ਮਿਸ਼ਨ 2024 ਪੰਜਾਬੀਆਂ ਨੂੰ ਪਲੋਸਣ ਲੱਗੀ ਭਾਜਪਾ

ਮਿਸ਼ਨ 2024 ਪੰਜਾਬੀਆਂ ਨੂੰ ਪਲੋਸਣ ਲੱਗੀ ਭਾਜਪਾ

*ਦਲਿਤ ਘਰਾਂ ਵਿੱਚ ਕੇਂਦਰੀ ਮੰਤਰੀ ਛਕ ਰਹੇ ਨੇ ਭੋਜਨ

*ਭਾਰਤੀ ਜਨਤਾ ਪਾਰਟੀ ਦੀ ਪੰਜਾਬ ਲੀਡਰਸ਼ਿਪ ਵਿਚ ਤਬਦੀਲੀ ਦੀ ਗੱਲ ਤੁਰੀ

ਭਾਜਪਾ ਦੀ ਕੇਂਦਰੀ ਲੀਡਰਸ਼ਿਪ ਹੁਣ ਪੰਜਾਬ ਨੂੰ ਪਲੋਸਣ ਦੇ ਰਾਹ ਪਈ ਹੈ ਅਤੇ ‘ਮਿਸ਼ਨ ਪੰਜਾਬ’ ਤਹਿਤ ਭਾਜਪਾ ਦਾ ਸਿੱਖ ਭਾਈਚਾਰੇ ਨਾਲ ਨੇੜਤਾ ਬਣਾਉਣ ਦਾ ਏਜੰਡਾ ਹੈ। ਇਸ ਸੰਬੰਧ ਵਿਚ ਇਕਬਾਲ ਸਿੰਘ ਲਾਲਪੁਰਾ ਨੂੰ ਕਮਾਂਡ ਦਿਤੀ ਹੈ।ਦਲਿਤ ਵਰਗ ਨੂੰ ਨਾਲ ਜੋੜਨਾ ਵੀ ਇਸੇ ਰਾਜਨੀਤੀ ਦਾ ਹਿੱਸਾ ਹੈ ਤਾਂ ਜੋ ਕਾਂਗਰਸ ਦਾ ਬਦਲ ਭਾਜਪਾ ਬਣ ਸਕੇ। ਇਥੇ ਜਿਕਰਯੋਗ ਹੈ ਕਿ ਕਾਂਗਰਸ ਤੇ ਬਾਦਲ ਦਲ  ਦਾ ਲੋਕ ਆਧਾਰ ਪੇਤਲਾ ਪੈ ਚੁਕਾ ਹੈ। ਭਾਜਪਾ ਤਰਫ਼ੋਂ ਪੰਜਾਬ ਵਿੱਚ 9 ਲੋਕ ਸਭਾ ਹਲਕੇ ਸ਼ਨਾਖ਼ਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਤਿੰਨ ਕੇਂਦਰੀ ਵਜ਼ੀਰਾਂ ਦੀ ਡਿਊਟੀ ਲਾਈ ਗਈ ਹੈ। ‘ਲੋਕ ਸਭਾ ਪਰਵਾਸ ਯੋਜਨਾ’ ਤਹਿਤ ਪੰਜਾਬ ਦੇ ਧਰਾਤਲ ’ਤੇ ਲੋਕਾਂ ਨਾਲ ਨੇੜਤਾ ਵਧਾਏ ਜਾਣ ਦੀ ਵਿਉਂਤਬੰਦੀ ਹੈ। ਸਿਖ ਭਾਈਚਾਰੇ ਦੀ ਨਾਰਾਜ਼ਗੀ ਦੂਰ ਕਰਨ ਤਹਿਤ ਗੁਪਤ ਏਜੰਡੇ ਵੀ ਉਲੀਕੇ ਗਏ ਹਨ।

ਭਾਰਤੀ ਜਨਤਾ ਪਾਰਟੀ ਦੀ ਪੰਜਾਬ ਲੀਡਰਸ਼ਿਪ ਵਿਚ ਤਬਦੀਲੀ ਦੀ ਗੱਲ ਚੱਲ ਰਹੀ ਹੈ ਜਿਸ ਤਹਿਤ ਕਾਂਗਰਸ ’ਚੋਂ ਆਏ ਚਿਹਰਿਆਂ ਨੂੰ ਭਾਜਪਾ ਦੇ ਸੰਗਠਨ ਵਿਚ ਥਾਂ ਦਿੱਤੀ ਜਾਣੀ ਹੈ। ਵੱਡਾ ਚਿਹਰਾ ਸੁਨੀਲ ਜਾਖੜ ਹਨ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸਿਆਸੀ ਵਜ਼ਨ ਦਿੰਦੇ ਹਨ। ਉਨ੍ਹਾਂ ਨੂੰ ਪ੍ਰਧਾਨ ਬਣਾਏ ਜਾਣ ਦੇ ਚਰਚੇ ਹਨ ਕਿਉਂਕਿ ਭਾਜਪਾ ਹਾਈਕਮਾਨ ਜਾਖੜ ਨੂੰ ਜਾਟ ਨੇਤਾ ਵਜੋਂ ਵੀ ਦੇਖਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਫੇਰੀ ਦੌਰਾਨ ਆਪਣੀ ਦਿਲ ਦੀ ਗੱਲ ਵੀ ਭਾਜਪਾ ਲੀਡਰਸ਼ਿਪ ਨਾਲ ਸਾਂਝੀ ਕੀਤੀ ਸੀ।

