ਕਿਸਾਨਾਂ ਵੱਲੋਂ ਦਿੱਲੀ ਦੇ ਘੇਰਾਬੰਦੀ ਦੇ 100 ਦਿਨ ਪੂਰੇ ਹੋਣ 'ਤੇ ਕੇਐਮਪੀ ਰੋਡ ਜਾਮ ਕੀਤਾ

ਕਿਸਾਨਾਂ ਵੱਲੋਂ ਦਿੱਲੀ ਦੇ ਘੇਰਾਬੰਦੀ ਦੇ 100 ਦਿਨ ਪੂਰੇ ਹੋਣ 'ਤੇ ਕੇਐਮਪੀ ਰੋਡ ਜਾਮ ਕੀਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਦੀਆਂ ਹੱਦਾਂ 'ਤੇ ਬੈਠੇ ਕਿਸਾਨਾਂ ਨੇ ਅੱਜ ਦਿੱਲੀ ਵਿਚ ਸੰਘਰਸ਼ ਦੇ 100 ਦਿਨ ਪੂਰੇ ਹੋਣ 'ਤੇ ਦਿੱਲੀ ਦੇ ਦੁਆਲੇ ਘੁੰਮਦੇ ਕੇਐਮਪੀ ਰਾਹ ਨੂੰ 5 ਘੰਟਿਆਂ ਲਈ ਜਾਮ ਕੀਤਾ। ਕਿਸਾਨਾਂ ਨੇ ਸਵੇਰੇ 11 ਵਜੇ 136 ਕਿਲੋਮੀਟਰ ਲੰਮੇ (ਕੁੰਡਲੀ-ਮਾਨੇਸਰ-ਪਲਵਲ) ਐਕਸਪ੍ਰੈੱਸਵੇਅ ਪਹੁੰਚ ਕੇ ਉਸ ਨੂੰ ਜਾਮ ਕਰ ਦਿੱਤਾ ਤੇ ਸ਼ਾਮ 4 ਵਜੇ ਤਕ ਜਾਮ ਰੱਖਿਆ। 

ਕਿਸਾਨਾਂ ਨੇ ਐਮਰਜੈਂਸੀ ਗੱਡੀਆਂ ਨੂੰ ਛੱਡ ਕੇ ਬਾਕੀ ਸਾਰੀਆਂ ਗੱਡੀਆਂ ਲਈ ਰਾਹ ਬੰਦ ਰੱਖਿਆ। ਪੁਲੀਸ ਦੀਆਂ ਚਾਰ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ । ਪੁਲੀਸ ਨੇ ਵਾਹਨ ਚਾਲਕਾਂ ਨੂੰ ਹੋਰ ਰੂਟਾਂ ਤੋਂ ਮੰਜ਼ਿਲ ਵੱਲ ਰਵਾਨਾ ਕੀਤਾ। ਮੁਰਥਲ ਤੋਂ ਵਾਹਨਾਂ ਨੂੰ ਸੋਨੀਪਤ ਭੇਜਿਆ ਗਿਆ।

ਪ੍ਰਦਰਸ਼ਨਕਾਰੀਆਂ ਵਿਚ ਵੱਡੀ ਗਿਣਤੀ ਬੀਬੀਆਂ ਵੀ ਸ਼ਾਮਲ ਸਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਜਦੋਂ ਤਕ ਸਰਕਾਰ ਤਿੰਨ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਉਹ ਸੰਘਰਸ਼ ਜਾਰੀ ਰੱਖਣਗੇ।