ਚੀਨੀ ਰਾਕਟ ਪੁਲਾੜ 'ਚ ਹੋੋਇਆ ਬੇਕਾਬੂ, ਧਰਤੀ 'ਤੇ ਮਚਾ ਸਕਦਾ ਹੈ ਤਬਾਹੀ   

ਚੀਨੀ ਰਾਕਟ ਪੁਲਾੜ 'ਚ ਹੋੋਇਆ ਬੇਕਾਬੂ, ਧਰਤੀ 'ਤੇ ਮਚਾ ਸਕਦਾ ਹੈ ਤਬਾਹੀ   

ਚਿੱਲੀ 'ਚ ਡਿੱਗਣ ਦੀ ਸੰਭਾਵਨਾ

ਏ ਟੀ ਬਿਊਰੋ

ਬੀਜਿੰਗ  : ਬੇਕਾਬੂ ਹੋ ਚੁੱਕੇ ਚੀਨੀ ਰਾਕਟ ਲਾਂਗਮਾਰਚ 5ਬੀ ਧਰਤੀ 'ਤੇ ਆਉਣ ਸਮੇਂ ਤਬਾਹੀ ਮਚਾ ਸਕਦਾ ਹੈ। ਇਸ ਬਾਰੇ ਕੌਮਾਂਤਰੀ ਪੱਧਰ 'ਤੇ ਚਿੰਤਾ ਪ੍ਰਗਟਾਈ ਜਾ ਰਹੀ ਹੈ।ਅਮਰੀਕੀ ਸਰਕਾਰ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ 21 ਟਨ ਦਾ ਇਹ ਰਾਕਟ ਅੱਠ ਮਈ ਦੇ ਆਸਪਾਸ ਕਦੇ ਵੀ ਧਰਤੀ ਦੇ ਵਾਤਾਵਰਨ 'ਚ ਪ੍ਰਵੇਸ਼ ਕਰ ਸਕਦਾ ਹੈ। ਅਮਰੀਕੀ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਇਸ ਰਾਕਟ ਦੇ ਵਾਤਾਵਰਨ 'ਚ ਮੁੜ ਤੋਂ ਪ੍ਰਵੇਸ਼ ਕਰਨ ਦੀ ਸੰਭਾਵਿਤ ਤਰੀਕ ਦੱਸਦੇ ਹੋਏ ਕਿਹਾ ਕਿ ਫਿਲਹਾਲ ਇਹ ਦੱਸਣਾ ਮੁਸ਼ਕਲ ਹੈ ਕਿ ਇਹ ਧਰਤੀ ਦੇ ਵਾਤਾਵਰਨ 'ਚ ਕਿਸ ਇਲਾਕੇ 'ਚ ਪ੍ਰਵੇਸ਼ ਕਰੇਗਾ। ਸਪੇਸ ਟਰੈਕ 'ਤੇ ਇਸ ਰਾਕਟ ਦੀ ਸਥਿਤੀ ਬਾਰੇ ਨਿਯਮਤ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਬਾਰੇ ਜਿਵੇਂ-ਜਿਵੇਂ ਜਾਣਕਾਰੀ ਮਿਲ ਰਹੀ ਹੈ, ਸਰਕਾਰ ਉਸ ਨੂੰ ਮੁਹੱਈਆ ਕਰਵਾਉਂਦੀ ਜਾ ਰਹੀ ਹੈ। ਕਈ ਹੋਰ ਸੈਟੇਲਾਈਟ ਟਰੈਕਰਸ ਨੇ ਵੀ 100 ਫੁੱਟ ਲੰਬੇ ਅਤੇ 16 ਫੁੱਟ ਚੌੜੇ ਰਾਕਟ ਬਾਰੇ ਦੱਸਿਆ ਹੈ। ਇਸ ਨੂੰ 2021-035ਬੀ ਨਾਂ ਦਿੱਤਾ ਗਿਆ ਹੈ। ਇਹ ਪ੍ਰਤੀ ਸੈਕਿੰਡ ਚਾਰ ਮੀਲ ਦੀ ਰਫ਼ਤਾਰ ਨਾਲ ਯਾਤਰਾ ਕਰ ਰਿਹਾ ਹੈ।

ਅਮਰੀਕਾ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਮਾਈਕ ਹਾਵਰਡ ਨੇ ਕਿਹਾ ਕਿ ਅਮਰੀਕੀ ਸਪੇਸ ਕਮਾਂਡ ਦੀ ਨਿਗਰਾਨੀ 'ਚ ਇਹ ਮਾਮਲਾ ਹੈ। ਚਾਈਨੀਜ਼ ਰਾਕਟ ਦੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਨਿਊਯਾਰਕ ਜਾਂ ਮੈਡਿ੍ਡ ਤੋਂ ਲੈ ਕੇ ਚਿਲੀ ਵਿਚਾਲੇ ਕਿਤੇ ਵੀ ਡਿੱਗਣ ਦਾ ਖ਼ਦਸ਼ਾ ਹੈ। ਹਾਲਾਂਕਿ ਇਹ ਸਟੀਕ ਮੁਲਾਂਕਣ ਨਹੀਂ ਹੈ। ਧਰਤੀ ਦੇ ਵਾਤਾਵਰਨ 'ਚ ਇਸ ਦੇ ਦੁਬਾਰਾ ਆਉਣ ਦੇ ਕੁਝ ਘੰਟੇ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਇਹ ਕਿਸ ਜਗ੍ਹਾ ਡਿੱਗੇਗਾ। ਪਿਛਲੇ ਹਫ਼ਤੇ ਪੁਲਾੜ 'ਚ ਚੀਨ ਦੇ ਸਪੇਸ ਸਟੇਸ਼ਨ ਦੇ ਪਹਿਲੇ ਬਿਲਡਿੰਗ ਬਲਾਕ ਤਿਆਨਹੇ ਨੂੰ ਭੇਜਣ ਲਈ ਲਾਂਗਮਾਰਚ 5ਬੀ ਦੀ ਵਰਤੋਂ ਕੀਤੀ ਗਈ ਸੀ। ਤਿਆਨਹੇ ਨੂੰ ਚੀਨ ਦੇ ਹੈਨਾਨ ਸੂਬੇ ਸਥਿਤ ਸੈਂਟਰ ਤੋਂ ਲਾਂਗਮਾਰਚ 5ਬੀ ਜ਼ਰੀਏ 29 ਅਪ੍ਰਰੈਲ ਨੂੰ ਲਾਂਚ ਕੀਤਾ ਗਿਆ ਸੀ। ਇਹ ਚੀਨ ਦਾ ਸਭ ਤੋਂ ਵੱਡਾ ਕਰੀਅਰ ਰਾਕਟ ਹੈ। ਉਧਰ, ਚੀਨ ਨੇ ਇਸ ਖ਼ਦਸ਼ੇ ਤੋਂ ਇਨਕਾਰ ਕੀਤਾ ਹੈ ਤੇ ਉਸ ਦਾ ਕਹਿਣ ਹੈ ਕਿ ਇਹ ਸਮੁੰਦਰੀ ਹਿੱਸੇ 'ਚ ਹੀ ਡਿੱਗੇਗਾ ਅਤੇ ਇਸ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ।