ਬਾਘਾ ਪੁਰਾਣਾ 'ਚ 'ਆਪ' ਵਲੋਂ ਕਿਸਾਨ ਮਹਾਂ ਸੰਮੇਲਨ ਕਰ ਕੇ ਵਜਾਇਆ ਚੋਣ ਡੰਕਾ

ਬਾਘਾ ਪੁਰਾਣਾ 'ਚ 'ਆਪ' ਵਲੋਂ ਕਿਸਾਨ ਮਹਾਂ ਸੰਮੇਲਨ ਕਰ ਕੇ ਵਜਾਇਆ ਚੋਣ ਡੰਕਾ

• ਪੰਜਾਬ 'ਚ ਸਰਕਾਰ ਬਣਨ 'ਤੇ ਦਿੱਲੀ ਵਾਲੀਆਂ ਸਹੂਲਤਾਂ ਅਤੇ ਨੌਕਰੀਆਂ ਦੇਵਾਂਗੇ-ਕੇਜਰੀਵਾਲ

• ਕਿਹਾ-ਖੇਤੀ ਕਾਨੂੰਨ ਰੱਦ ਹੋਣ ਤੱਕ ਚੈਨ ਨਾਲ ਨਹੀਂ ਬੈਠਾਂਗੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਬਾਘਾ ਪੁਰਾਣਾ-ਮੋਗਾ ਜ਼ਿਲ੍ਹੇ ਦੇ ਹਲਕਾ ਬਾਘਾ ਪੁਰਾਣਾ ਵਿਖੇ 'ਕਿਸਾਨ ਮਹਾਂ ਸੰਮੇਲਨ' ਦੇ ਨਾਂ ਹੇਠ ਵਿਸ਼ਾਲ ਰੈਲੀ ਕਰਕੇ ਆਪ ਪਾਰਟੀ ਨੇ  2022 ਦੀਆਂ ਚੋਣਾਂ ਦਾ ਡੰਕਾ ਵਜਾ ਦਿੱਤਾ ਹੈ, ਤੇ ਖੇਤੀ ਸਬੰਧੀ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨਾਲ ਤਨ, ਮਨ ਤੇ ਧਨ ਨਾਲ ਖੜ੍ਹਨ ਦਾ ਆਪਣਾ ਵਾਅਦਾ ਵੀ ਦੁਹਰਾਇਆ ਹੈ । ਅਰਵਿੰਦ ਕੇਜਰੀਵਾਲ ਤੇ ਸਮੁੱਚੀ ਲੀਡਰਸ਼ਿਪ ਨੇ 282 ਕਿਸਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ । ਰੈਲੀ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੇਸ਼ ਦਾ ਸਮੁੱਚਾ ਅੰਨਦਾਤਾ ਅੱਜ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿਥੇ ਉੱਠ ਖੜ੍ਹਾ ਹੋਇਆ ਹੈ, ਉਥੇ ਦੇਸ਼ ਦੇ ਲੱਖਾਂ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਆਪਣੇ ਹੱਕਾਂ ਖਾਤਰ ਸੰਘਰਸ਼ ਕਰ ਰਹੇ ਹਨ ।ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਇਸ ਕਿਸਾਨ ਸੰਘਰਸ਼ ਦਾ ਸਮਰਥਨ ਹੀ ਨਹੀਂ ਕੀਤਾ, ਬਲਕਿ ਇਸ ਅੰਦੋਲਨ ਦਾ ਹਿੱਸਾ ਬਣ ਕੇ ਇਕ ਸੇਵਾਦਾਰ ਵਜੋਂ ਕਿਸਾਨਾਂ ਦੀ ਸੇਵਾ ਕੀਤੀ ਹੈ । ਕੇਜਰੀਵਾਲ ਨੇ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਨੂੰ ਦਬਾਉਣ ਲਈ ਮੋਦੀ ਸਰਕਾਰ ਵਲੋਂ ਬਹੁਤ ਵੱਡੀ ਚਾਲ ਚੱਲੀ ਗਈ ਸੀ ਤੇ ਉਨ੍ਹਾਂ 'ਤੇ ਦਿੱਲੀ ਦੇ ਸਟੇਡੀਅਮਾਂ ਨੂੰ ਜੇਲ੍ਹਾਂ 'ਚ ਤਬਦੀਲ ਕਰਨ ਲਈ ਬਹੁਤ ਦਬਾਅ ਪਾਇਆ ਗਿਆ ਸੀ ਪਰ ਮੈਂ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਜਾਇਜ਼ ਹੈ ਤੇ ਅਸੀਂ ਕਿਸਾਨਾਂ ਨੂੰ ਸਟੇਡੀਅਮਾਂ ਨੂੰ ਜੇਲ੍ਹ ਬਣਾ ਕੇ ਤਾੜਨ ਨਹੀਂ ਦਿਆਂਗੇ । ਇਸ ਲਈ ਮੈਂ ਦਿੱਲੀ ਪੁਲਿਸ ਵਲੋਂ ਭੇਜੀ ਗਈ ਫਾਈਲ ਨੂੰ ਨਾਮਨਜੂਰ ਕਰਕੇ ਵਾਪਸ ਭੇਜ ਦਿੱਤਾ । ਕੇਜਰੀਵਾਲ ਨੇ ਸਪਸ਼ਟ ਕੀਤਾ ਕਿ  ਪੰਜਾਬ ਦੇ ਕਿਸਾਨਾਂ ਨੇ ਸਮੁੱਚੇ ਦੇਸ਼ ਨੂੰ ਇਕ ਨਵੀਂ ਰਾਹ ਵਿਖਾਈ ਹੈ ।   ਉਹ ਪੰਜਾਬ ਦੇ ਲੋਕਾਂ ਨੂੰ ਇਸ ਲਈ ਸਲਾਮ ਕਰਨ ਆਏ ਹਨ, ਕਿਉਂਕਿ ਜਦੋਂ ਵੀ ਦੇਸ਼ 'ਤੇ ਕੋਈ ਮੁਸੀਬਤ ਆਈ ਹੈ, ਪੰਜਾਬ ਦੇ ਲੋਕਾਂ ਨੇ ਹਮੇਸ਼ਾ ਅੱਗੇ ਹੋ ਕੇ ਲੜਾਈ ਲੜੀ ਹੈ । ਮੋਦੀ ਸਰਕਾਰ ਨੂੰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨਣ ਲਈ ਝੁਕਣਾ ਪਵੇਗਾ । ਉਨ੍ਹਾਂ ਇਸ ਮੌਕੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਵੀ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ 2017 ਦੀਆਂ ਚੋਣਾਂ 'ਚ ਵਾਅਦੇ ਕੀਤੇ ਸਨ, ਉਨ੍ਹਾਂ 'ਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ , ਜਦੋਂਕਿ ਦਿੱਲੀ 'ਚ ਅਸੀਂ ਚੋਣਾਂ ਤੋਂ ਪਹਿਲਾਂ ਜੋ ਵਾਅਦੇ ਲੋਕਾਂ ਨਾਲ ਕੀਤੇ ਸਨ, ਉਹ ਇੰਨ-ਬਿੰਨ ਪੂਰੇ ਕੀਤੇ ਹਨ । ਅਖੀਰ 'ਚ ਉਨ੍ਹਾਂ ਕਿਹਾ ਕਿ ਇਕ ਸਾਲ ਦੇ ਅੰਦਰ ਆਪ ਸਭ ਮਿਲ ਕੇ ਪਿੰਡ-ਪਿੰਡ, ਗਲੀ-ਗਲੀ, ਮੁਹੱਲੇ-ਮੁਹੱਲੇ 'ਚ ਜਾ ਕੇ ਇਕ ਨਵੇਂ ਪੰਜਾਬ ਦਾ ਸੁਪਨਾ ਤਿਆਰ ਕਰਾਂਗੇ ਤੇ ਇਕ ਅਜਿਹਾ ਪੰਜਾਬ ਬਣਾਉਣਾ ਹੈ, ਜਿਸ 'ਚ ਕਿਸਾਨ, ਵਪਾਰੀ ਤੇ ਹਰ ਵਿਅਕਤੀ ਖ਼ੁਸ਼ ਹੋਵੇ ।ਇਸ ਲਈ ਦਿੱਲੀ ਵਰਗੀਆਂ ਸਹੂਲਤਾਂ ਲੈਣ ਲਈ ਪੰਜਾਬ ਦੇ ਲੋਕ ਇਕ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ ਤੇ ਅਸੀਂ ਸਭ ਵਾਅਦੇ ਪੂਰੇ ਕਰਕੇ ਵਿਖਾਵਾਂਗੇ ।

ਇਸ ਮੌਕੇ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ, ਹਰਪਾਲ ਸਿੰਘ ਚੀਮਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ 'ਆਪ' ਦੇ ਪੰਜਾਬ ਇੰਚਾਰਜ ਜਰਨੈਲ ਸਿੰਘ, ਵਿਰੋਧੀ ਧਿਰ ਦੀ ਉਪ ਨੇਤਾ ਤੇ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਅਮਨ ਅਰੋੜਾ, ਵਿਧਾਇਕ ਮੀਤ ਹੇਅਰ, ਵਿਧਾਇਕਾ ਪ੍ਰੋ: ਬਲਜਿੰਦਰ ਕੌਰ, ਵਿਧਾਇਕਾ ਰੁਪਿੰਦਰ ਕੌਰ ਰੂਬੀ, ਆਦਿ ਨੇ ਸੰਬੋਧਨ ਕੀਤਾ।