ਮਯਨਮਾਰ ਪ੍ਰਦਰਸ਼ਨਾਂ ਵਿਚ ਮੌਤਾਂ ਦਾ ਅੰਕੜਾ 50 ਤੋਂ ਪਾਰ ਹੋਇਆ

ਮਯਨਮਾਰ ਪ੍ਰਦਰਸ਼ਨਾਂ ਵਿਚ ਮੌਤਾਂ ਦਾ ਅੰਕੜਾ 50 ਤੋਂ ਪਾਰ ਹੋਇਆ

ਅੰਮ੍ਰਿਤਸਰ ਟਾਈਮਜ਼ ਬਿਊਰੋ  

ਮਯਨਮਾਰ ਵਿਚ ਫੌਜ ਵੱਲੋਂ ਸਰਕਾਰ ਨੂੰ ਲਾਂਭੇ ਕਰਕੇ ਸੱਤਾ 'ਤੇ ਕੀਤੇ ਕਬਜ਼ੇ ਖਿਲਾਫ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਵਿਚ ਹੁਣ ਤਕ 50 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੰਯੁਕਤ ਰਾਸ਼ਟਰ ਦਾ ਸੁਰੱਖਿਆ ਕੌਂਸਲ ਮਯਨਮਾਰ ਦੇ ਸਿਆਸੀ ਮਾਹੌਲ 'ਤੇ ਦੋਫਾੜ ਹੈ ਅਤੇ ਸੰਯੁਕਤ ਰਾਸ਼ਟਰ ਦੇ ਮਯਨਮਾਰ ਲਈ ਨਿਯੁਕਤ ਅਧਿਕਾਰੀ ਵੱਲੋਂ ਬਾਰ-ਬਾਰ ਕੀਤੀਆਂ ਅਪੀਲਾਂ ਦੇ ਬਾਵਜੂਦ ਵੀ ਲੋਕਤੰਤਰਕ ਪ੍ਰਣਾਲੀ ਸਥਾਪਤ ਕਰਨ ਲਈ ਕੋਈ ਸਾਂਝੀ ਕਾਰਵਾਈ ਦਾ ਫੈਂਸਲਾ ਨਹੀਂ ਹੋ ਸਕਿਆ।  

ਮਯਨਮਾਰ ਵਿਚ ਹੋਈਆਂ ਚੋਣਾਂ 'ਚ ਸਾਬਕਾ ਪ੍ਰਧਾਨ ਮੰਤਰੀ 'ਅੰਗ ਸਾਨ ਸੂ ਕਾਈ' ਦੀ ਪਾਰਟੀ 'ਨੈਸ਼ਨਲ ਲੀਗ ਫਾਰ ਡੈਮੋਕਰੇਸੀ' ਨੇ ਜਿੱਤ ਹਾਸਲ ਕੀਤੀ ਸੀ। ਪਰ ਸੈਨਾ ਗੁੱਟ ਤਤਮਾਦਾ ਨੂੰ ਵਿਰੋਧੀ ਧਿਰ 'ਚ ਬੈਠਣਾ ਮਨਜ਼ੂਰ ਨਾ ਹੋਇਆ ਤਾਂ ਉਹਨਾਂ ਨੇ ਇੱਕ ਫਰਵਰੀ ਨੂੰ ਚੋਣਾਂ ਵਿੱਚ ਧੋਖਾ-ਧੜੀ ਦਾ ਇਲਜ਼ਾਮ ਲਾ ਕੇ ਸਮੁੱਚਾ ਰਾਜ-ਪ੍ਰਬੰਧ ਆਪਣੇ ਹੱਥ ਲੈ ਲਿਆ। ਸੂ ਕਾਈ ਸਮੇਤ ਉਹਨਾਂ ਦੀ ਪਾਰਟੀ ਦੇ ਸਭ ਮਹੱਤਵਪੂਰਨ ਆਗੂਆਂ ਨੂੰ ਹਿਰਾਸਤ ਚ ਲੈ ਲਿਆ ਗਿਆ।  ਸਿੱਟੇ ਵਜੋਂ ਲੋਕਾਂ ਦਾ ਗੁੱਸਾ ਤਾਨਾਸ਼ਾਹੀ ਖਿਲਾਫ ਭੜਕ ਕੇ ਅੰਦੋਲਨ ਦਾ ਰੂਪ ਲੈ ਗਿਆ।  

ਲੋਕ ਸੜਕਾਂ 'ਤੇ ਪ੍ਰਦਰਸ਼ਨ ਕਰਦਿਆਂ ਅੰਗ ਸਾਨ ਸੂ ਕਾਈ ਨੂੰ ਰਿਹਾਅ ਕਰਨ ਦੀ ਮੰਗ ਕਰ ਰਹੇ ਹਨ। ਸੰਯੁਕਤ ਰਾਸ਼ਟਰ ਦੇ ਅਧਿਕਾਰੀ ਕਿਸ਼ਟੀਨ ਬਰਗਨਰ ਨੇ ਸੁਰੱਖਿਆ ਕਾਉਂਸਲ ਨੂੰ ਸਵਾਲ ਕੀਤਾ ਹੈ ਕਿ ਮਯਨਮਾਰ ਦੀ ਫੌਜ ਨੂੰ ਹੋਰ ਕਿੰਨਾ ਜ਼ੁਲਮ ਕਰਨ ਦਾ ਸਮਾਂ ਦਿੱਤਾ ਜਾਵੇਗਾ।   ਸੁਰੱਖਿਆ ਕਾਉਂਸਲ ਨੇ ਮਯਨਮਾਰ ਵਿਚ ਫੌਜੀ ਤਖਤਾ ਪਲਟ 'ਤੇ ਫਿਕਰਮੰਦੀ ਜ਼ਰੂਰ ਪ੍ਰਗਟਾਈ ਸੀ ਪਰ ਚੀਨ ਅਤੇ ਰੂਸ ਦੇ ਵਿਰੋਧ ਦੇ ਚਲਦਿਆਂ ਨਿੰਦਾ ਨਹੀਂ ਕੀਤੀ ਗਈ ਸੀ। 

ਮਯਨਮਾਰ ਵਿੱਚ ਹਿੰਸਾ ਤੇ ਰਾਜਸੀ ਗੜਬੜੀ ਕੋਈ ਨਵੀਂ ਗੱਲ ਨਹੀਂ ਹੈ। ਜ਼ਿਕਰਯੋਗ ਹੈ ਕਿ ਮਯਨਮਾਰ (ਬਰਮਾ), 1948 ਵਿੱਚ ਬ੍ਰਿਟਿਸ਼ ਹਕੂਮਤ ਤੋਂ ਅਜ਼ਾਦ ਹੋਇਆ, ਪਰ ਫਿਰ 1962 ਤੋਂ 2011 ਤੱਕ ਹਥਿਆਰਬੰਦ ਸੈਨਿਕ ਦਲਾਂ ਦਾ ਰਾਜ ਰਿਹਾ, ਜਿਸ ਵਿੱਚ 'ਤਤਮਾਦਾ' ਮੁੱਖ ਨਾਮ ਹੈ। 

'ਨੈਸ਼ਨਲ ਲੀਗ ਫਾਰ ਡੈਮੋਕਰੇਸੀ' ਦੀ ਨੇਤਾ 'ਅੰਗ ਸਾਨ ਸੂ ਕਾਈ' ਨੇ ਲੋਕਤੰਤਰ ਦੀ ਸਥਾਪਨਾ ਲਈ ਸੰਘਰਸ਼ ਸ਼ੁਰੂ ਕੀਤਾ ਸੀ, ਜਿਸ ਕਰਕੇ ਉਹ 1989 ਤੋਂ 2010 ਦੇ ਵਕਫੇ ਦੌਰਾਨ ਤਕਰੀਬਨ ਪੰਦਰਾਂ ਸਾਲ ਨਜ਼ਰਬੰਦ ਰਹੀ। ਇਸੇ ਦੌਰਾਨ ਉਸ ਨੂੰ 'ਨੋਬਲ ਪੁਰਸਕਾਰ' ਨਾਲ ਸਨਮਾਨਿਆ ਗਿਆ। ਅਖੀਰ 2011 ਵਿੱਚ ਫੌਜੀ ਰਾਜ ਖਤਮ ਹੋਇਆ ਤੇ 2015 ਵਿੱਚ ਪਹਿਲੀ ਵਾਰ ਆਪਣੀ ਪਾਰਟੀ ਨਾਲ ਸੂ ਕਾਈ ਨੇ ਚੋਣਾਂ ਜਿੱਤੀਆਂ।