ਦਿੱਲੀ ਗੁਰਦੁਆਰਾ ਕਮੇਟੀ ਵਲੋਂ ਸ਼ਿਕਾਇਤ ਦਰਜ, ਮਾਮਲਾ ਯੂ. ਪੀ. 'ਚ ਸਾਬਕਾ ਸਿੱਖ ਫ਼ੌਜੀ ਨਾਲ ਕੁੱਟਮਾਰ ਦਾ

  ਦਿੱਲੀ ਗੁਰਦੁਆਰਾ ਕਮੇਟੀ ਵਲੋਂ ਸ਼ਿਕਾਇਤ ਦਰਜ, ਮਾਮਲਾ ਯੂ. ਪੀ. 'ਚ ਸਾਬਕਾ ਸਿੱਖ ਫ਼ੌਜੀ ਨਾਲ ਕੁੱਟਮਾਰ ਦਾ

  ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ-ਇਕ ਸਾਬਕਾ ਸਿੱਖ ਫ਼ੌਜੀ ਅਧਿਕਾਰੀ ਦੀ ਪੁਲਿਸ ਹਿਰਾਸਤ ਵਿਚ ਕੁੱਟਮਾਰ ਤੇ ਧਰਮ ਦੇ ਅਪਮਾਨ ਲਈ ਦਿੱਲੀ  ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੂ. ਪੀ. ਪੁਲਿਸ ਤੇ ਪੀਲੀਭੀਤ ਪ੍ਰਸ਼ਾਸਨ ਦੇ ਖ਼ਿਲਾਫ਼ ਫ਼ੌਜਦਾਰੀ ਸ਼ਿਕਾਇਤ ਦਰਜ ਕਰਵਾਈ ਹੈ । ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕਿਸੇ ਰਿਸ਼ਤੇਦਾਰ ਦੇ ਅੰਤਿਮ ਸਸਕਾਰ 'ਚ ਸ਼ਾਮਿਲ ਹੋਣ ਜਾ ਰਹੇ ਸਾਬਕਾ ਸਿੱਖ ਫ਼ੌਜੀ ਰੇਸ਼ਮ ਸਿੰਘ ਨੂੰ ਪੀਲੀਭੀਤ ਪੁਲਿਸ ਨੇ ਨਾਕੇ 'ਤੇ ਰੋਕਿਆ ਅਤੇ ਜਦੋਂ ਉਹ ਪੁਲਿਸ ਨੂੰ ਵਿਖਾਉਣ ਲਈ ਗੱਡੀ 'ਚੋਂ ਕਾਗ਼ਜ਼ ਕੱਢ ਰਿਹਾ ਸੀ ਤਾਂ ਪੁਲਿਸ ਵਲੋਂ ਰੇਸ਼ਮ ਸਿੰਘ ਨਾਲ ਕੁੱਟਮਾਰ ਤੇ ਵਧੀਕੀਆਂ ਕੀਤੀਆਂ ਗਈਆਂ । ਉਸ ਨੂੰ ਥਾਣੇ 'ਚ ਲਿਜਾ ਕੇ ਤਸ਼ੱਦਦ ਕਰਨ ਦੇ ਨਾਲ ਉਸ ਦੀ ਧਾਰਮਿਕ ਭਾਵਨਾ ਦਾ ਵੀ ਅਪਮਾਨ ਕੀਤਾ । ਸਿਰਸਾ ਨੇ ਦੱਸਿਆ ਕਿ ਦਿੱਲੀ ਕਮੇਟੀ ਵਲੋਂ ਯੂ. ਪੀ. ਦੇ ਮੁੱਖ ਮੰਤਰੀ, ਕੇਂਦਰੀ ਗ੍ਰਹਿ ਸਕੱਤਰ ਤੇ ਡੀ.ਜੀ.ਪੀ. ਯੂ. ਪੀ. ਨੂੰ ਫ਼ੌਜਦਾਰੀ ਸ਼ਿਕਾਇਤ ਭੇਜੀ ਹੈ ਅਤੇ ਦੋਸ਼ੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ |