਢਿਆ ਗਿਆ ਜਦੋਂਕਿ ਬਲਵਿੰਦਰ ਸਿੰਘ ਦਾ ਹੱਥ ਵੀ ਜ਼ਖ਼ਮੀ ਹੋ ਗਿਆ। ਹਮਲਾ ਕਰਨ ਤੋਂ ਬਾਅਦ ਦੋਵੇਂ ਨਿਹੰਗ ਸੂਏ ਦੀ ਪੱਟੜੀ ’ਤੇ ਭੱਜ ਨਿਕਲੇ ਤਾਂ ਸਰਬਜੀਤ ਸਿੰਘ ਨੇ ਇਸ ਦੀ ਸੂਚਨਾ ਡੀਐੱਸਪੀ ਭਿੱਖੀਵਿੰਡ ਰਾਜਬੀਰ ਸਿੰਘ ਨੂੰ ਦਿੱਤੀ ਜਿਸ ਦੇ ਚਲਦਿਆਂ ਡੀਐੱਸਪੀ ਨੇ ਅੱਗੇ ਨਾਕੇਬੰਦੀ ਕਰ ਦਿੱਤੀ ਪਰ ਦੋਵਾਂ ਨਿਹੰਗਾਂ ਨੇ ਉਨ੍ਹਾਂ ਦੀ ਗੱਡੀ ਉੱਪਰ ਵੀ ਹਮਲਾ ਕਰਨ ਦਾ ਯਤਨ ਕੀਤਾ, ਜਿਸ ’ਤੇ ਡੀਐੱਸਪੀ ਰਾਜਬੀਰ ਸਿੰਘ ਨੇ ਗੋਲ਼ੀ ਚਲਾਈ ’ਤੇ ਦੋਵਾਂ ਨਿਹੰਗਾਂ ਦੀ ਮੌਤ ਹੋ ਗਈ। ਇਹਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਲਿਆਂਦਾ ਗਿਆ ਸੀ। ਜਿਨ੍ਹਾਂ ਵਿਚੋਂ  ਗੁਰਦੇਵ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਅੰਮਿ੍ਤਸਰ ਦਾ ਪੋਸਟਮਾਰਟਮ ਕਰਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ। ਜਦੋਂਕਿ ਦੂਜੇ ਨਿਹੰਗ ਸਿੰਘ ਮਹਿਤਾਬ ਸਿੰਘ ਪੁੱਤਰ ਜੁਗਿੰਦਰ ਸਿੰਘ ਦੇ ਵਾਰਸਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ। ਹਸਪਤਾਲ ਦੀ ਟੀਮ ਵੱਲੋਂ ਉਸ ਦਾ ਪੋਸਟਮਾਰਟਮ ਨਹੀਂ ਕੀਤਾ ਗਿਆ। 

 ਅਕਾਲੀ ਦਲ ਅੰਮਿ੍ਤਸਰ  ਦੇ ਸੂਬਾ ਪ੍ਰਧਾਨ ਸਿਮਰਨਜੀਤ ਸਿੰਘ ਮਾਨ ,ਬੀਬੀ ਪਰਮਜੀਤ ਕੌਰ ਖਾਲੜਾ , ਜਸਟਿਸ ਅਜੀਤ ਸਿੰਘ ਬੈਂਸ ਨੇ ਇਹਨਾਂ ਮੁਕਾਬਲਿਆਂ ਦੀ ਨਿਖੇਧੀ ਕੀਤੀ ਹੈ ਤੇ ਹਾਈਕੋਰਟ ਕੋਲੋ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਉਹਨਾਂ ਦਾ ਮੰਨਣਾ ਹੈ ਕਿ ਇਹ ਮੁਕਾਬਲਾ ਸ਼ਕੀ ਹੈ।  ਜੇਕਰ ਉਹ ਮੁਲਜ਼ਮ ਸਨ ਤਾਂ ਪੁਲਿਸ ਉਨ੍ਹਾਂ ਨੂੰ ਗਿ੍ਰਫਤਾਰ ਕਰ ਸਕਦੀ ਸੀ, ਪਰ ਪੁਲਿਸ ਨੇ ਨਿਹੰਗ ਸਿੰਘਾਂ ’ਤੇ ਅੰੰਨ੍ਹੇਵਾਹ ਗੋਲੀਆਂ ਚਲਾ ਕੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਪੁਲਿਸ ਵੱਲੋਂ ਪੁਰਾਣੇ ਇਤਿਹਾਸ ਨੂੰ ਮੁੜ ਦੁਹਰਾਇਆ ਗਿਆ ਹੈ।  ਦੂਜੇ ਪਾਸੇ ਐੱਸਐੱਸਪੀ ਧਰੂਮਨ ਨਿੰਬਾਲੇ ਦਾ ਕਹਿਣਾ ਹੈ   ਇਸ ਮੁਕਾਬਲੇ ਦੀ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਪੜਤਾਲ ਕਰਨ ਲਈ ਐਗਜੀਕਿਊਟਿਵ ਮੈਜਿਸਟ੍ਰੇੇਟ ਦੀ ਹਾਜ਼ਰੀ ਵਿਚ 5 ਮੈਂਬਰੀ ਕਮੇਟੀ ਬਣਾਈ ਗਈ ਹੈ ।  ਉਕਤ ਮੁਲਜਮਾਂ ਦੀ ਪੂਰਨ ਤੌਰ ਤੇ ਜਾਂਚ ਪੜਤਾਲ ਕਰਨ ਲਈ ਨਾਂਦੇੜ ਪੁਲਿਸ ਦੀ ਇਕ ਸ਼ਪੈਸ਼ਲ ਟੀਮ ਜਿਲ੍ਹਾ ਤਰਨਤਾਰਨ ਵਿਖੇ ਪਹੁੰਚੀ ਹੈ। ਜੇਕਰ ਪੰਜਾਬ ਪੁਲਿਸ ਦੇ ਇਤਿਹਾਸ ਨੂੰ ਘੋਖੀਏ ਕਿ ਇਹਨਾਂਂ ਦਾ ਰਿਕਾਰਡ ਪੰਜਾਬ ਸੰਤਾਪ ਸਮੇਂ ਨਿਰਦੋਸ਼ ਸਿੱਖ ਨੌਜਵਾਨਾਂ ਨੂੰ  ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਦਾ ਰਿਹਾ ਹੈ। ਸਰਕਾਰੀ ਤੰਤਰ ਦਾ ਇੱਕ ਅਹਿਮ ਵਿਭਾਗ ਪੁਲੀਸ ਦਾ ਹੈ ਜਿਸ ਨੇ ਰਾਜ ਵਿੱਚ ਅਮਨ ਕਨੂੰਨ ਦੀ ਅਵਸਥਾ ਨੂੰ ਹਰ ਹਾਲ ਵਿੱਚ ਕਾਇਮ ਕਰਨਾ ਹੁੰਦਾ ਹੈ। ਕਨੂੰਨ ਤੋੜਨ ਵਾਲੇ ਨੂੰ ਪਕੜ ਕੇ ਅਦਾਲਤ ਵਿੱਚ ਪੇਸ਼ ਕਰਨਾ ਹੁੰਦਾ ਹੈ। ਅੱਗੇ ਜੱਜ ਕਨੂੰਨ ਅਨੁਸਾਰ ਉਸ ਨੂੰ ਬਣਦੀ ਸਜਾ ਸੁਣਾਉਂਦਾ ਹੈ ਤਾਂ ਕਿ ਅੱਗੇ ਤੋਂ ਸਮਾਜ ਵਿੱਚ ਕਨੂੰਨ ਤੋੜਨ ਵਾਲਿਆਂ ਨੂੰ ਠੱਲ੍ਹ ਪੈ ਸਕੇ। ਬੀਤੇ ਸਮੇਂ ਵਿੱਚ ਪੰਜਾਬ ਅੰਦਰ ਪੁਲੀਸ ਨੂੰ ਏਨੇ ਜ਼ਿਆਦਾ ਅਧਿਕਾਰ ਦੇ ਦਿੱਤੇ ਗਏ ਜਿਸ ਨਾਲ ਦਲੀਲ, ਅਪੀਲ ਜਾਂ ਵਕੀਲ ਦੀ ਕੋਈ ਜ਼ਰੂਰਤ ਹੀ ਨਹੀਂ ਰਹੀ ਗਈ ਸੀ। ਪੁਲੀਸ ਆਪ ਹੀ ਪਕੜ ਕੇ ਆਪ ਹੀ ਫੈਸਲੇ ਸਣਾਉਣ ਲੱਗ ਪਈ। ਸਟਾਰਾਂ ਦੀ ਦੌੜ ਲੱਗ ਪਈ। ਹੁਣ ਤਕ ਕੋਈ ਇਨਸਾਫ ਨਹੀਂ ਮਿਲਿਆ ।