ਪ੍ਰਧਾਨ ਮੰਤਰੀ ਇਸ ਗੱਲੋਂ ਤਸੱਲੀ ਵਿੱਚ ਸਨ ਕਿ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਮਨਾਏ ਜਾਣ ਦੇ ਐਲਾਨ ਨਾਲ ਦੱਖਣ ਵੀ ਇਸ ਸ਼ਹਾਦਤ ਬਾਰੇ ਡੂੰਘਾਈ ਵਿਚ ਜਾਣੂ ਹੋਇਆ ਹੈ। ਸੂਤਰ ਦੱਸਦੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਸਤੰਬਰ ਮਹੀਨੇ ਵਿਚ ਮੁੜ ਪੰਜਾਬ ਦੌਰੇ ’ਤੇ ਆਉਣਗੇ ਅਤੇ ਉਨ੍ਹਾਂ ਨੇ ਫ਼ਿਰੋਜ਼ਪੁਰ ਅਤੇ ਬਠਿੰਡਾ ਦੀ ਫੇਰੀ ਦੀ ਗੱਲ ਕੀਤੀ ਹੈ। ਪ੍ਰਧਾਨ ਮੰਤਰੀ ਇਸ ਗੱਲ ਤੋਂ ਜਾਣੂ ਹਨ ਕਿ ਪੰਜਾਬ ਅਤੇ ਖ਼ਾਸਕਰ ਸਿੱਖ ਭਾਈਚਾਰੇ ਦੀ ਨਾਰਾਜ਼ਗੀ ਹਾਲੇ ਦੂਰ ਨਹੀਂ ਹੋਈ ਹੈ।

ਪੇਂਡੂ ਪੰਜਾਬ ਦੇ ਮਨਾਂ ਵਿੱਚ ਪਈ ਦਰਾਰ ਭਰਨੀ ਭਾਜਪਾ ਲਈ ਸੌਖੀ ਨਹੀਂ ਹੈ। ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਸੰਘਰਸ਼ ਵਿਚ ਵੱਧ ਸ਼ਹਾਦਤਾਂ ਪੰਜਾਬ ਦੇ ਕਿਸਾਨਾਂ ਤੇ ਕਿਸਾਨਾਂ ਤੇ ਮਜ਼ਦੂਰਾਂ ਨੇ ਦਿੱਤੀਆਂ ਹਨ। ਸਭ ਕੋਸ਼ਿਸ਼ਾਂ ਦੇ ਬਾਵਜੂਦ ਭਾਜਪਾ ਦੀ ਇਹ ਸਮਝ ਪੱਕੀ ਹੋਈ ਹੈ ਕਿ ਪੰਜਾਬ ਨੂੰ ਅਸੈਂਬਲੀ ਚੋਣਾਂ ਵਿੱਚ ਇਕੱਲੇ ਤੌਰ ’ਤੇ ਜਿੱਤਣਾ ਸੌਖਾ ਨਹੀਂ ਹੈ। ਕੇਂਦਰੀ ਵਜ਼ੀਰ ਮੀਨਾਕਸ਼ੀ ਲੇਖੀ ਨੇ ਗੁਰਦਾਸਪੁਰ ਹਲਕੇ ਦਾ ਦੌਰਾ ਸ਼ੁਰੂ ਕੀਤਾ ਹੈ ਜਦਕਿ ਪੰਜਾਬ ਭਾਜਪਾ ਦੇ ਇੰਚਾਰਜ ਅਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ 30 ਅਤੇ 31 ਅਗਸਤ ਨੂੰ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦਾ ਦੌਰਾ ਕਰਨਗੇ।

ਭਾਜਪਾ ਦਲਿਤ ਭਾਈਚਾਰੇ ਨਾਲ ਵੀ ਮੋਹ ਦਿਖਾਉਣ ਲੱਗੀ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸੰਗਰੂਰ ਲੋਕ ਹਲਕੇ ਦੇ ਦੌਰੇ ਦੌਰਾਨ ਧੂਰੀ ਲਾਗਲੇ ਫ਼ਤਿਹਗੜ੍ਹ ਪਿੰਡ ਦੇ ਪਰਗਟ ਸਿੰਘ ਦੇ ਦਲਿਤ ਪਰਿਵਾਰ ਦੇ ਘਰ ਦੁਪਹਿਰ ਦਾ ਭੋਜਨ ਕੀਤਾ ਅਤੇ ਇਸੇ ਤਰ੍ਹਾਂ ਕੇਂਦਰੀ ਹਰਦੀਪ ਪੁਰੀ ਨੇ ਬਠਿੰਡਾ ਲੋਕ ਸਭਾ ਹਲਕੇ ਦੇ ਦੌਰੇ ਦੌਰਾਨ ਦਲਿਤ ਬਸਤੀ ਵਿਚ ਭੋਜਨ ਕੀਤਾ ਸੀ। ਕੇਂਦਰੀ ਲੀਡਰਸ਼ਿਪ ਵੱਲੋਂ ਮੰਤਰੀਆਂ ਨੂੰ ਹਦਾਇਤ ਹੈ ਕਿ ਹਰ ਮਹੀਨੇ ਲੋਕ ਸਭਾ ਹਲਕੇ ਵਿੱਚ ਦੋ ਦਿਨ ਗੁਜ਼ਾਰਨ। ਇੱਕ ਦਿਨ ਦਲਿਤ ਪਰਿਵਾਰ ਨਾਲ ਭੋਜਨ ਕਰਨ ਦੀ ਹਦਾਇਤ ਹੈ।

ਸਭ ਕੇਂਦਰੀ ਵਜ਼ੀਰਾਂ ਨੂੰ ਇਹ ਵੀ ਹਦਾਇਤ ਹੈ ਕਿ ਉਹ ਹਰ ਮਹੀਨੇ ਦੌਰੇ ਦੌਰਾਨ ਗੁਰੂ ਘਰਾਂ ਵਿੱਚ ਦਰਸ਼ਨਾਂ ਲਈ ਜ਼ਰੂਰ ਜਾਣ। ਕੇਂਦਰੀ ਵਜ਼ੀਰ ਹਰਦੀਪ ਸਿੰਘ ਪੁਰੀ ਬਠਿੰਡਾ ਦੇ ਕਿਲ੍ਹਾ ਮੁਬਾਰਕ ਗੁਰੂ ਘਰ ਵਿੱਚ ਦਰਸ਼ਨਾਂ ਲਈ ਗਏ ਸਨ ਜਦੋਂ ਕਿ ਮਨਸੁਖ ਮਾਂਡਵੀਆ ਗੁਰਦੁਆਰਾ ਮਸਤੂਆਣਾ ਸਾਹਿਬ ਗਏ ਸਨ। ਸਟੇਜਾਂ ’ਤੇ ਸਿੱਖ ਚਿਹਰਿਆਂ ਨੂੰ ਅੱਗੇ ਰੱਖਣ ਦੀ ਵੀ ਹਦਾਇਤ ਹੈ। ਸੂਤਰ ਦੱਸਦੇ ਹਨ ਕਿ ਕੇਂਦਰੀ ਲੀਡਰਸ਼ਿਪ ਕੋਲ ਇਹ ਜ਼ਮੀਨੀ ਰਿਪੋਰਟ ਪੁੱਜੀ ਹੈ ਕਿ ਬੇਸ਼ੱਕ ਭਾਜਪਾ ਦੀ ਮੈਂਬਰਸ਼ਿਪ ਅਤੇ ਯੂਨਿਟ ਤਾਂ ਵਧੇ ਹਨ ਪਰ ਲੋਕਾਂ ਦੇ ਮਨਾਂ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ। ਸੂਤਰ ਆਖਦੇ ਹਨ ਕਿ ਕਿਸਾਨ ਭਾਈਚਾਰੇ ਦੀ ਨਾਰਾਜ਼ਗੀ ਦੂਰ ਕਰਨ ਵਾਸਤੇ ਕੇਂਦਰ ਸਰਕਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੋਈ ਪੈਕੇਜ ਐਲਾਨੇਗੀ, ਇਸ ਦੀ ਵੀ ਚਰਚਾ ਹੈ।   

ਤਾਂਤਰਿਕਾਂ/ਜੋਤਸ਼ੀਆਂ ਦੇ ਰਿਕਾਰਡ ਫਰੋਲਣ 'ਵਿਚ ਜੁਟੀ  ਪੁਲੀਸ

ਬੀਤੇ  ਦਿਨੀਂ ਲਾਲਬਾਈ ਨੇੜਿਓਂਂ ਰਜਵਾਹੇ ਵਿਚੋਂ ਮਿਲੀ 3-4 ਸਾਲਾ ਬੱਚੇ ਦੀ ਗਲਾ ਕੱਟੀ ਲਾਸ਼ ਦੀ ਤਹਿ ਤੱਕ ਪੁੱਜਣ ਲਈ ਪੁਲਿਸ ਤੰਤਰ ਸਰਗਰਮੀ ਨਾਲ ਜੁਟਿਆ ਹੋਇਆ ਹੈ ।ਲੰਬੀ ਪੁਲਿਸ ਨੇ ਮਿ੍ਤਕ ਬੱਚੇ ਦੇ ਮਾਪਿਆਂ ਜਾਂ ਮੁਲਜ਼ਮਾਂ ਦਾ ਸੁਰਾਗ ਲਗਾਉਣ ਲਈ ਸੋਸ਼ਲ ਮੀਡੀਆ ਜਰੀਏ ਇਸ਼ਤਿਹਾਰ ਸਾਂਝੇ ਕੀਤੇ ਹਨ, ਜਦਕਿ ਬਿਜਲਈ ਮੀਡੀਆ ਦਾ ਸਹਾਰਾ ਵੀ ਲਿਆ ਜਾ ਰਿਹਾ ਹੈ | ਪਹਿਲੀ ਨਜ਼ਰ ਵਿਚ ਇਹ ਵਹਿਮਾਂ-ਭਰਮਾਂ ਅਤੇ ਜਾਦੂ-ਟੂਣੇ ਤਹਿਤ ਬੱਚੇ ਦੀ ਬਲੀ ਦਾ ਮਾਮਲਾ ਜਾਪਦਾ ਹੈ । ਇਸ ਦੀ ਗਵਾਹੀ ਮਿ੍ਤਕ ਬੱਚੇ ਦੇ ਕੀਤੇ ਹੋਏ ਮੁੰਡਨ, ਲਾਸ਼ ਕੋਲੋਂ ਮਿਲੇ ਇਕ ਨਿੰਬੂ, ਚਾਕੂ ਅਤੇ ਇਕ ਛੋਟੀ ਬੱਚੀ ਦੀ ਪੀਲੀ ਟੀ-ਸ਼ਰਟ ਤੋਂ ਮਿਲਦੀ ਹੈ । ਪੁਲਿਸ ਮਾਮਲੇ ਦੀਆਂ ਕੜੀਆਂ ਜੋੜਨ ਲਈ ਜੋਤਸ਼ੀਆਂ ਤੱਕ ਵੀ ਪਹੁੰਚ ਕਰ ਰਹੀ ਹੈ ।ਪੁਲਿਸ ਸੂਤਰਾਂ ਅਨੁਸਾਰ ਬੱਚਾ ਕਿਸੇ ਗਰੀਬ ਜਾਂ ਪਰਵਾਸੀ ਪਰਿਵਾਰ ਨਾਲ ਸੰਬੰਧਿਤ ਜਾਪਦਾ ਹੈ । ਬੱਚੇ ਦੀ ਲਾਸ਼ ਨੀਲੇ ਰੰਗ ਦੇ ਬੈਗ ਵਿਚ ਬੰਦ ਕਰਕੇ ਸੁੱਟੀ ਗਈ ।ਥਾਣਾ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਤਾਂਤਰਿਕਾਂ ਅਤੇ ਜਾਦੂ-ਟੂਣਾ ਕਰਨ ਵਾਲਿਆਂ ਦਾ ਰਿਕਾਰਡ ਵੀ ਫਰੋਲਿਆ ਜਾ ਰਿਹਾ ਹੈ । ਵੱਖ-ਵੱਖ ਥਾਣਿਆਂ ਨੂੰ ਬੱਚੇ ਦੀ ਲਾਸ਼ ਦੀਆਂ ਫ਼ੋਟੋਆਂ ਭੇਜੀਆਂ ਗਈਆਂ ਹਨ ।

ਵਿਸ਼ਵ ਗੁਰੂ ਤੇ ਮਹਾਂਸ਼ਕਤੀ ਬਣਨ ਦੇ ਆਪਣੇ ਹੀ ਭਰਮਜਾਲ ਵਿਚ ਫਸੇੇ ਮੋਦੀਕੇ

ਮੋਦੀ ਭਗਤ ਸ਼ੇਖਰ ਗੁਪਤਾ ਦੀ ਇੰਟਰਨੈਟ ਅਖਬਾਰ ‘ਦਾ ਪਰਿੰਟ’ ਵਿਚ ਉਨਤੀ ਸ਼ਰਮਾ ਦੀ ਛਪੀ ਇਕ ਲਿਖਤ (5 ਅਗਸਤ) ਵਿਚ ਰਾਹੁਲ ਗਾਂਧੀ ਦਾ ਇਸ ਲਈ ਮਜਾਕ ਉਡਾਇਆ ਗਿਆ ਹੈ, ਕਿਉਂਕਿ ਉਸ ਨੇ ਪਰਵੀਨ ਸਾਹਨੀ ਦੀ ਕਿਤਾਬ The Last War ਨੂੰ ‘ਮਹਤਵਪੂਰਨ ਅਤੇ ਸਮੇਂ ਦੇ ਮੁਤਾਬਿਕ’ ਦਸਿਆ ਹੈ। ਇਸ ਕਿਤਾਬ ਵਿਚ ਸਾਹਨੀ ਨੇ ਭਵਿਖਬਾਣੀ ਕੀਤੀ ਹੈ ਕਿ ਆਪਣੀ ਫੌਜੀ ਤਿਆਰੀ ਦੀ ਘਾਟ ਕਾਰਨ ਭਾਰਤ ਨੇੜ ਭਵਿਖ ਵਿਚ ਚੀਨ ਨਾਲ ਲਗਣ ਵਾਲੀ ਜੰਗ 10 ਦਿਨ ਵਿਚ ਹਾਰ ਸਕਦਾ ਹੈ। ਚੀਨ ਲਦਾਖ ਅਤੇ ਅਰੁਣਾਚਲ ਪਰਦੇਸ਼ ਉਤੇ ਕਬਜਾ ਕਰ ਸਕਦਾ ਹੈ, ਜਿਸ ਨੂੰ ਭਾਰਤ ਹੁਣ ਤਕ ਆਪਣਾ ਇਲਾਕਾ ਕਹਿੰਦਾ ਆਇਆ ਹੈ। ਸਾਹਨੀ ਨੇ ਆਪਣੀ ਕਿਤਾਬ ਵਿਚ ਠੋਸ ਤਥਾਂ ਦੇ ਆਧਾਰ ਉਤੇ ਇਹ ਦਾਅਵਾ ਵੀ ਕੀਤਾ ਹੈ ਕਿ ਚੀਨ ਜਿਵੇਂ ਅਨੇਕ ਪਧਰਾਂ ਉਤੇ ਫੌਜੀ ਹਮਲੇ ਦੀ ਤਿਆਰੀ ਕਰ ਰਿਹਾ ਹੈ, ਭਾਰਤੀ ਫੌਜ ਤਿਆਰੀ ਪਖੋਂ ਉਸ ਦੇ ਨੇੜੇ ਤੇੜੇ ਵੀ ਨਹੀਂ। ਫਿਰ ਜਿਵੇਂ ਮੋਦੀਕਿਆਂ ਨੇ ਫੌਜ ਦਾ ਭਗਵਾਂਕਰਨ ਕੀਤਾ ਹੈ, ਇਸ ਨੇ ਫੌਜ ਦੀ ਜੰਗੀ ਸਮਰਥਾ ਨੂੰ ਹੋਰ ਵੀ ਘਟਾ ਦਿਤਾ ਹੈ। ਮਾਲੀ ਸਾਧਨਾਂ ਦੀ ਘਾਟ ਕਾਰਨ ਅਗਨਵੀਰ ਦੇ ਬਹਾਨੇ ਫੌਜ ਦੀ ਕੀਤੀ ਜਾ ਰਹੀ ਕਾਂਟ ਛਾਂਟ ਵੀ ਇਸ ਦੀ ਲੜਾਕੂ ਸ਼ਕਤੀ ਨੂੰ ਪ੍ਰਭਾਵਿਤ ਕਰ ਰਹੀ ਹੈ। 

ਮੋਦੀ ਭਗਤਾਂ ਦੇ ਮਨ ਵਿਚ ਰਾਹੁਲ ਗਾਂਧੀ ਦੀ ਦੇਸ ਭਗਤੀ ਪ੍ਰਤੀ ਸ਼ਕ ਪੈਦਾ ਕਰਨ ਲਈ ਲੇਖਕ ਨੇ ਕਿਤਾਬ ਦੇ ਟਾਈਟਲ ਉਤੇ ਲਿਖੇ ਰਾਹੁਲ ਗਾਂਧੀ ਦੇ ਇਸ ਕਥਨ ਨੂੰ ਬਹੁਤ ਸਨਸਨੀਖੇਜ ਬਣਾ ਕੇ ਪੇਸ਼ ਕੀਤਾ ਹੈ ਕਿ ‘‘ਤੁਸੀਂ ਕਿਤਾਬ ਨਾਲ ਸਹਿਮਤ ਹੋਵੋ ਜਾਂ ਨਾ ਹੋਵੋ ਪਰ ਉਥਲਾਂ-ਪੁਥਲਾਂ ਨਾਲ ਭਰੇ ਇਸ ਦੌਰ ਵਿਚ ਪਰਵੀਨ ਸਾਹਨੀ ਦਾ ਇਹ ਭਰਵਾਂ ਅਤੇ ਝੰਜੋੜ ਕੇ ਰਖ ਦੇਣ ਵਾਲੀ ਪੜਚੋਲ ਬੜੀ ਮੌਕੇ ਮੁਤਾਬਿਕ ਅਤੇ ਪੜ੍ਹਨ ਵਾਲੀ ਹੈ।’’ 

ਬੇਸ਼ਕ ਕਿਤਾਬ ਵਿਚ ਪੇਸ਼ ਕੀਤੇ ਗਏ ਤਥਾਂ ਨੂੰ ਲੈ ਕੇ ਲੇਖਕ ਕਿਤੇ ਵੀ ਉਨ੍ਹਾਂ ਦਾ ਖੰਡਨ ਕਰਨ ਵਿਚ ਸਫਲ ਨਹੀਂ ਹੋ ਸਕੀ, ਬਲਕਿ ਉਸ ਨੇ ਸਾਹਨੀ ਦੀਆਂ ਧਾਰਨਾਵਾਂ ਦੀ ਪੁਸ਼ਟੀ ਜਰੂਰ ਕੀਤੀ ਹੈ। ਸਾਹਨੀ ਦੀ ਕਿਤਾਬ ਦੇ ਹਵਾਲੇ ਨਾਲ ਲਿਖਤ ਵਿਚ ਦਸਿਆ ਗਿਆ ਹੈ ਕਿ 1991 ਵਿਚ ਹੋਈ ਖਾੜੀ ਜੰਗ ਵਾਂਗ ਚੀਨ ਦਾ ਭਾਰਤ ਉਤੇ ਹੋਣ ਵਾਲਾ ਇਹ ਹਮਲਾ ਦੁਨੀਆਂ ਭਰ ਨੂੰ ਹੈਰਾਨ ਕਰ ਦੇਵੇਗਾ। ਕਿਉਂਕਿ ਪਹਿਲੀ ਵਾਰ ਇਸ ਜੰਗ ਵਿਚ ਨਵੀਂਆਂ ਤਕਨੀਕਾਂ, ਨਕਲੀ ਬੌਧਿਕਤਾ, ਰੋਬੋਟ ਆਧਾਰਿਤ ਬਹੁਪਖੀ ਉਪਰੇਸ਼ਨਾਂ ਤੇ ਬੌਧਿਕ ਤੌਰ ਉਤੇ ਵਿਕਸਿਤ ਕੀਤੇ ਗਏ ਨਵੇਂ ਜੰਗੀ ਸੰਕਲਪਾਂ ਦੀ ਵਰਤੋਂ ਕੀਤੀ ਜਾਵੇਗੀ। ਚੀਨ ਇਸ ਜੰਗ ਲਈ ਡੋਕਲਾਮ ਸੰਕਟ (2017) ਤੋਂ ਤਿਆਰੀ ਕਰ ਰਿਹਾ ਹੈ। ਸਾਹਨੀ ਦੀ ਕਿਤਾਬ ਵਿਚ ਦਿਤੀ ਜਾਣਕਾਰੀ ਅਨੁਸਾਰ ਚੀਨ ਜੰਗ ਦੇ ਪਹਿਲੇ ਦਿਨ ਹੀ ਸਾਈਬਰ ਸਪੇਸ ਦੀ ਲੜਾਈ ਵਿਚ ਭਾਰਤ ਦਾ ਸਾਰਾ ਸਰਕਾਰੀ ਤਾਣਾਬਾਣਾ ਜਾਮ ਕਰ ਦੇਵੇਗਾ, ਜਿਸ ਦੀ ਉਸਨੇ ਪੂਰੀ ਤਿਆਰੀ ਕੀਤੀ ਹੋਈ ਹੈ। ਚੀਨ ਇਹ ਜੰਗ ਰੋਬੋਟਾਂ (ਮਨੁੱਖੀ ਮਸ਼ੀਨਾਂ) ਨਾਲ ਲੜੇਗਾ। ਇਸ ਜੰਗ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਲੜੇਗੀ, ਜਿਸ ਦੀ ਚੀਨ ਨੇ ਮੁਹਾਰਿਤ ਹਾਸਲ ਕਰ ਰਖੀ ਹੈ। 

ਲਿਖਤ ਮੁਤਾਬਿਕ ਸਾਹਨੀ ਨੇ ਚੀਨ ਤੇ ਪਾਕਿਸਤਾਨ ਦੇ ਹੋਏ ਯੁਧਨੀਤਕ ਗਠਜੋੜ ਬਾਰੇ ਵੀ ਰਾਹੁਲ ਗਾਂਧੀ ਨਾਲ ਚਰਚਾ ਕੀਤੀ ਹੈ। ਸਾਹਨੀ ਦੇ ਕਥਨ ਅਨੁਸਾਰ : ‘‘2014 ਤੋਂ ਬਾਅਦ ਸਾਡੀ ਹੁਕਮਰਾਨ ਜਮਾਤ ਨੇ ਭਾਰਤ ਦੇ ਆਲਮੀ ਦਿ੍ਸ਼ਟੀਕੋਣ ਨੂੰ ਮਾਨਸਿਕ ਰੋਗ ਦੀ ਹਦ ਤਕ ਜਾ ਕੇ ਇਕ ਨੁਕਾਤੀ ਪਾਕਿਸਤਾਨ ਤਕ ਸੀਮਤ ਕਰ ਲਿਆ ਹੈ। ਸਾਡੀ ਲੀਡਰਸ਼ਿਪ ਦੇ ਪਾਕਿਸਤਾਨ ਪ੍ਰਤੀ ਬਣੇ ਮਨੋਰੋਗੀ ਦਿ੍ਸ਼ਟੀਕੋਣ ਨੇ ਉਨ੍ਹਾਂ ਦੀ ਸੋਚ ਅਤੇ ਯੁਧਨੀਤਕ ਫੈਸਲੇ ਲੈਣ ਦੀ ਸਮਰਥਾਂ ਨੂੰ ਲਕਵਾ ਮਾਰ ਦਿਤਾ ਹੈ। ਸਿਟੇ ਵਜੋਂ ਮੋਦੀ ਸਰਕਾਰ ਇਹ ਸਮਝਣ ਵਿਚ ਅਸਫਲ ਰਹੀ ਹੈ ਕਿ ਚੀਨ ਤੇ ਪਾਕਿਸਤਾਨ ਵਿਚਲੀ ਲਕੀਰ ਮਿਟ ਗਈ ਹੈ ਅਤੇ ਹੁਣ ਉਹ ਦੋਵੇਂ ਰਲ ਕੇ ਭਾਰਤ ਦੇ ਇਕ ਨਵੇਂ ਸਾਂਝੇ ਦੁਸ਼ਮਣ ਵਜੋਂ ਪ੍ਰਗਟ ਹੋਏ ਹਨ।’’

ਦਰਅਸਲ ਮੋਦੀਕਿਆਂ ਨੇ ਜਿਵੇਂ ਪਾਕਿਸਤਾਨ ਤੇ ਮੁਸਲਿਮ ਵਿਰੋਧ ਨੂੰ ਆਪਣੀ ਫਾਸ਼ੀਵਾਦੀ ਭਗਵੀਂ ਰਾਜਨੀਤੀ ਲਈ ਵਰਤਿਆਂ ਹੈ, ਇਸ ਨੂੰ ਵੇਖ ਕੇ ਸਿਆਣੇ ਲੋਕ ਪਹਿਲਾਂ ਹੀ ਇਸ ਕਿਸਮ ਦੀਆਂ ਪੇਸ਼ੀਨਗੋਈਆਂ ਕਰ ਰਹੇ ਸਨ ਕਿ ਇਹ ਰਾਜਨੀਤੀ ਦੇਸ ਦਾ ਬੇੜਾ ਗਰਕ ਕਰੇਗੀ। ਪਰ ਮੋਦੀਕਿਆਂ ਨੇ ਆਪਣੀ ਰਾਜ ਕਰਨ ਦੀ ਹਵਸ ਕਾਰਨ ਦੇਸ ਅਤੇ ਲੋਕਾਂ ਦੇ ਭਵਿਖ ਨੂੰ ਆਪਣੇ ਰਾਜਨੀਤੀ ਦੇ ਦਾਅ ਉਤੇ ਲਾਅ ਦਿਤਾ। ਐਂਵੇ ਸੁਣੀਆ-ਸੁਣਾਈਆਂ ਧਾਰਨਾਵਾਂ ਦੇ ਆਧਾਰ ਉਤੇ ਉਹ ਮਹਾਂਸ਼ਕਤੀ ਤੇ ਵਿਸ਼ਵ ਗੁਰੂ ਬਣਨ ਦੇ ਸੁਪਨੇ ਲੈਣ ਲਗ ਪਏ। ਬਿਨਾਂ ਕੁਝ ਸੋਚਿਓ ਸਮਝਿਓ ਉਹਨਾਂ ਨੇ 140 ਕਰੋੜ ਲੋਕਾਂ ਦੀ ਹੋਣੀ ਨਾਲ ਖਿਲਵਾੜ ਕਰਦਿਆ ਧੜਾਧੜ ਹਥਿਆਰ ਖਰੀਦਣ ਦੇ ਅਨੇਕ ਸੌਦੇ ਕਰ ਲਏ। ਹੁਣ ਜਦੋਂ ਉਨ੍ਹਾਂ ਨੂੰ ਦਰਪੇਸ਼ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਉਹ ਕਰੋੜਾਂ ਲੋਕਾਂ ਦੀ ਭੁੱਖਮਰੀ ਦੀ ਕੀਮਤ ਉਤੇ ਵੀ ਆਪਣੀਆਂ ਲੋਕ ਦੋਖੀ ਨੀਤੀਆਂ ਬਦਲਣ ਨੂੰ ਤਿਆਰ ਨਹੀਂ। 

‘ਦ ਪਿ੍ਰੰਟ’ ਵਿਚ ਹੀ ਸ਼ੁਭਮ ਬਤਰਾ ਦੀ ਛਪੀ ਇਕ ਲਿਖਤ ਵਿਚ ਵਪਾਰ ਸਕਤਰ ਬੀ.ਵੀ.ਆਰ. ਸੁਭਰਾਮਨੀਅਮ ਦੇ ਹਵਾਲੇ ਨਾਲ ਦਸਿਆ ਗਿਆ ਹੈ ਕਿ ਜੁਲਾਈ ਵਿਚ ਭਾਰਤ ਦਾ ਵਪਾਰ ਘਾਟਾ 31.02 ਅਰਬ ਡਾਲਰ ਹੋ ਗਿਆ ਹੈ। 2022-23 ਦੇ ਮਾਲੀ ਸਾਲ ਵਿਚ ਪਹਿਲਾਂ ਮਾਲੀ ਘਾਟਾ ਵਧਿਆ, ਫਿਰ ਰੁਪਏ ਦੀ ਕੀਮਤ ਘਟੀ ਤੇ ਹੁਣ ਵਪਾਰ ਘਾਟਾ ਵਧ ਕੇ 31.02 ਅਰਬ ਡਾਲਰ ਹੋ ਗਿਆ ਹੈ, ਜਿਹੜਾ ਕਿ ਜੂਨ ਮਹੀਨੇ ਵਿਚ 26.18 ਅਰਬ ਡਾਲਰ ਸੀ। ਪਿਛਲੇ ਸਾਲ ਇਸੇ ਮਹੀਨੇ ਇਹ ਘਾਟਾ 10 ਅਰਬ ਡਾਲਰ ਸੀ। ਸਾਲ ਦੇ ਪਹਿਲੇ ਚਾਰ ਮਹੀਨਿਆਂ ਵਿਚ ਹੀ ਇਹ ਘਾਟਾ 100 ਅਰਬ ਡਾਲਰ ਹੋ ਗਿਆ ਹੈ, ਜਿਹੜਾ ਕਿ ਪਿਛਲੇ ਸਾਲ ਦੇ ਚਾਰ ਮਹੀਨਿਆਂ ਵਿਚ 42 ਅਰਬ ਡਾਲਰ ਸੀ। ਜਿਨਸਾਂ ਦੀਆਂ ਵਧੀਆ ਕੀਮਤਾ ਤੇ ਰੁਪਏ ਦੀ ਘਟੀ ਕੀਮਤ ਇਸ ਵਪਾਰ ਘਾਟੇ ਨੂੰ ਹੋਰ ਵੀ ਵਧਾ ਰਹੀ ਹੈ। ਆਲਮੀ ਮੰਡੀ ਵਿਚ ਮੰਦਵਾੜਾ ਛਾਇਆ ਹੋਣ ਕਰਕੇ ਬਰਾਮਦਾ ਘਟ ਰਹੀਆਂ ਹਨ, ਜਦੋਂ ਕਿ ਦਰਾਮਦਾਂ ਉਸੇ ਹੀ ਦਰ ਨਾਲ ਜਾਰੀ ਹਨ।

ਸਾਹਮਣੇ ਵਾਪਰ ਰਹੀ ਹਕੀਕਤ ਤੋਂ ਮੂੰਹ ਮੋੜ ਕੇ ਮੋਦੀਕੇ ਅਜੇ ਤਕ ਇਹ ਮੰਨਣ ਨੂੰ ਤਿਆਰ ਨਹੀਂ ਕਿ ਅਮਰੀਕਾ ਦੀ ਅਗਵਾਈ ਹੇਠਲਾ ਪਛਮੀ ਸਾਮਰਾਜ ਨਿਘਾਰ ਦੀ ਅਵਸਥਾ ਵਿਚ ਹੈ ਅਤੇ ਹੁਣ ਉਸ ਦੀ ਚੜ੍ਹਤ ਦੇ ਦਿਨ ਮੁਕ ਗਏ ਹਨ। ਪਰ ਮੋਦੀਕੇ ਅਜੇ ਵੀ ਆਪਣਾ ਮਹਾਂਸ਼ਕਤੀ ਦਾ ਭਰਮ ਬਣਾਈ ਰਖਣ ਲਈ ਚੀਨ ਨੂੰ ਚਿੜਾਉਣ ਵਾਸਤੇ ਅਮਰੀਕਾ ਨਾਲ ਫੌਜੀ ਮਸ਼ਕਾਂ ਦੇ ਪ੍ਰੋਗਰਾਮ ਬਣਾਈ ਆਉਂਦੇ ਹਨ। ਉਨ੍ਹਾਂ ਦੀਆਂ ਅਖਾਂ ਦੇ ਐਨ ਸਾਹਮਣੇ ਰੂਸ ਤੇ ਚੀਨ ਅੰਦਰ ਸਰਕਾਰੀ ਤੇ ਪੂੰਜੀਵਾਦੀ ਅਦਾਰਿਆਂ ਦਾ ‘ਸਟੇਟ ਬਿਓਰੋਕਰੇਟਿਕ ਕੈਪੀਟਲਿਜਮ’ ਦੇ ਰੂਪ ਵਿਚ ਹੋਇਆ ਗਠਜੋੜ ਨਿਜੀ ਪੂੰਜੀਵਾਦ ਆਧਾਰਿਤ ਪਛਮੀ ਸਾਮਰਾਜ ਨੂੰ ਪਛਾੜ ਰਿਹਾ ਹੈ। ਇਸ ਦੇ ਬਾਵਜੂਦ ਮੋਦੀਕੇ ਸਰਕਾਰੀ ਪੂੰਜੀ ਨੂੰ ਅਡਾਨੀ-ਅੰਬਾਨੀ ਵਰਗੇ ਨਿਜੀ ਹਥਾਂ ਵਿਚ ਸੌਂਪ ਕੇ ਆਪਣੀ ਸਫਲਤਾ ਦਾ ਭਰਮ ਪਾਲ ਰਹੇ ਹਨ। 

ਪ੍ਰਧਾਨ ਮੰਤਰੀ ਦੇ ਜਿੰਮੇਵਾਰ ਅਹੁਦੇ ਉਤੇ ਬੈਠਾ ਨਰੇਂਦਰ ਮੋਦੀ ਦੇਸ ਦੇ ਜੰਗੀ ਮੁਹਾਜ ਨੂੰ ਪ੍ਰਭਾਵਿਤ ਕਰਨ ਲਈ ਫੌਜੀ ਜਰਨੈਲਾਂ ਦੀ ਇਕ ਅਹਿਮ ਮੀਟਿੰਗ ਵਿਚ ਅਧਪੜ੍ਹਾਂ ਵਾਂਗ ਸ਼ੁਰਲੀਆਂ ਛਡ ਰਿਹਾ ਹੈ ਕਿ, ‘‘ਜੰਗ ਵੇਲੇ ਸਾਡੇ ਦੇਸ ਦੇ ਜਵਾਨਾਂ ਕੋਲ ਅਜਿਹੇ ਹਥਿਆਰ ਹੋਣਗੇ, ਜਿਨ੍ਹਾਂ ਬਾਰੇ ਦੁਸ਼ਮਣ ਕਦੇ ਸੋਚ ਵੀ ਨਹੀਂ ਸਕਦਾ ਤੇ ਇਸ ਤੋਂ ਪਹਿਲਾਂ ਕਿ ਉਹ ਹਥਿਆਰਾਂ ਬਾਰੇ ਸੋਚੇ, ਉਹ ਖਤਮ ਹੋ ਜਾਏਗਾ।’’ 

ਲਦਾਖ ਵਿਚੋਂ ਚੀਨੀ ਫੌਜ ਦੀ ਵਾਪਸੀ ਨੂੰ ਲੈ ਕੇ ਪਿਛਲੇ ਹਫਤੇ ਚੀਨ ਤੇ ਭਾਰਤ ਦੇ ਫੌਜੀ ਵਫਦਾਂ ਦੀ ਹੋਈ ਇਕ ਮੀਟਿੰਗ ਤੋਂ ਬਾਅਦ ਜਾਰੀ ਹੋਏ ਸਾਂਝੇ ਪ੍ਰੈਸ ਬਿਆਨ ਬਾਰੇ ਟਿਪਣੀ ਕਰਦਿਆਂ ਫੌਜੀ ਮਸਲਿਆਂ ਦੇ ਮਾਹਿਰ ਸੁਸ਼ਾਂਤ ਸਿੰਘ ਦਾ ਕਥਨ ਹੈ, ‘‘ਬਹੁਤ ਸਾਰੇ ਸ਼ਬਦਾਂ ਦੀ ਵਰਤੋਂ ਨਾਲ ਕਿਹਾ ਗਿਆ ਹੈ ਕਿ ਲਦਾਖ ਗਲਬਾਤ ਇਕ ਵਾਰ ਫਿਰ ਅਸਫਲ ਹੋ ਗਈ ਹੈ ਅਤੇ ਚੀਨ ਨਵੀਂ ਯਥਾ ਸਥਿਤੀ ਨੂੰ ਬਣਾਈ ਰਖਣ ਲਈ ਆਪਣੇ ਹਥ ਮਜਬੂਤ ਕਰ ਰਿਹਾ ਹੈ।’’ 

