ਮਨੀਪੁਰ ਨੇ ਭਾਰਤ ਤੋਂ ਅਜ਼ਾਦੀ ਦਾ ਐਲਾਨ ਕੀਤਾ

ਮਨੀਪੁਰ ਨੇ ਭਾਰਤ ਤੋਂ ਅਜ਼ਾਦੀ ਦਾ ਐਲਾਨ ਕੀਤਾ
ਅਜ਼ਾਦੀ ਦੇ ਐਲਾਨਨਾਮੇ ਨੂੰ ਜਾਰੀ ਕਰਦੇ ਹੋਏ ਮਨੀਪੁਰ ਦੇ ਆਗੂ

ਲੰਡਨ: ਮਨੀਪੁਰ ਦੇ ਅਜ਼ਾਦੀ ਪਸੰਦ ਆਗੂਆਂ ਨੇ ਭਾਰਤ ਤੋਂ ਅਜ਼ਾਦੀ ਦਾ ਐਲਾਨ ਕਰ ਦਿੱਤਾ ਹੈ। ਇਹਨਾਂ ਆਗੂਆਂ ਨੇ ਕਿਹਾ ਕਿ ਉਹ ਬਰਤਾਨੀਆ ਤੋਂ ਆਪਣੀ ਸਰਕਾਰ ਚਲਾਉਣਗੇ।

ਮਨੀਪੁਰ 1949 ਵਿੱਚ ਭਾਰਤ ਦਾ ਹਿੱਸਾ ਬਣਿਆ ਸੀ। ਇਸ ਤੋਂ ਪਹਿਲਾਂ ਇਹ ਬਰਤਾਨੀਆ ਦੇ ਰਾਜ ਅਧੀਨ ਇੱਕ ਰਿਆਸਤ ਸੀ ਤੇ 1947 ਵਿੱਚ ਭਾਰਤ ਦੇ ਨਾਲ ਹੀ ਇਹ ਵੀ ਬਰਤਾਨੀਆ ਦੇ ਰਾਜ ਤੋਂ ਅਜ਼ਾਦ ਹੋਇਆ ਸੀ। ਪਰ 1949 ਵਿੱਚ ਭਾਰਤ ਅੰਦਰ ਰਲੇਵੇਂ ਤੋਂ ਬਾਅਦ ਇੱਥੇ ਫੇਰ ਭਾਰਤ ਖਿਲਾਫ ਅਜ਼ਾਦੀ ਸੰਘਰਸ਼ ਚੱਲਿਆ ਤੇ ਅੱਜ ਮਨੀਪੁਰ ਦੇ ਇਸ ਸੰਘਰਸ਼ ਨੂੰ ਚਲਾਉਣ ਵਾਲੇ ਆਗੂਆਂ ਨੇ ਭਾਰਤ ਤੋਂ ਵੱਖ ਹੋ ਕੇ ਆਪਣੀ ਅਜ਼ਾਦੀ ਦਾ ਐਲਾਨ ਕਰ ਦਿੱਤਾ ਹੈ।

ਨਵੀਂ ਐਲਾਨੀ ਗਈ ਮਨੀਪੁਰ ਸਟੇਟ ਕਾਉਂਸਲ ਦੇ ਵਿਦੇਸ਼ ਮਾਮਲਿਆਂ ਬਾਰੇ ਮਹਿਕਮੇ ਦੇ ਮੰਤਰੀ ਨਾਰੇਂਗਬਮ ਸਮਰਜੀਤ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਮਨੀਪੁਰ ਨੂੰ ਸੰਯੁਕਤ ਰਾਸ਼ਟਰ ਤੋਂ ਮਾਨਤਾ ਦਵਾਉਣ ਲਈ ਅਗਲੇ ਕਦਮ ਚੁੱਕੇਗੀ।



ਉਹਨਾਂ ਕਿਹਾ, "ਅਸੀਂ ਅੱਜ ਤੋਂ ਇੱਥੋਂ ਆਪਣੀ ਸਰਕਾਰ ਚਲਾਵਾਂਗੇ। ਅਸੀਂ ਦੁਨੀਆ ਦੇ ਦੇਸ਼ਾਂ ਤੋਂ ਆਪਣੇ ਦੇਸ਼ ਲਈ ਮਾਨਤਾ ਦਵਾਉਣ ਦੇ ਯਤਨ ਕਰਾਂਗੇ। ਅਸੀਂ ਆਸ ਕਰਦੇ ਹਾਂ ਕਿ ਦੁਨੀਆ ਦੇ ਕਈ ਦੇਸ਼ ਸਾਡੀ ਅਜ਼ਾਦੀ ਨੂੰ ਮਾਨਤਾ ਦੇਣਗੇ।"

