ਅਸਾਮ ਦੇ  ਕਿਸਾਨ ਆਗੂ  ਗੋਗੋਈ ਨੇ ਐੱਨ ਆਈ ਏ ਦੇ ਲਗਾਏ ਦੋਸ਼ 

ਅਸਾਮ ਦੇ  ਕਿਸਾਨ ਆਗੂ  ਗੋਗੋਈ ਨੇ ਐੱਨ ਆਈ ਏ ਦੇ ਲਗਾਏ ਦੋਸ਼ 

ਅੰਮ੍ਰਿਤਸਰ ਟਾਈਮਜ਼ ਬਿਊਰੋ

     *3-4 ਡਿਗਰੀ ਸੈਲਸੀਅਸ ਦੀ ਸਰਦੀ ਵਿੱਚ ਫਰਸ਼ ਉਤੇ ਸੌਣ ਲਈ ਮਜਬੂਰ ਕੀਤਾ               

     *ਐੱਨ ਆਈ ਏ  ਨੇ  ਆਰ ਐੱਸ ਐੱਸ ਵਿੱਚ ਸ਼ਾਮਲ ਹੋਣ 'ਤੇ  ਜ਼ਮਾਨਤ ਦੇਣ ਦਾ ਪ੍ਰਸਤਾਵ ਦਿੱਤਾ 

      *ਭਾਜਪਾ ਵਿੱਚ ਸ਼ਾਮਲ ਹੋਣ ਤੇ  ਵਿਧਾਨ ਸਭਾ ਦੀ ਸੀਟ ਤੋਂ ਚੋਣ ਲੜਨ ਦਾ ਪ੍ਰਸਤਾਵ ਦਿਤਾ                  

     * ਸਾਰੇ ਪ੍ਰਸਤਾਵ ਠੁਕਰਾਉਣ ਕਾਰਣ  ਉਸ ਉਪਰ ਬਗਾਵਤ ਦੇ ਕੇਸ ਦਰਜ ਕੀਤੇ                                                    ਜੋਰਹਾਟ : ਅਸਾਮ ਦੇ ਸਮਾਜਿਕ ਕਾਰਕੁੰਨ ਤੇ ਕਿਸਾਨ ਆਗੂ ਅਖਿਲ ਗੋਗੋਈ ਨੇ ਬੀਤੇ ਦਿਨੀਂ ਜੇਲ੍ਹ ਵਿੱਚੋਂ ਭੇਜੀ ਇੱਕ ਲੰਮੀ ਚਿੱਠੀ ਰਾਹੀਂ ਕੌਮੀ ਜਾਂਚ ਏਜੰਸੀ (ਐੱਨ ਆਈ ਏ) ਦੀ ਹਨੇਰਗਰਦੀ ਬਾਰੇ ਜਿਹੜੇ ਵੇਰਵੇ ਪੇਸ਼ ਕੀਤੇ ਹਨ, ਉਹ ਰੌਂਗਟੇ ਖੜ੍ਹੇ ਕਰਨ ਵਾਲੇ ਹਨ । ਅਖਿਲ ਗੋਗੋਈ ਦੁਆਰਾ ਬਣਾਈ ਗਈ ਨਵੀਂ ਪਾਰਟੀ ਰਾਏਜੋਰ ਦਲ ਵੱਲੋਂ ਜਾਰੀ ਚਿੱਠੀ ਵਿੱਚ ਦੋਸ਼ ਲਾਇਆ ਗਿਆ ਹੈ ਕਿ ਗੋਗੋਈ ਨੂੰ ਅਦਾਲਤ ਦੀ ਮਨਜ਼ੂਰੀ ਤੋਂ ਬਿਨਾਂ 18 ਦਸੰਬਰ 2019 ਨੂੰ ਦਿੱਲੀ ਲਿਜਾਇਆ ਗਿਆ। ਉਸ ਨੂੰ ਕੌਮੀ ਜਾਂਚ ਏਜੰਸੀ ਦੇ ਹੈੱਡਕੁਆਟਰ ਵਿੱਚ ਹਵਾਲਾਤ ਨੰ: ਇੱਕ ਵਿੱਚ ਰੱਖਿਆ ਗਿਆ । ਉਸ ਨੂੰ 3-4 ਡਿਗਰੀ ਸੈਲਸੀਅਸ ਦੀ ਸਰਦੀ ਵਿੱਚ ਫਰਸ਼ ਉਤੇ ਸੌਣ ਲਈ ਮਜਬੂਰ ਕੀਤਾ ਗਿਆ ਤੇ ਸਿਰਫ਼ ਇੱਕ ਗੰਦਾ ਕੰਬਲ ਦਿੱਤਾ ਗਿਆ ।

ਗੋਗੋਈ ਨੇ ਕਿਹਾ ਕਿ ਐੱਨ ਆਈ ਏ ਅਧਿਕਾਰੀਆਂ ਨੇ ਪੁੱਛ-ਪੜਤਾਲ ਦੌਰਾਨ ਉਸ ਨੂੰ ਆਰ ਐੱਸ ਐੱਸ ਵਿੱਚ ਸ਼ਾਮਲ ਹੋਣ 'ਤੇ ਤੁਰੰਤ ਜ਼ਮਾਨਤ ਦੇਣ ਦਾ ਪ੍ਰਸਤਾਵ ਦਿੱਤਾ । ਉਸ ਨੇ ਕਿਹਾ ਕਿ ਜਦੋਂ ਉਸ ਨੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਤਾਂ ਅਧਿਕਾਰੀਆਂ ਨੇ ਕਿਹਾ ਕਿ ਉਹ ਭਾਜਪਾ ਵਿੱਚ ਸ਼ਾਮਲ ਹੋ ਜਾਵੇ ਤਾਂ ਕਿਸੇ ਖਾਲੀ ਹੋਈ ਵਿਧਾਨ ਸਭਾ ਦੀ ਸੀਟ ਤੋਂ ਚੋਣ ਲੜ ਕੇ ਉਹ ਮੰਤਰੀ ਬਣ ਸਕਦਾ ਹੈ ।

ਗੋਗੋਈ ਨੇ ਇਹ ਵੀ ਦੋਸ਼ ਲਾਇਆ ਹੈ ਕਿ ਅਧਿਕਾਰੀਆਂ ਨੇ ਉਸ ਨੂੰ ਇਹ ਵੀ ਕਿਹਾ ਕਿ ਉਹ ਆਪਣੀ ਜਥੇਬੰਦੀ ਕ੍ਰਿਸ਼ਕ ਮੁਕਤੀ ਸੰਗਰਾਮ ਸਮਿਤੀ ਛੱਡ ਕੇ ਇੱਕ ਐੱਨ ਜੀ ਓ ਬਣਾ ਲਵੇ, ਜਿਹੜੀ ਹਿੰਦੂਆਂ ਵੱਲੋਂ ਧਰਮ ਬਦਲ ਕੇ ਇਸਾਈ ਬਣ ਜਾਣ ਵਿਰੁੱਧ ਕੰਮ ਕਰੇ ।ਇਸ ਗੈਰ ਸਰਕਾਰੀ ਸੰਸਥਾ ਨੂੰ ਸ਼ੁਰੂ ਕਰਨ ਲਈ ਉਸ ਨੂੰ 20 ਕਰੋੜ ਰੁਪਏ ਦਿੱਤੇ ਜਾਣਗੇ । ਅਧਿਕਾਰੀਆਂ ਨੇ ਇਸ ਸੰਬੰਧੀ ਉਸ ਦੀ ਮੁਲਾਕਾਤ ਅਸਾਮ ਦੇ ਮੁੱਖ ਮੰਤਰੀ ਨਾਲ ਕਰਾਉਣ ਦਾ ਵੀ ਪ੍ਰਸਤਾਵ ਦਿੱਤਾ ।

ਗੋਗੋਈ ਨੇ ਕਿਹਾ ਕਿ ਜਦੋਂ ਉਸ ਨੇ ਸਾਰੇ ਪ੍ਰਸਤਾਵ ਠੁਕਰਾ ਦਿੱਤੇ ਤਾਂ ਉਨ੍ਹਾਂ ਉਸ ਨੂੰ ਬਗਾਵਤੀ ਨਾਗਰਿਕ ਕਰਾਰ ਦੇ ਕੇ ਉਸ ਵਿਰੁੱਧ ਸਖ਼ਤ ਧਾਰਾਵਾਂ ਵਿੱਚ ਕੇਸ ਦਰਜ ਕਰ ਲਏ । ਉਨ੍ਹਾ ਇਹ ਵੀ ਕਿਹਾ ਕਿ ਅਧਿਕਾਰੀਆਂ ਨੇ ਉਸ ਨੂੰ ਗੰਭੀਰ ਸਿੱਟੇ ਭੁਗਤਣ, ਇੱਥੋਂ ਤੱਕ ਕਿ ਜਾਨੋਂ ਮਾਰ ਦੇਣ ਦੀ ਧਮਕੀ ਵੀ ਦਿੱਤੀ । ਏਨੇ ਸਰੀਰਕ ਤੇ ਮਾਨਸਿਕ ਕਸ਼ਟ ਸਹਿਣ ਕਾਰਨ 20 ਦਸੰਬਰ ਨੂੰ ਉਸ ਦੀ ਸਿਹਤ ਵਿਗੜ ਗਈ ।

ਅਖਿਲ ਗੋਗੋਈ ਨੂੰ ਨਾਗਰਿਕ ਸੋਧ ਕਾਨੂੰਨ ਵਿਰੁੱਧ ਮੁਜ਼ਾਹਰੇ ਕਰਨ ਕਾਰਨ 12 ਦਸੰਬਰ 2019 ਨੂੰ ਜੋਰਹਾਟ ਤੋਂ ਗਿ੍ਫ਼ਤਾਰ ਕੀਤਾ ਗਿਆ ਸੀ । ਇਸ ਤੋਂ ਅਗਲੇ ਦਿਨ ਉਸ ਦੇ ਤਿੰਨ ਸਾਥੀਆਂ ਨੂੰ ਵੀ ਫੜ ਲਿਆ ਗਿਆ ਸੀ । ਅਗਲੇ ਦਿਨ ਹੀ ਅਸਾਮ ਪੁਲਸ ਨੇ ਉਸ ਵਿਰੁੱਧ ਰਾਜਧ੍ਰੋਹ ਦਾ ਮੁਕੱਦਮਾ ਦਰਜ ਕਰ ਲਿਆ ਸੀ । 14 ਦਸੰਬਰ ਨੂੰ ਇਹ ਕੇਸ ਐੱਨ ਆਈ ਏ ਕੋਲ ਪਹੁੰਚ ਗਿਆ ਸੀ । ਏਜੰਸੀ ਨੇ ਦੋਸ਼ ਲਾਇਆ ਸੀ ਕਿ ਗੋਗੋਈ ਤੇ ਉਸ ਦੇ ਸਾਥੀਆਂ ਨੇ ਸਰਕਾਰ ਵਿਰੁੱਧ ਨਫ਼ਰਤ ਫੈਲਾਉਣ ਦਾ ਕੰਮ ਕੀਤਾ ਹੈ । ਗੋਗੋਈ ਵਿਰੁੱਧ ਅਸਾਮ ਪੁਲਸ ਨੇ 12 ਕੇਸ ਦਰਜ ਕੀਤੇ ਹਨ, ਜਿਨ੍ਹਾਂ ਵਿੱਚੋਂ ਤਿੰਨ ਵਿੱਚ ਉਸ ਨੂੰ ਜ਼ਮਾਨਤ ਮਿਲ ਚੁੱਕੀ ਹੈ ।

ਮਨੁੱਖੀ ਅਧਿਕਾਰ ਸੰਗਠਨਾਂ ਦਾ ਕਹਿਣਾ ਹੈ ਕਿ ਚਿੱਠੀ ਵਿੱਚ ਲਾਏ ਦੋਸ਼ਾਂ ਤੋਂ ਸਪੱਸ਼ਟ ਹੈ ਕਿ ਮੋਦੀ ਸਰਕਾਰ ਤਾਨਾਸ਼ਾਹੀ ਦੀ ਨੀਤੀ ਅਪਨਾ ਰਹੀ ਹੈ।