ਇਕ ਸਾਬਕਾ ਲੈਫਟੀਨੈਂਟ ਜਨਰਲ ਦਾ ਕਹਿਣਾ ਹੈ ਕਿ ਜਦੋਂ ਇਕ ਵਾਰ ਪ੍ਰਧਾਨ ਮੰਤਰੀ ਸਰਬ ਪਾਰਟੀ ਮੀਟਿੰਗ ਵਿਚ ਕਹਿ ਚੁਕਾ ਹੈ ਕਿ ਚੀਨ ਦੀ ਸਾਡੇ ਦੇਸ ਵਿਚ ਕੋਈ ਘੁਸਪੈਠ ਹੀ ਨਹੀਂ ਹੋਈ ਤਾਂ ਫਿਰ ਪਿਛਲੇ ਦੋ ਸਾਲਾਂ ਤੋਂ ਦੋਹਾਂ ਦੇਸਾਂ ਦੇ ਫੌਜੀ ਵਫਦਾਂ ਵਿਚਕਾਰ ਇਹ 208 ਘੰਟੇ ਲੰਬੀ ਗਲਬਾਤ ਕਿਉਂ ਚਲੀ? ਮੋਦੀ ਦੇ ਦੇਸ ਦੇ ਲੋਕਾਂ ਨਾਲ ਬੋਲੇ ਇਕ ਝੂਠ ਨੇ ਚੀਨ ਨੂੰ ਨਵੀਂ ਯਥਾ ਸਥਿਤੀ ਬਣਾਈ ਰਖਣ ਲਈ ਆਧਾਰ ਮੁਹਈਆ ਕਰ ਦਿਤਾ ਹੈ, ਜਿਸ ਕਰ ਕੇ ਉਹ ਬਿਨਾਂ ਲੜਿਓਂ ਦੇਸ ਦੀ ਇਕ ਹਜ਼ਾਰ ਵਰਗ ਮੀਲ ਜਮੀਨ ਉਤੇ ਕਾਬਜ ਹੋ ਗਿਆ ਹੈ।

ਪ੍ਰਵੀਨ ਸਾਹਨੀ ਨੇ ਇਹ ਕਿਤਾਬ ਕਿਸੇ ਮੰਦ ਭਾਵਨਾ ਨਾਲ ਨਹੀਂ ਲਿਖੀ ਬਲਕਿ ਉਹ ਚਾਹੁੰਦਾ ਹੈ ਕਿ ਇਸ ਵੇਲੇ ਚੀਨ ਦੀ ਫੌਜੀ ਤਿਆਰੀ ਨੂੰ ਧਿਆਨ ਵਿਚ ਰਖ ਕੇ ਚੀਨ ਤੇ ਪਾਕਿਸਤਾਨ ਨਾਲ ਸੁਲਾਹ ਕਰ ਲਈ ਜਾਵੇ ਅਤੇ ਤਿੰਨੇ ਦੇਸ ਰਲ ਕੇ ਇਸ ਖਿਤੇ ਵਿਚ ਅਮਨ ਬਹਾਲੀ ਲਈ ਮਾਹੌਲ ਤਿਆਰ ਕਰਨ। ਜਿਹੜਾ ਬੇਬਹਾ ਧਨ ਫੌਜਾਂ ਉਤੇ ਫਜੂਲ ਖਰਚਿਆ ਜਾ ਰਿਹਾ ਹੈ, ਉਹ ਦੇਸ ਦੇ ਲੋਕਾਂ ਦੀ ਜਿੰਦਗੀ ਬੇਹਤਰ ਬਨਾਉਣ ਲਈ ਖਰਚਿਆ ਜਾਏ। ਪਰ ਵਿਸ਼ਵ ਗੁਰੂ ਤੇ ਮਹਾਂਸ਼ਕਤੀ ਬਣਨ ਦਾ ਭਰਮ ਪਾਲ ਰਹੇ ਮੋਦੀਕੇੇ ਦੇਸ ਦੇ ਲੋਕਾਂ ਨੂੰ ਖਤਰਨਾਕ ਜੰਗ ਵਲ ਧਕ ਰਹੇ ਹਨ।

ਪ੍ਰਵੀਨ ਸਾਹਨੀ ਨੇ ਆਪਣੀ ਕਿਤਾਬ ‘ਆਖਰੀ ਜੰਗ’ ਦਾ ਅੰਤ ਇਸ ਸੁਝਾਅ ਨਾਲ ਕੀਤਾ ਹੈ, ‘‘ਇਸ ਲਈ ਭਾਰਤ ਕੋਲ ਇਕ ਹੀ ਚੰਗੀ ਯੁਧਨੀਤੀ ਬਚਦੀ ਹੈ ਕਿ ਉਹ ਕਸ਼ਮੀਰ ਮਸਲੇ ਦਾ ਹਲ ਕਰ ਕੇ ਪਾਕਿਸਤਾਨ ਨਾਲ ਅਮਨ ਬਹਾਲ ਕਰੇ, ਰੂਸ ਨਾਲ ਆਪਣੇ ਰਿਸ਼ਤਿਆਂ ਨੂੰ ਮਜਬੂਤ ਕਰੇ ਅਤੇ ਆਪਸੀ ਸਹਿਮਤੀ ਵਾਲੇ ਮਸਲਿਆਂ ਨੂੰ ਲੈ ਕੇ ਚੀਨ ਨਾਲ ਸਾਂਝ ਵਧਾਏ। ਇਸ ਤੋਂ ਬਿਨਾਂ ਅਮਰੀਕਾ ਸਮੇਤ ਸਾਰੇ ਦੇਸਾਂ ਨਾਲ ਚੰਗੇ ਰਿਸ਼ਤੇ ਬਣਾਉਣੇ ਚਾਹੀਦੇ ਹਨ। ਆਪਣੀਆਂ ਭੂਗੋਲਿਕ ਹਾਲਤਾਂ ਤੇ ਸੀਮਤਾਈਆਂ ਨੂੰ ਵੇਖਦਿਆ ਸਿਰਫ ਇਹੋ ਹੀ ਇਕ ਯੁਧਨੀਤੀ ਹੈ, ਜਿਹੜੀ ਭਾਰਤ ਨੂੰ ਪ੍ਰਸੰਗਿਕ ਰਖੇਗੀ।