ਮਨੀਪੁਰ ਭਾਰਤ ਦੇ ਪ੍ਰਬੰਧ ਅਧੀਨ ਸਭ ਤੋਂ ਛੋਟੇ ਸੂਬਿਆਂ ਵਿੱਚੋਂ ਇੱਕ ਹੈ ਜਿੱਥੇ ਦੀ ਕੁੱਲ ਅਭਾਦੀ 28 ਲੱਖ ਦੇ ਕਰੀਬ ਹੈ।

ਮਨੀਪੁਰ ਵਿੱਚ ਬੀਤੇ ਲੰਬੇ ਸਮੇਂ ਤੋਂ ਭਾਰਤ ਖਿਲਾਫ ਅਜ਼ਾਦੀ ਲਈ ਹਥਿਆਰਬੰਦ ਸੰਘਰਸ਼ ਚੱਲ ਰਿਹਾ ਹੈ ਜਿਸ ਨੂੰ ਦਬਾਉਣ ਲਈ ਵੱਡੀ ਗਿਣਤੀ ਵਿਚ ਭਾਰਤੀ ਫੌਜ ਤੈਨਾਤ ਕੀਤੀ ਗਈ ਹੈ। 

ਸਮਰਜੀਤ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਦੁਨੀਆ ਸਾਡੀ ਅਜ਼ਾਦੀ ਦਾ ਸਾਥ ਦਵੇਗੀ। ਉਹਨਾਂ ਕਿਹਾ, "ਅਸੀਂ ਭਾਰਤ ਵਿੱਚ ਅਜ਼ਾਦ ਨਹੀਂ ਹਾਂ ਅਤੇ ਸਾਡੇ ਇਤਿਹਾਸ ਨੂੰ ਵਿਗਾੜਿਆ ਜਾ ਰਿਹਾ ਹੈ, ਸਾਡੇ ਸੱਭਿਆਚਾਰ ਨੂੰ ਖਤਮ ਜਾ ਰਿਹਾ ਹੈ।" ਉਹਨਾਂ ਕਿਹਾ, "ਇਸ ਲਈ ਸੰਯੁਕਤ ਰਾਸ਼ਟਰ ਨੂੰ ਸਾਡੀ ਅਵਾਜ਼ ਸੁਣਨੀ ਚਾਹੀਦੀ ਹੈ...ਅਸੀਂ ਸਾਰੀ ਦੁਨੀਆ ਨੂੰ ਦੱਸਣਾ ਚਾਹੁੰਦੇ ਹਾਂ ਕਿ ਮਨੀਪੁਰ ਵਿੱਚ ਰਹਿ ਰਹੇ ਲੋਕ ਵੀ ਮਨੁੱਖ ਹਨ।"

ਦੱਸ ਦਈਏ ਕਿ ਭਾਰਤ ਨੇ ਅਫਸਪਾ ਵਰਗੇ ਕਾਲੇ ਕਾਨੂੰਨ ਲਾ ਕੇ ਮਨੀਪੁਰ ਵਿੱਚ ਮਨੁੱਖੀ ਹੱਕਾਂ ਦਾ ਵੱਡੇ ਪੱਧਰ 'ਤੇ ਘਾਣ ਕੀਤਾ ਜਿਸ ਖਿਲਾਫ ਇੱਕ ਵਾਰ ਮਨੀਪੁਰ ਦੀਆਂ ਔਰਤਾਂ ਵੱਲੋਂ ਦੁਨੀਆ ਦੀਆਂ ਅੱਖਾਂ ਖੋਲ੍ਹਣ ਲਈ ਨਗਨ ਹੋ ਕੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ ਸੀ। 

ਇਹ ਖ਼ਬਰ ਵੀ ਪੜ੍ਹੋ: ਨਾਗਿਆਂ ਨਾਲ ਭਾਰਤ ਦਾ ਸਮਝੌਤਾ ਲਟਕਿਆ; ਵੱਖਰੇ ਝੰਡੇ ਅਤੇ ਵੱਖਰੇ ਸੰਵਿਧਾਨ ਤੋਂ ਬਿਨ੍ਹਾਂ ਸਮਝੌਤਾ ਮੰਨਣ ਤੋਂ ਨਾਹ ਕੀਤੀ

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।