ਤਾਂਤਰਿਕ ਪਿੱਛੇ ਲੱਗ ਗਰਭਵਤੀ ਦਾ ਕਤਲ, ਬਲੇਡ ਨਾਲ ਕੁੱਖ ਪਾੜ ਕੱਢਿਆ ਬੱਚਾ

ਤਾਂਤਰਿਕ ਪਿੱਛੇ ਲੱਗ ਗਰਭਵਤੀ ਦਾ ਕਤਲ, ਬਲੇਡ ਨਾਲ ਕੁੱਖ ਪਾੜ ਕੱਢਿਆ ਬੱਚਾ
ਮ੍ਰਿਤਕ ਮਹਿਲਾ ਜਸਬੀਰ ਕੌਰ

ਬਟਾਲਾ: ਪਿੰਡ ਕਾਲ਼ੇ ਨੰਗਲ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬੇਔਲਾਦ ਔਰਤ ਤੇ ਉਸ ਨੇ ਪਰਿਵਾਰ ਨੇ ਤਾਂਤਰਿਕ ਮਹਿਲਾ ਪਿੱਛੇ ਲੱਗ ਕੇ ਇੱਕ ਗਰਭਵਤੀ ਔਰਤ ਤੇ ਉਸ ਦੇ ਪੇਟ ਵਿੱਚ ਪਲ ਰਹੇ ਸੱਤ ਮਹੀਨਿਆਂ ਦੇ ਬੱਚੇ ਦਾ ਕਤਲ ਕਰ ਦਿੱਤਾ। ਪੁਲਿਸ ਨੇ ਕਾਰਵਾਈ ਕਰਦਿਆਂ 9 ਮੁਲਜ਼ਮਾਂ ਵਿੱਚੋਂ ਮੁੱਖ ਮੁਲਜ਼ਮ ਔਰਤ ਰਵਿੰਦਰ ਕੌਰ ਤੇ ਤਾਂਤਰਿਕ ਔਰਤ ਦੇਵਾ ਸਮੇਤ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਾਕੀ ਪੰਜ ਜਣਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਡਿਊਟੀ ਮੈਜਿਸਟ੍ਰੇਟ ਦੀ ਨਿਗਰਾਨੀ 'ਚ ਦਫ਼ਨਾਏ ਗਏ ਬੱਚੇ ਦੀ ਲਾਸ਼ ਵੀ ਬਰਾਮਦ ਕਰ ਲਈ ਗਈ ਹੈ।

ਜਾਣਕਾਰੀ ਮੁਤਾਬਕ ਮੁਲਜ਼ਮ ਔਰਤ ਰਵਿੰਦਰ ਕੌਰ ਨੇ ਔਲਾਦ ਦੀ ਚਾਹ ਵਿੱਚ ਤਾਂਤਰਿਕ ਔਰਤ ਦੇਵਾ ਦੇ ਬਹਿਕਾਵੇ ਵਿੱਚ ਆ ਕੇ ਜਸਬੀਰ ਕੌਰ ਤੇ ਉਸ ਦੀ ਕੁੱਖ ਵਿਚਲੇ ਬੱਚੇ ਦਾ ਕਤਲ ਕਰ ਦਿੱਤਾ। ਮੁਲਜ਼ਮ ਨੇ ਮ੍ਰਿਤਕ ਔਰਤ ਦੀ ਕੁੱਖ ਨੂੰ ਬਲੇਡ ਨਾਲ ਪਾੜ ਕੇ ਬੱਚਾ ਬਾਹਰ ਕੱਢਿਆ ਪਰ ਬੱਚਾ ਮਰਿਆ ਹੋਇਆ ਦੇਖ ਕੇ ਉਸ ਨੇ ਬੱਚੇ ਦੀ ਲਾਸ਼ ਆਪਣੇ ਵਿਹੜੇ ਵਿੱਚ ਪੌੜੀਆਂ ਥੱਲੇ ਦੱਬ ਦਿੱਤੀ। ਮ੍ਰਿਤਕ ਔਰਤ ਜਸਬੀਰ ਕੌਰ ਦੀ ਲਾਸ਼ ਨੂੰ ਟਿਕਾਣੇ ਲਾਉਣ ਦੇ ਮਕਸਦ ਨਾਲ ਉਸ ਨੂੰ ਤਿੰਨ ਦਿਨਾਂ ਤਕ ਲੋਹੇ ਦੀ ਪੇਟੀ ਵਿੱਚ ਬੰਦ ਕਰਕੇ ਰੱਖਿਆ।

ਐਸਪੀ ਡੀ ਕੁਲਵੰਤ ਸਿੰਘ ਨੇ ਦੱਸਿਆ ਕਿ ਘਟਨਾ 27 ਤਾਰੀਖ਼ ਦੀ ਹੈ। ਮ੍ਰਿਤਕ ਔਰਤ ਜਸਬੀਰ ਕੌਰ ਆਪਣੇ ਘਰੋਂ ਨਿਕਲੀ ਤੇ ਵਾਪਸ ਨਹੀਂ ਆਈ। ਮੁਲਜ਼ਮ ਔਰਤ ਰਵਿੰਦਰ ਕੌਰ ਦੇ ਵਿਆਹ ਨੂੰ ਪੰਜ ਸਾਲ ਹੋ ਗਏ ਸੀ ਪਰ ਉਸ ਦੇ ਘਰ ਕੋਈ ਸੰਤਾਨ ਨਹੀਂ ਹੋ ਪਾਈ। ਔਲਾਦ ਪਾਉਣ ਲਈ ਰਵਿੰਦਰ ਕੌਰ ਤੇ ਉਸ ਦੇ ਸਹੁਰਿਆਂ ਨੇ ਤਾਂਤਰਿਕ ਦੇਵਾ ਨਾਲ ਸੰਪਰਕ ਕੀਤਾ। ਇਸ ਪਿੱਛੋਂ ਮੁਲਜ਼ਮਾਂ ਨੇ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