ਮੈਂ ਖੁਦਕੁਸ਼ੀ ਦੀ ਕੋਸ਼ਿਸ਼ ਨਹੀਂ ਕੀਤੀ, ਪੁਲਸ ਤਸ਼ੱਦਦ ਕਰਦੀ ਹੈ ਮੇਰੇ 'ਤੇ: ਨੀਟਾ ਦਿਓਲ

ਮੈਂ ਖੁਦਕੁਸ਼ੀ ਦੀ ਕੋਸ਼ਿਸ਼ ਨਹੀਂ ਕੀਤੀ, ਪੁਲਸ ਤਸ਼ੱਦਦ ਕਰਦੀ ਹੈ ਮੇਰੇ 'ਤੇ: ਨੀਟਾ ਦਿਓਲ

ਅੰਮ੍ਰਿਤਸਰ ਟਾਈਮਜ਼ ਬਿਊਰੋ
ਨਾਭਾ ਜੇਲ੍ਹ ਤੋੜਨ ਦੇ ਮਾਮਲੇ ਸਮੇਤ ਹੋਰ ਮਾਮਲਿਆਂ 'ਚ ਗ੍ਰਿਫਤਾਰ ਨੀਟਾ ਦਿਓਲ ਨੇ ਜੇਲ੍ਹ ਵਿਚ ਪੁਲਸ 'ਤੇ ਤਸ਼ੱਦਦ ਕਰਨ ਦਾ ਦੋਸ਼ ਲਾਇਆ ਹੈ। ਦੱਸ ਦਈਏ ਕਿ ਪਿਛਲੇ ਦਿਨੀਂ ਖਬਰਾਂ ਆਈਆਂ ਸਨ ਕਿ ਨੀਟੇ ਵੱਲੋਂ ਜੇਲ੍ਹ ਵਿਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਬੀਤੇ ਕੱਲ੍ਹ ਨੀਟੇ ਨੂੰ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਨਾਭਾ ਅਦਾਲਤ ਵਿਚ ਪੇਸ਼ ਕੀਤਾ ਗਿਆ।

ਪੇਸ਼ੀ ਮੌਕੇ ਪੁਲਸ ਨੇ ਨੀਟੇ ਨੂੰ ਬੁਲਟ ਪਰੂਫ ਜੈਕੇਟ ਪਵਾਈ ਹੋਈ ਸੀ। ਅਦਾਲਤ ਵਿੱਚ ਉਸ ਨੇ ਦੱਸਿਆ ਕਿ ਉਸ ਉੱਤੇ ਕੀਤੇ ਜਾ ਰਹੇ ਤਸ਼ੱਦਦ ਨੂੰ ਆਤਮ ਹੱਤਿਆ ਦੀ ਕੋਸ਼ਿਸ਼ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ ਵੱਲੋ ਪੇਸ਼ ਹੋਏ ਵਕੀਲ ਡਾ. ਸ਼ੈਲੀ ਸ਼ਰਮਾ ਨੇ ਅਦਾਲਤ ਵਿਚ ਜੇਲ੍ਹ ਦੇ ਕੈਮਰਿਆਂ ਦੀ ਰਿਕਾਰਡਿੰਗ ਸੰਭਾਲਣ ਦੀ ਮੰਗ ਕੀਤੀ ਹੈ। 

ਵਕੀਲ ਡਾ. ਸ਼ਰਮਾ ਨੇ ਦੋਸ਼ ਲਾਏ ਕਿ ਪੁਲੀਸ ਦੇ ਕੁਝ ਅਧਿਕਾਰੀਆਂ ਨੇ ਜੇਲ੍ਹ ਵਿਚ ਦਾਖਲ ਹੋ ਕੇ ਸ਼ਾਮ 7:30 ਵਜੇ ਦੇ ਕਰੀਬ ਨੀਟਾ ਦਿਓਲ ਨੂੰ ਬੰਨ੍ਹ ਕੇ ਕੁੱਟਿਆ ਅਤੇ ਬਾਅਦ ਵਿਚ ਖ਼ੁਦਕੁਸ਼ੀ ਦੀ ਕਹਾਣੀ ਘੜ੍ਹ ਦਿੱਤੀ। ਸੁਣਵਾਈ ਦੌਰਾਨ ਅਦਾਲਤ ਨੇ ਨੀਟੇ ਦੀ ਡਾਕਟਰੀ ਜਾਂਚ ਦੇ ਹੁਕਮ ਦੇ ਕੇ ਪ੍ਰਸ਼ਾਸਨ ਨੂੰ ਨੋਟਿਸ ਦਿੱਤਾ ਹੈ।