ਇਸ ਨਾਲ ਪੁਲੀਸ ਦਾ ਅਪਰਾਧੀਕਰਨ ਹੋਇਆ ਹੈ।ਦੋਸ਼ੀ ਪੁਲਿਸ ਮੁਲਾਜ਼ਮ ਹਾਲੇ ਵੀ ਖੁਲ੍ਹੇ ਤੁਰੇ ਫਿਰਦੇ ਹਨ। ਜ਼ਿਆਦਾਤਰ ਦੋਸ਼ੀਆਂ ਖਿਲਾਫ ਕਿਸੇ ਅਦਾਲਤ ਵਿੱਚ ਕੋਈ ਕਾਰਵਾਈ ਨਹੀਂ ਹੋਈ। 16 ਜਨਵਰੀ 1995 ਨੂੰ ਅਕਾਲੀ ਦਲ ਮਨੁਖੀ ਅਧਿਕਾਰ ਵਿੰਗ ਦੇ ਜਨਰਲ ਸਕਤਰ ਭਾਈ ਜਸਵੰਤ ਸਿੰਘ ਖਾਲੜਾ ਨੇ ਆਪਣੀ ਪੜਤਾਲੀਆ ਰਿਪੋਰਟ ਵਿਚ ਇਹ ਖੁਲਾਸਾ ਕੀਤਾ ਗਿਆ ਸੀ ਕਿ ਪੰਜਾਬ ਪੁਲੀਸ ਨੇ ਅੰਮ੍ਰਿਤਸਰ ਅਤੇ ਤਰਨ ਤਾਰਨ ਵਿਚ ਹਜ਼ਾਰਾਂ ਲਾਸ਼ਾਂ ਦਾ ਇਕਠਿਆਂ ਸਸਕਾਰ ਕੀਤਾ ਸੀ ।ਇਸ ਤੋਂ ਬਾਅਦ ਇਹ ਮਾਮਲਾ ਕਾਫੀ ਚਰਚਾ ਵਿਚ ਆ ਗਿਆ।ਇਸ ਪਿਛੋਂ 6 ਸਤੰਬਰ 1995 ਨੂੰ ਅੰਮ੍ਰਿਤਸਰ ਪੁਲਿਸ ਨੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਘਰੋਂ ਕੇ ਖਪਾ ਦਿੱਤਾ ਗਿਆ। ਇਸ ਮਗਰੋਂ 30 ਮਈ 2000 ਨੂੰ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਸੀਬੀਆਈ ਉਕਤ ਝੂਠੇ ਮੁਕਾਬਲਿਆਂ ਸਬੰਧੀ ਦੋਸ਼ੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। 22 ਅਕਤੂਬਰ 2001 ਨੂੰ ਦੋਸ਼ੀਆਂ ਦੇ ਖ਼ਿਲਾਫ਼ ਚਲਾਨ ਪੇਸ਼ ਕੀਤਾ ਗਿਆ।ਦੋ ਸਾਲਾਂ ਬਾਅਦ 2003 ਵਿਚ ਚਾਰ ਗਵਾਹ ਸਾਹਮਣੇ ਆਏ। ਇਸ ਕੇਸ ਦੇ ਨਿਪਟਾਰੇ ਤੋਂ ਬਾਅਦ ਇਹ ਗੱਲ ਪੂਰੀ ਤਰ੍ਹਾਂ ਸਿੱਧ ਹੋ ਗਈ ਹੈ ਕਿ ਪੰਜਾਬ ਵਿੱਚ ਹਜ਼ਾਰਾਂ ਸਿੱਖਾਂ ਨੂੰ ਇਸੇ ਤਰ੍ਹਾਂ ਝੂਠੇ ਪੁਲਿਸ ਮੁਕਾਬਲਿਆਂ ’ਚ ਮਾਰਿਆ ਗਿਆ ਹੈ। ਇਸ ਲਈ ਇਨਸਾਫ ਦਾ ਤਕਾਜ਼ਾ ਹੈ ਕਿ ਪੰਜਾਬ ਵਿੱਚ 1980 ਤੋਂ ਬਾਅਦ ਹੋਏ ਸਾਰੇ ਪੁਲਿਸ ਮੁਕਾਬਲਿਆਂ ਦੀ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਖਿਲਾਫ ਕਰੜੀ ਤੋਂ ਕਰੜੀ ਕਾਰਵਾਈ ਕੀਤੀ ਜਾਵੇ। ਜੇਲ੍ਹਾਂ ਵਿੱਚ ਸੜ ਰਹੇ ਨੌਜਵਾਨਾਂ ਦੀ ਰਿਹਾਈ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਬੀਤੇ ਦਿਨੀਂ ਭਿਖੀਵਿੰਡ ਵਿਖੇ ਦੋ ਨਿਹੰਗ ਸਿੰਘਾਂ ਨੂੰ ਖ਼ਤਮ ਕਰ ਦੇਣ ਦਾ ਦੁੱਖਦਾਇਕ ਵਰਤਾਰਾ ਵੀ ਉਸੇ ਸੋਚ ਵਿਚੋਂ ਨਿਕਲਿਆ ਹੋਇਆ ਹੈ । ਜੋ ਪੁਲਿਸ ਵੱਲੋਂ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਕੇ ਉਸਦੀ ਵਿਧਾਨਿਕ ਤੌਰ ਤੇ ਦੁਰਵਰਤੋਂ ਕਰਨ ਦੀ ਗੱਲ ਸਾਹਮਣੇ ਆਈ ਹੈ । ਜਿਥੇ ਇਹ ਜ਼ਾਬਰ ਵਰਤਾਰਾ ਅਤਿ ਨਿੰਦਣਯੋਗ ਹੈ, ਉਥੇ ਇਸ ਹੋਏ ਝੂਠੇ ਮੁਕਾਬਲੇ ਦੀ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਕਾਤਲ ਪੁਲਿਸ ਅਧਿਕਾਰੀਆਂ ਨੂੰ ਬਣਦੀ ਕਾਨੂੰਨੀ ਸਜ਼ਾ ਵੀ ਮਿਲ ਸਕੇ ਅਤੇ ਕੋਈ ਵੀ ਪੁਲਿਸ ਅਧਿਕਾਰੀ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਕੇ ਕਿਸੇ ਨਾਗਰਿਕ ਦੇ ਜਿ਼ੰਦਗੀ ਜਿਊਂਣ ਦੇ ਵਿਧਾਨਿਕ ਹੱਕ ਨੂੰ ਖੋਹ ਨਾ ਸਕੇ । 

ਕੈਪਟਨ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਪੁਲਿਸ ਨੂੰ ਇਸ ਤਰ੍ਹਾਂ ਕਿਸੇ ਦੀ ਵੀ ਜਾਨ ਲੈਣ ਦੀ ਹਕੂਮਤੀ ਖੁੱਲ੍ਹ ਨਾ ਦਿੱਤੀ ਜਾਵੇ । ਅਜਿਹੀਆ ਅਣਮਨੁੱਖੀ ਅਤੇ ਗੈਰ-ਵਿਧਾਨਿਕ ਕਾਰਵਾਈਆ ਹੀ ਕਿਸੇ ਸੂਬੇ, ਇਲਾਕੇ ਤੇ ਮੁਲਕ ਦੇ ਮਾਹੌਲ ਨੂੰ ਅਤਿ ਵਿਸਫੋਟਕ ਬਣਾਉਣ ਲਈ ਜਿ਼ੰਮੇਵਾਰ ਹੁੰਦੀਆ ਹਨ, ਨਾ ਕਿ ਜਨਤਾ ।